30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੱਪਾਂ ਨੂੰ ਕਾਬੂ ਕਰਨ ਲਈ ਬਿਨਾਂ ਕਿਸੇ ਬੰਦੋਬਸਤ ਤੋਂ ਸਕੂਲ ਪੁੱਜੀ ਟੀਮ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ

ਕੁਰਾਲੀ, 29 ਸਤੰਬਰ (ਹਰਪ੍ਰੀਤ ਸਿੰਘ)- ਸਥਾਨਕ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰ. 2 ‘ਚ ਪਿਛਲੇ ਕਈ ਦਿਨਾਂ ਤੋਂ ਬੱਚੇ ਜਿਥੇ ਸੱਪਾਂ ਦੇ ਸਹਿਮ ਹੇਠ ਪੜ੍ਹਨ ਲਈ ਮਜ਼ਬੂਰ ਹਨ, ਉਥੇ ਹੀ ਅੱਜ ਬਿਨਾਂ ਕਿਸੇ ਬੰਦੋਬਸਤ ਤੋਂ ਸੱਪਾਂ ਨੂੰ ਕਾਬੂ ਕਰਨ ਲਈ ਸਕੂਲ ਪੁੱਜੀ ਵਣ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ।

Ad Position 21
No active advertisement
ਕੁਰਾਲੀ ਦੇ ਪ੍ਰਾਇਮਰੀ ਸਕੂਲ ’ਚ ਖੜ੍ਹੇ ਬੋਹੜ ਦੇ ਵਿਸ਼ਾਲ ਦਰੱਖਤ ਨੂੰ ਦਿਖਾ ਕੇ ਸੱਪਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਭਰਤ ਭੂਸ਼ਣ ਵਰਮਾ ਅਤੇ ਹੋਰ ਪਤਵੰਤੇ। ਤਸਵੀਰ : ਹਰਪ੍ਰੀਤ ਸਿੰਘ 30-09-2026
ਕੁਰਾਲੀ, 29 ਸਤੰਬਰ (ਹਰਪ੍ਰੀਤ ਸਿੰਘ)- ਸਥਾਨਕ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰ. 2 ‘ਚ ਪਿਛਲੇ ਕਈ ਦਿਨਾਂ ਤੋਂ ਬੱਚੇ ਜਿਥੇ ਸੱਪਾਂ ਦੇ ਸਹਿਮ ਹੇਠ ਪੜ੍ਹਨ ਲਈ ਮਜ਼ਬੂਰ ਹਨ, ਉਥੇ ਹੀ ਅੱਜ ਬਿਨਾਂ ਕਿਸੇ ਬੰਦੋਬਸਤ ਤੋਂ ਸੱਪਾਂ ਨੂੰ ਕਾਬੂ ਕਰਨ ਲਈ ਸਕੂਲ ਪੁੱਜੀ ਵਣ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸਕੂਲ ‘ਚ ਖੜ੍ਹੇ ਇਕ ਵਿਸ਼ਾਲ ਬੋਹੜ ਦੇ ਪੁਰਾਣੇ ਦਰੱਖਤ ‘ਤੇ ਲੋਕਾਂ ਨੇ ਸੱਪਾਂ ਨੂੰ ਦੇਖਿਆ ਸੀ। ਸਕੂਲ ਦੀ ਮੁੱਖ ਅਧਿਆਪਕਾ ਰੁਬਲੀਨ ਕੌਰ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਵਲੋਂ ਤੁਰੰਤ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਦੇ ਹੋਏ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਕੂਲ ‘ਚ ਖੜ੍ਹੇ ਬੋਹੜ ਦੇ ਦਰੱਖਤ ‘ਤੇ ਸੱਪਾਂ ਦੇ ਹੋਣ ਸੰਬੰਧੀ ਜਾਣੂ ਕਰਵਾਉਂਦਿਆਂ ਸੱਪਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮੌਕੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸਕੂਲ ਦੇ ਵਿਹੜੇ ‘ਚ ਖੜ੍ਹਾ ਇਹ ਬੋਹੜ ਦਾ ਦਰੱਖ਼ਤ 100 ਸਾਲ ਤੋਂ ਵੀ ਵੱਧ ਪੁਰਾਣਾ ਹੈ। ਇਸੇ ਦੌਰਾਨ ਵਾ. ਨੰ. 