ਸੁਸਾਇਟੀ ਦੇ ਵਸਨੀਕਾਂ ਨੇ ਬਰਸਾਤੀ ਪਾਣੀ ਲਈ ਪਾਏ ਜਾ ਰਹੇ ਪਾਈਪਾਂ ਦੀ ਗੁਣਵੱਤਾ ’ਤੇ ਚੁੱਕੇ ਸਵਾਲ ਕੰਮ ਰੁਕਵਾ ਕੇ ਅਧਿਕਾਰੀਆਂ ਤੋਂ ਕੀਤੀ ਜਾਂਚ ਦੀ ਮੰਗ
ਜ਼ੀਰਕਪੁਰ, 24 ਸਤੰਬਰ (ਮਨਿੰਦਰ ਸਿੰਘ)-ਨਗਰ ਕੌਂਸਲ ਵਲੋਂ ਵਿਸ਼ਰਾਂਤੀ ਸਿਟੀ ‘ਚ ਬਰਸਾਤੀ ਪਾਣੀ ਦੀਆਂ ਪਾਈਪਾਂ ਪਾਉਣ ਤੇ ਸੜਕ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਥਾਨਕ ਵਸਨੀਕਾਂ ਨੇ ਚੱਲ ਰਹੇ ਕੰਮ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਜ਼ੀਰਕਪੁਰ, 24 ਸਤੰਬਰ (ਮਨਿੰਦਰ ਸਿੰਘ)-ਨਗਰ ਕੌਂਸਲ ਵਲੋਂ ਵਿਸ਼ਰਾਂਤੀ ਸਿਟੀ ‘ਚ ਬਰਸਾਤੀ ਪਾਣੀ ਦੀਆਂ ਪਾਈਪਾਂ ਪਾਉਣ ਤੇ ਸੜਕ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਥਾਨਕ ਵਸਨੀਕਾਂ ਨੇ ਚੱਲ ਰਹੇ ਕੰਮ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਸਥਾਨਕ ਵਸਨੀਕਾਂ ਬਿਰੇਂਦਰ ਸਿੰਘ ਅਤੇ ਰਾਜਿੰਦਰ ਸ਼ਰਮਾ ਸਮੇਤ ਹੋਰਨਾਂ ਵਸਨੀਕਾਂ ਨੇ ਦੋਸ਼ ਲਗਾਇਆ ਕਿ ਬਰਸਾਤੀ ਪਾਣੀ ਲਈ ਪਾਏ ਜਾ ਰਹੇ ਪਾਈਪ ਗੁਣਵੱਤਾ ਪੱਖੋਂ ਕਮਜ਼ੋਰ ਹਨ ਅਤੇ ਇਨ੍ਹਾਂ ਦੇ ਉੱਪਰ ਥੋੜ੍ਹਾ ਭਾਰ ਪੈਣ ਨਾਲ ਹੀ ਪਾਈਪਾਂ ਦੇ ਟੁੱਟਣ ਜਾਂ ਨੁਕਸਾਨੇ ਜਾਣ ਦਾ ਖਦਸ਼ਾ ਹੈ। ਉਨ੍ਹਾਂ ਮੌਕੇ ‘ਤੇ ਪਾਈਪ ‘ਚ ਪਈ ਤਰੇੜ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਪਾਈਪਾਂ ਪਾਉਣ ਦੌਰਾਨ ਕਈ ਘਰਾਂ ਦੇ ਨਿੱਜੀ ਸੀਵਰੇਜ ਕੁਨੈਕਸ਼ਨਾਂ ਦੇ ਪਾਈਪ ਵੀ ਨੁਕਸਾਨੇ ਗਏ ਹਨ, ਜੋ ਕਿ ਅਜੇ ਤੱਕ ਠੀਕ ਨਹੀਂ ਕੀਤੇ ਗਏ। ਵਸਨੀਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਬਰਸਾਤੀ ਪਾਣੀ ਨੂੰ ਸੀਵਰੇਜ ਲਾਈਨ ‘ਚ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਕਾਰਨ ਭਵਿੱਖ ‘ਚ ਸੀਵਰੇਜ ਜਾਮ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਕੱਠੇ ਹੋ ਕੇ ਕੰਮ ਰੁਕਵਾ ਦਿੱਤਾ ਗਿਆ ਹੈ ਅਤੇ ਜੇ. ਈ., ਐੱਸ. ਡੀ. ਓ. ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਮੌਕੇ ‘ਤੇ ਸੱਦਿਆ ਗਿਆ ਹੈ, ਪਰ ਖ਼ਬਰ ਲਿਖੇ ਜਾਣ ਤੱਕ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ ਸੀ। ਸਥਾਨਕ ਵਸਨੀਕਾਂ ਨੇ ਮੰਗ ਕੀਤੀ ਕਿ ਬਰਸਾਤੀ ਪਾਣੀ ਦੀਆਂ ਪਾਈਪਾਂ ਦੀ ਗੁਣਵੱਤਾ ਅਤੇ ਨੁਕਸਾਨੇ ਗਏ ਸੀਵਰੇਜ ਪਾਈਪਾਂ ਦੀ ਜਾਂਚ ਕਰਵਾ ਕੇ ਮਿਆਰੀ ਢੰਗ ਨਾਲ ਕੰਮ ਕਰਵਾਇਆ ਜਾਵੇ। ਵਸਨੀਕਾਂ ਨੇ ਦੋਸ਼ ਲਗਾਇਆ ਕਿ ਠੇਕੇਦਾਰ ਵਲੋਂ ਸੜਕ ਬਣਾਉਣ ਸਮੇਂ ਢਾਲ ਦਾ ਸਹੀ ਧਿਆਨ ਨਹੀਂ ਰੱਖਿਆ ਗਿਆ, ਜਦਕਿ ਸੜਕ ਉੱਪਰ ਲਗਾਈਆਂ ਜਾ ਰਹੀਆਂ ਇੰਟਰਲਾਕ ਟਾਈਲਾਂ ਦੀ ਮੋਟਾਈ ਅਤੇ ਗੁਣਵੱਤਾ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਵਸਨੀਕਾਂ ਨੇ ਦੋਸ਼ ਲਗਾਇਆ ਕਿ ਠੇਕੇਦਾਰ ਵਲੋਂ ਕੀਤੇ ਜਾ ਰਹੇ ਕੰਮ ‘ਚ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਏ ਜਾ ਰਹੇ ਪਾਈਪ ਬਹੁਤ ਹਲਕੇ ਹਨ ਅਤੇ ਮੌਕੇ ‘ਤੇ ਕੁਝ ਪਾਈਪ ਪਹਿਲਾਂ ਹੀ ਟੁੱਟ ਚੁੱਕੇ ਹਨ। ਉਨ੍ਹਾਂ ਇਹ ਵੀ ਇਤਰਾਜ਼ ਜਤਾਇਆ ਕਿ ਇਕ ਪਾਸੇ ਕੰਕਰੀਟ ਦਾ ਪਾਈਪ ਹੋਣ ਦੇ ਬਾਵਜੂਦ ਦੂਜੇ ਪਾਸੇ ਉਸ ਨੂੰ ਪਲਾਸਟਿਕ ਦੀ ਪਾਈਪ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਤਕਨੀਕੀ ਤੌਰ ‘ਤੇ ਗ਼ਲਤ ਹੈ। ਉਨ੍ਹਾਂ ਮੰਗ ਕੀਤੀ ਕਿ ਟੈਂਡਰ ‘ਚ ਦਰਜ ਮਾਪਦੰਡਾਂ ਅਨੁਸਾਰ ਹੀ ਕੰਮ ਕਰਵਾਇਆ ਜਾਵੇ ਅਤੇ ਕਥਿਤ ਤੌਰ ‘ਤੇ ਘਟੀਆ ਸਮੱਗਰੀ ਦੀ ਵਰਤੋਂ ਦੀ ਜਾਂਚ ਕੀਤੀ ਜਾਵੇ। ਉਧਰ ਦੂਜੇ ਪਾਸੇ ਮਾਮਲੇ ਸੰਬੰਧੀ ਸੰਪਰਕ ਕਰਨ ‘ਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਇਹ ਕੰਮ ਲੋਕਾਂ ਲਈ ਕੀਤਾ ਜਾ ਰਿਹਾ ਹੈ। ਜੇਕਰ ਉਨ੍ਹਾਂ ਨੂੰ ਇਹ ਪਸੰਦ ਨਹੀਂ ਆ ਰਿਹਾ ਤਾਂ ਸਮੱਗਰੀ ਨੂੰ ਬਦਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਟਰਲਾਕ ਟਾਈਲਾਂ ਦੀ ਵੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲੇ ਤੱਕ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ, ਪਰ ਫਿਰ ਵੀ ਅਧਿਕਾਰੀਆਂ ਨੂੰ ਸਾਈਟ ਦਾ ਨਿਰੀਖਣ ਕਰਨ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਤੇ ਇਸ ਦੀ ਵਰਤੋਂ ਲੋਕਾਂ ਲਈ ਹੀ ਕੀਤੀ ਜਾਵੇਗੀ ਅਤੇ ਕੰਮ ਉਨ੍ਹਾਂ ਦੀ ਇੱਛਾ ਅਨੁਸਾਰ ਕੀਤਾ ਜਾਵੇਗਾ।