ਐੱਸ. ਏ. ਐੱਸ. ਨਗਰ, 29 ਸਤੰਬਰ (ਪ੍ਰੋ. ਅਵਤਾਰ ਸਿੰਘ)- ਪਸ਼ੂ-ਪਾਲਣ, ਮੱਛੀ-ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵਰਿਆਮ ਸਿੰਘ ਦੀ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਐਸ. ਸੀ. ਸਿਖਿਆਰਥੀਆਂ ਲਈ 2 ਹਫ਼ਤਿਆਂ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ 2 ਨਵੰਬਰ ਤੋਂ ਡੇਅਰੀ ਸਿਖਲਾਈ ਕੇਂਦਰ ਚਤਾਮਲੀ ਵਿਖੇ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਹਰਵੰਤ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਮੁਹਾਲੀ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਲਾਈ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਕੇਵਲ ਉਨ੍ਹਾਂ ਸਿਖਿਆਰਥੀਆਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੀ ਉਮਰ 18 ਤੋਂ 55 ਸਾਲ ਦੇ ਦਰਮਿਆਨ ਹੋਵੇਗੀ ਅਤੇ ਉਹ ਘੱਟੋ ਘੱਟ ਪੰਜਵੀਂ ਪਾਸ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸਿਖਲਾਈ ਲਈ ਕੋਈ ਫ਼ੀਸ ਨਹੀਂ ਲਈ ਜਾ ਰਹੀ, ਸਗੋਂ ਸਿਖਿਆਰਥੀਆਂ ਨੂੰ ਸਿਖਲਾਈ ਪੂਰੀ ਕਰਨ ਉਪਰੰਤ ਪ੍ਰਤੀ ਸਿਖਿਆਰਥੀ 35 00 ਰੁ. ਵਜੀਫ਼ਾ ਦਿੱਤਾ ਜਾਵੇਗਾ। ਇਸੇ ਦੌਰਾਨ ਡੇਅਰੀ ਇੰਸਪੈਕਟਰ ਗੁਰਪ੍ਰੀਤ ਅਤੇ ਵਰਤਿਕਾ ਨੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਡੇਅਰੀ ਸਿਖਲਾਈ ਹਾਸਿਲ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਲਾਹਾ ਲੈਂਦਿਆਂ ਆਪਣੇ ਡੇਅਰੀ ਧੰਦੇ ਨੂੰ ਵਪਾਰਕ ਲੀਹਾਂ ‘ਤੇ ਅੱਗੇ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਚਾਹਵਾਨ ਸਿਖਿਆਰਥੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਦੀ ਤੀਜੀ ਮੰਜ਼ਿਲ ‘ਤੇ ਸਥਿਤ ਕਮਰਾ ਨੰ. 434 ਵਿਖੇ ਕਿਸੇ ਵੀ ਕੰਮਕਾਜ਼ੀ ਦਿਨ ਦੌਰਾਨ ਆ ਕੇ ਅਰਜ਼ੀ ਦੇ ਸਕਦੇ ਹਨ।