ਬਲਰਾਜ ਸਹੋਤਾ ਦੀ ਪੁਸਤਕ ‘ ਤੇਰੇ ਇਸ਼ਕ ਦੀ ਮਹਿਕ ’ ਦਾ ਲੋਕ ਅਰਪਣ ਤੇ ਵਿਚਾਰ ਚਰਚਾ
ਚੰਡੀਗੜ੍ਹ, 30 ਸਤੰਬਰ (ਪ੍ਰੋ . ਅਵਤਾਰ ਸਿੰਘ)- ਸਰਕਾਰੀ ਕਾਲਜ ਸੈਕਟਰ 11 ਦੇ ਪੰਜਾਬੀ ਵਿਭਾਗ ਵਲੋਂ ਅੱਜ ਬਲਰਾਜ ਸਹੋਤਾ ਦੀ ਪੁਸਤਕ ‘ਤੇਰੇ ਇਸ਼ਕ ਦੀ ਮਹਿਕ’ ਦਾ ਰਿਲੀਜ਼ ਸਮਾਗਮ ਤੇ ਵਿਚਾਰ ਚਰਚਾ ਕਰਵਾਈ ਗਈ।
ਚੰਡੀਗੜ੍ਹ, 30 ਸਤੰਬਰ (ਪ੍ਰੋ .ਅਵਤਾਰ ਸਿੰਘ)- ਸਰਕਾਰੀ ਕਾਲਜ ਸੈਕਟਰ 11 ਦੇ ਪੰਜਾਬੀ ਵਿਭਾਗ ਵਲੋਂ ਅੱਜ ਬਲਰਾਜ ਸਹੋਤਾ ਦੀ ਪੁਸਤਕ ‘ਤੇਰੇ ਇਸ਼ਕ ਦੀ ਮਹਿਕ’ ਦਾ ਰਿਲੀਜ਼ ਸਮਾਗਮ ਤੇ ਵਿਚਾਰ ਚਰਚਾ ਕਰਵਾਈ ਗਈ। ਬਲਰਾਜ ਸਹੋਤਾ ਜੋ ਇਸੇ ਕਾਲਜ ਦੇ ਬੀ.ਏ. ਭਾਗ ਤੀਜਾ ਦਾ ਵਿਦਿਆਰਥੀ ਹੈ ਦੀ ਇਹ ਪਹਿਲੀ ਪੁਸਤਕ ਹੈ। ਇਸ ਪੁਸਤਕ ਵਿਚ ਉਸ ਨੇ ਪੰਜਾਬੀ ਦੇ 20 ਨਾਮਵਰ ਲੇਖਕਾਂ ਦੀਆਂ ਕਹਾਣੀਆਂ ਨੂੰ ਲੈ ਕੇ ਆਪਣੀ ਨਿੱਜੀ ਕਹਾਣੀ ਵਿਚ ਢਾਲ ਕੇ ਇਕ ਨਵੀਂ ਕਹਾਣੀ ਸੁਰਜੀਤ ਕੀਤੀ ਹੈ, ਜਿਸ ਵਿਚ ਉਸ ਦੀ ਮੁਹੱਬਤ ਦੇ ਜਜ਼ਬਾਤ ਵੀ ਹਨ ਅਤੇ ਸਮਾਜਿਕ ਫਿਕਰਮੰਦੀ ਦੇ ਮਸਲੇ ਵੀ ਹਨ। ਇਨ੍ਹਾਂ 20 ਲੇਖਕਾਂ ਵਿਚ ਖੁਸ਼ਵੰਤ ਸਿੰਘ, ਸਾਅਦਤ ਹਸਨ ਮੰਟੋ ਤੋਂ ਲੈ ਕੇ ਮੋਹਨ ਭੰਡਾਰੀ ਗੁਰਬਚਨ ਸਿੰਘ ਭੁੱਲਰ ,ਦਲੀਪ ਕੌਰ ਟਿਵਾਣਾ, ਪ੍ਰੋ.ਮੋਹਨ ਸਿੰਘ, ਪ੍ਰੇਮ ਪ੍ਰਕਾਸ਼, ਰਾਮ ਸਰੂਪ ਅਣਖੀ, ਕਿਰਪਾਲ ਕਜ਼ਾਕ, ਬਚਿੰਤ ਕੌਰ, ਸੁਖਵੰਤ ਕੌਰ ਮਾਨ, ਵਰਿਆਮ ਸੰਧੂ, ਸੁਖਜੀਤ ਅਤੇ ਜੰਗ ਬਹਾਦਰ ਗੋਇਲ ਆਦਿ ਦੀਆਂ ਲਿਖਤਾਂ ਨੂੰ ਆਧਾਰ ਬਣਾਇਆ ਗਿਆ। ਇਸ ਮੌਕੇ ਵਿਭਾਗ ਦੇ ਮੁਖੀ ਡਾ.ਗੁਰਮੇਲ ਸਿੰਘ ਜਿਨ੍ਹਾਂ ਨੇ ਇਸ ਕਿਤਾਬ ਦੀ ਭੂਮਿਕਾ ਵੀ ਲਿਖੀ ਨੇ ਪੁਸਤਕ ਬਾਰੇ ਸੰਖੇਪ ਜਾਣ ਪਛਾਣ ਕਰਵਾਈ।ਵਿਚਾਰ ਚਰਚਾ ਵਿਚ ਵਿਭਾਗ ਦੇ ਅਧਿਆਪਕਾਂ ਡਾ. ਪਰਮਜੀਤ, ਡਾ. ਜਤਿੰਦਰ ਸਿੰਘ, ਡਾ. ਪ੍ਰਕਾਸ਼ ਨੇ ਆਪਣੇ ਵਿਚਾਰ ਰੱਖੇ। ਕਾਲਜ ਪ੍ਰਿੰਸੀਪਲ ਨੇ ਬਲਰਾਜ ਸਹੋਤਾ ਤੇ ਪੰਜਾਬੀ ਵਿਭਾਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕਾਲਜ ਦੇ ਇਤਿਹਾਸ ਵਿਚ ਇਕ ਵੱਡੀ ਸਾਹਿਤਿਕ ਪ੍ਰਾਪਤੀ ਹੈ। ਇਸ ਮੌਕੇ ਮੰਚ ਸੰਚਾਲਨ ਡਾ.ਜਸਬੀਰ ਕੌਰ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।