ਨਾਜਾਇਜ਼ ਮਾਈਨਿੰਗ ਦੇ ਚੱਲਦਿਆਂ ਮੁਬਾਰਿਕਪੁਰ - ਸੁੰਡਰਾਂ ਗੈਸ ਪਾਈਪ ਲਾਈਨ ਨੂੰ ਪੁੱਜਿਆ ਨੁਕਸਾਨ ਵੱਡਾ ਹਾਦਸਾ ਹੋਣੋਂ ਟਲਿਆ, ਗੈਸ ਕੰਪਨੀ ਨੇ ਵਾਲਵ ਬੰਦ ਕਰ ਕੇ ਗੈਸ ਦੀ ਲੀਕੇਜ਼ ਨੂੰ ਰੋਕਿਆ
ਡੇਰਾਬੱਸੀ, 24 ਸਤੰਬਰ (ਗੁਰਮੀਤ ਸਿੰਘ)-ਮੁਬਾਰਿਕਪੁਰ ਤੋਂ ਸੁੰਡਰਾਂ ਵੱਲ ਨੂੰ ਜਾਂਦੀ ਜ਼ਮੀਨਦੋਜ਼ ਪੀ. ਐੱਨ.
ਡੇਰਾਬੱਸੀ, 24 ਸਤੰਬਰ (ਗੁਰਮੀਤ ਸਿੰਘ)-ਮੁਬਾਰਿਕਪੁਰ ਤੋਂ ਸੁੰਡਰਾਂ ਵੱਲ ਨੂੰ ਜਾਂਦੀ ਜ਼ਮੀਨਦੋਜ਼ ਪੀ. ਐੱਨ. ਜੀ. ਗੈਸ ਪਾਈਪ ਲਾਈਨ ਦੇ ਪਿੰਡ ਖੇੜੀ ਨੇੜੇ ਖੁਦਾਈ ਦੌਰਾਨ ਨੁਕਸਾਨੇ ਜਾਣ ਕਾਰਨ ਗੈਸ ਦੀ ਲੀਕੇਜ਼ ਸ਼ੁਰੂ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ‘ਚ ਹੜਕੰਪ ਮਚ ਗਿਆ, ਪਰ ਪੁਲਿਸ ਅਤੇ ਗੈਸ ਕੰਪਨੀ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਤੁਰੰਤ ਕਾਰਵਾਈ ਨਾਲ ਸੰਭਾਵਿਤ ਵੱਡਾ ਹਾਦਸਾ ਟਲ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਪੰਡਵਾਲਾ ਦੇ ਨੇੜੇ ਕੁਝ ਵਿਅਕਤੀ ਜੇ. ਸੀ. ਬੀ. ਮਸ਼ੀਨ ਨਾਲ ਮਿੱਟੀ ਦੀ ਖੁਦਾਈ ਕਰ ਰਹੇ ਸਨ। ਇਸ ਦੌਰਾਨ ਜ਼ਮੀਨ ਹੇਠ ਪਾਈ ਗਈ ਗੈਸ ਪਾਈਪ ਲਾਈਨ ਮਸ਼ੀਨ ਦੀ ਲਪੇਟ ‘ਚ ਆਉਣ ਕਾਰਨ ਨੁਕਸਾਨੀ ਗਈ ਅਤੇ ਗੈਸ ਲੀਕ ਹੋਣ ਲੱਗ ਪਈ। ਮੌਕੇ ਦੀ ਗੰਭੀਰਤਾ ਨੂੰ ਦੇਖਦਿਆਂ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਗੈਸ ਇੰਨੀ ਤੇਜ਼ੀ ਨਾਲ ਜ਼ਮੀਨ ਦੇ ਹੇਠੋਂ ਬਾਹਰ ਨਿਕਲੀ ਕਿ ਉਥੇ ਵੱਡਾ ਟੋਆ ਪੈ ਗਿਆ ਅਤੇ ਇਕ ਵਾਰੀ ਇਥੇ ਗੈਸ ਨੇ ਅੱਗ ਵੀ ਫੜ੍ਹ ਲਈ ਸੀ। ਪਾਈਪ ਲਾਈਨ ‘ਚੋਂ ਲੀਕ ਹੁੰਦੀ ਗੈਸ ਨੂੰ ਲੱਗੀ ਅੱਗ ਦੇਖ ਕੇ ਇਕ ਵਾਰੀ ਲੋਕਾਂ ਦੇ ਸਾਹ ਸੂਤੇ ਗਏ ਅਤੇ ਸਾਰੇ ਘਟਨਾ ਵਾਲੀ ਥਾਂ ਤੋਂ ਦੂਰ ਭੱਜ ਗਏ। ਸੂਚਨਾ ਮਿਲਣ ‘ਤੇ ਮੁਬਾਰਿਕਪੁਰ ਪੁਲਿਸ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਅਤੇ ਡੇਰਾਬੱਸੀ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਬਿਨਾਂ ਦੇਰੀ ਕੀਤੇ ਸੰਬੰਧਿਤ ਗੈਸ ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪਾਈਪ ਲਾਈਨ ਦਾ ਗੇਟ ਵਾਲਵ ਬੰਦ ਕਰਵਾ ਕੇ ਗੈਸ ਦੀ ਸਪਲਾਈ ਰੋਕ ਦਿੱਤੀ ਗਈ, ਜਿਸ ਨਾਲ ਲੀਕੇਜ਼ ਬੰਦ ਹੋ ਗਈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਇਲਾਕੇ ‘ਚ ਹੁੰਦੀ ਕਥਿਤ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਡੇਰਾਬੱਸੀ ਖੇਤਰ ‘ਚ ਦਿਨ-ਰਾਤ ਥਾਂ-ਥਾਂ ‘ਤੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ ਅਤੇ ਖਣਿਜਾਂ ਦੀ ਢੋਆ-ਢੁਆਈ ‘ਚ ਲੱਗੇ ਟਿੱਪਰ ਸ਼ਰ੍ਹੇਆਮ ਸੜਕਾਂ ‘ਤੇ ਦੌੜਦੇ ਦਿਖਾਈ ਦਿੰਦੇ ਹਨ, ਪਰ ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਮਾਈਨਿੰਗ ਮਾਫ਼ੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ ‘ਚ ਬਿਨਾਂ ਸਾਵਧਾਨੀ ਤੋਂ ਜੇ. ਸੀ. ਬੀ. ਮਸ਼ੀਨ ਰਾਹੀਂ ਕੀਤੀ ਜਾ ਰਹੀ ਖੁਦਾਈ ਲੋਕਾਂ ਦੀ ਜਾਨ ‘ਤੇ ਭਾਰੀ ਪੈ ਸਕਦੀ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਉਧਰ ਡੇਰਾਬੱਸੀ ਥਾਣੇ ਦੇ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਮੌਕੇ ‘ਤੇ ਮੌਜੂਦ ਜੇ. ਸੀ. ਬੀ. ਵਲੋਂ ਕੀਤੇ ਗਏ ਕੰਮ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।