2 ਦੇ ਕੌਂਸਲਰ ਭਾਰਤ ਭੂਸ਼ਣ ਅਤੇ ਹੋਰਨਾਂ ਪਤਵੰਤਿਆਂ ਨੇ ਦੱਸਿਆ ਕਿ ਬੋਹੜ ਦਾ ਦਰੱਖਤ ਭਾਵੇਂ ਦੇਖਣ ਨੂੰ ਹਰਿਆ-ਭਰਿਆ ਦਿਖਾਈ ਦੇ ਰਿਹਾ ਹੈ, ਪਰ ਇਹ ਅੰਦਰੋਂ ਖੋਖਲਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਸਕੂਲ ਨੇੜਲੇ ਦੁਕਾਨਦਾਰਾਂ ਵਲੋਂ ਦੋ ਤਿੰਨ ਸੱਪ ਦੇਖੇ ਗਏ ਹਨ, ਪਰ ਇਨ੍ਹਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਵਲੋਂ ਸੱਪਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੱਪ ਬੋਹੜ ਦੇ ਇਸ ਵਿਸ਼ਾਲ ਦਰੱਖਤ ਅੰਦਰ ਛੁਪ ਜਾਂਦੇ ਹਨ। ਅੱਜ ਵੀ ਇਨ੍ਹਾਂ ਸੱਪਾਂ ਨੂੰ ਕਾਬੂ ਕਰਨ ਲਈ ਵਣ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅੱਧੀ ਦਰਜਨ ਤੋਂ ਵਧੇਰੇ ਕਰਮਚਾਰੀ ਸਕੂਲ ਪਹੁੰਚੇ ਸਨ, ਪਰ ਇਨ੍ਹਾਂ ਕਰਮਚਾਰੀਆਂ ਕੋਲ ਸੱਪਾਂ ਨੂੰ ਕਾਬੂ ਕਰਨ ਲਈ ਕੋਈ ਬੰਦੋਬਸਤ ਨਾ ਹੋਣ ਕਾਰਨ ਕਰਮਚਾਰੀ ਸੱਪਾਂ ਨੂੰ ਕਾਬੂ ਕਰਨ ‘ਚ ਪੂਰੀ ਤਰ੍ਹਾਂ ਅਸਫ਼ਲ ਰਹੇ। ਉਨ੍ਹਾਂ ਪ੍ਰਸ਼ਾਸਨ ਤੋਂ ਸਕੂਲ ਵਿਚਲੇ ਸੱਪਾਂ ਨੂੰ ਕਾਬੂ ਕਰਨ ਅਤੇ ਬੋਹੜ ਦੇ ਦਰੱਖਤ ਦੀ ਛੰਗਾਈ ਕਰਵਾਉਣ ਦੀ ਮੰਗ ਕੀਤੀ। ਇਸੇ ਦੌਰਾਨ ਸਕੂਲ ਪਹੁੰਚੀ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਵਣ ਗਾਰਡ ਅਮਰਦੀਪ ਕੌਰ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਹਫਤੇ ਤੋਂ ਵਿਭਾਗ ਵਲੋਂ ਸੱਪਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜ਼ਿਆਦਾ ਆਵਾਜ਼ ਕਾਰਨ ਸੱਪ ਡਰ ਕੇ ਦਰੱਖਤ ਦੇ ਅੰਦਰ ਚਲੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਬੂ ਕਰਨ ‘ਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਵਿਭਾਗ ਵਲੋਂ ਇਨ੍ਹਾਂ ਸੱਪਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸੇ ਦੌਰਾਨ ਅਧਿਆਪਕ ਜਥੇਬੰਦੀ ਦੇ ਆਗੂ ਰਵਿੰਦਰ ਸਿੰਘ ਪੱਪੀ ਨੇ ਕਿਹਾ ਕਿ ਸਕੂਲ ‘ਚ ਬੱਚੇ ਡਰ ਦੇ ਮਾਹੌਲ ‘ਚ ਪੜ੍ਹਾਈ ਕਰ ਰਹੇ ਹਨ, ਜਦਕਿ ਪ੍ਰਸ਼ਾਸਨ ਵਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਸੱਪਾਂ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਜਿੰਮੇਵਾਰ ਹੋਵੇਗਾ। ਦੂਜੇ ਪਾਸੇ ਵਣ ਵਿਭਾਗ ਦੇ ਡੀ. ਐਫ. ਓ. ਅਮਰੀਤ ਸਿੰਘ ਨੇ ਸੰਪਰਕ ਕਰਨ ‘ਤੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ ਅਤੇ ਵਿਭਾਗ ਵਲੋਂ ਸੱਪਾਂ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ઠ
Ad Position 22
No active advertisement
ਪਿਛਲੀ ਖ਼ਬਰ 4 ਸਰਕਾਰੀ ਜਨਰਲ ਬੀਮਾ ਕੰਪਨੀਆਂ ਦੇ ਰਲੇਵੇਂ ਦੀ ਮੰਗ, ਜੀ.ਆਈ.ਈ.ਏ.ਆਈ.ਏ. ਨੇ ਚੰਡੀਗੜ੍ਹ ਵਿੱਚ ਸੰਪਰਕ ਮੁਹਿੰਮ ਕੀਤੀ ਸ਼ੁਰ... ਅਗਲੀ ਖ਼ਬਰ ਸਾਹਿਤਕ ਸੱਥ ਖਰੜ ਵਲੋਂ ਸ਼ਾਇਰ ਪਿਆਰਾ ਸਿੰਘ ਰਾਹੀ ਦਾ ਗ਼ਜ਼ਲ ਸੰਗ੍ਰਹਿ ‘ਚੀਸ’ ਲੋਕ-ਅਰਪਣ
Ad Position 24