ਪੰਚਕੂਲਾ ’ ਚ ਸਕੂਲਾਂ ਤੇ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਸਕੂਲਾਂ ’ਚ ਛੁੱਟੀ ਕਰਵਾ ਕੇ ਬੰਬ ਤੇ ਡਾਗ ਸਕੁਐਡ ਵਲੋਂ ਜਾਂਚ
ਪੰਚਕੂਲਾ, 24 ਸਤੰਬਰ (ਕਪਿਲ)- ਪੰਚਕੂਲਾ ਦੇ ਕਈ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਧਮਕੀ ਮਿਲਣ ਤੋਂ ਬਾਅਦ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਤਲੁਜ ਪਬਲਿਕ ਸਕੂਲ ਅਤੇ ਲਿਟਲ ਫਲਾਵਰ ਸਕੂਲ ਵਿਚ ਛੁੱਟੀ ਕਰਵਾ ਦਿੱਤੀ ਗਈ।
ਪੰਚਕੂਲਾ, 24 ਸਤੰਬਰ (ਕਪਿਲ)- ਪੰਚਕੂਲਾ ਦੇ ਕਈ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਧਮਕੀ ਮਿਲਣ ਤੋਂ ਬਾਅਦ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਤਲੁਜ ਪਬਲਿਕ ਸਕੂਲ ਅਤੇ ਲਿਟਲ ਫਲਾਵਰ ਸਕੂਲ ਵਿਚ ਛੁੱਟੀ ਕਰਵਾ ਦਿੱਤੀ ਗਈ। ਇਸ ਦੇ ਨਾਲ ਹੀ ਸਕੂਲਾਂ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰਦਿਆਂ ਪੁਲਿਸ ਅਤੇ ਬੰਬ ਸਕੁਐਡ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ। ਬੰਬ ਸਕੁਐਡ ਨੇ ਡਾਗ ਸਕੁਐਡ ਦੀ ਮਦਦ ਨਾਲ ਸਕੂਲਾਂ ਦੇ ਪੂਰੇ ਵਿਹੜੇ, ਕਲਾਸ ਰੂਮਾਂ ਅਤੇ ਹੋਰ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਫਿਲਹਾਲ ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਪੁਲਿਸ ਟੀਮਾਂ ਵਲੋਂ ਧਮਕੀ ਦੇ ਸ੍ਰੋਤ ਅਤੇ ਇਸ ਨੂੰ ਭੇਜਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਇਸੇ ਦੌਰਾਨ ਪੰਚਕੂਲਾ ਦੀ ਜ਼ਿਲ੍ਹਾ ਅਦਾਲਤ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਈ-ਮੇਲ ਮਿਲਣ ਦੀ ਸੂਚਨਾ ਸਾਹਮਣੇ ਆਈ। ਸੂਚਨਾ ਮਿਲਦੇ ਹੀ ਬੰਬ ਸਕੁਐਡ ਅਤੇ ਡਾਗ ਸਕੁਐਡ ਦੀ ਟੀਮ ਅਦਾਲਤ ਕੰਪਲੈਕਸ ਵਿਚ ਪਹੁੰਚੀ। ਟੀਮਾਂ ਵਲੋਂ ਸਾਰੇ ਕੋਰਟ ਰੂਮਾਂ ਸਮੇਤ ਅਦਾਲਤੀ ਕੰਪਲੈਕਸ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ। ਇਥੇ ਵੀ ਫਿਲਹਾਲ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪੁਲਿਸ ਅਤੇ ਜਾਂਚ ਏਜੰਸੀਆਂ ਵਲੋਂ ਸਾਵਧਾਨੀ ਵਜੋਂ ਸਕੂਲਾਂ ਅਤੇ ਅਦਾਲਤ ਸਮੇਤ ਹੋਰ ਸੰਵੇਦਨਸ਼ੀਲ ਥਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।