ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ ਦੀ ਹੋਈ ਸਮੀਖਿਆ ਮੀਟਿੰਗ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਧਿਕਾਰ-ਆਧਾਰਿਤ ਮਾਨਸਿਕ ਸਿਹਤ ਸੰਭਾਲ ਲਈ ਰੂਪ-ਰੇਖਾ ਉਲੀਕੀ
ਚੰਡੀਗੜ੍ਹ, 23 ਸਤੰਬਰ(ਅਜੀਤ ਬਿਊਰੋ) - ਮਾਨਸਿਕ ਸਿਹਤ ਸੰਭਾਲ ਨੂੰ ਨਵੀਂ ਦਿਸ਼ਾ ਦੇਣ ਲਈ ਹਾਲ ਹੀ ਵਿਚ 11 ਗੈਰ-ਸਰਕਾਰੀ ਮੈਂਬਰਾਂ ਨੂੰ ਸ਼ਾਮਿਲ ਕਰਨ ਉਪਰੰਤ ਨਵੀਂ ਗਠਿਤ ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ (ਐੱਸ. ਐੱਮ.
ਚੰਡੀਗੜ੍ਹ, 23 ਸਤੰਬਰ(ਅਜੀਤ ਬਿਊਰੋ) - ਮਾਨਸਿਕ ਸਿਹਤ ਸੰਭਾਲ ਨੂੰ ਨਵੀਂ ਦਿਸ਼ਾ ਦੇਣ ਲਈ ਹਾਲ ਹੀ ਵਿਚ 11 ਗੈਰ-ਸਰਕਾਰੀ ਮੈਂਬਰਾਂ ਨੂੰ ਸ਼ਾਮਿਲ ਕਰਨ ਉਪਰੰਤ ਨਵੀਂ ਗਠਿਤ ਪੰਜਾਬ ਰਾਜ ਮਾਨਸਿਕ ਸਿਹਤ ਅਥਾਰਟੀ (ਐੱਸ.ਐੱਮ.ਐੱਚ.ਏ.) ਦੀ ਸਮੀਖਿਆ ਮੀਟਿੰਗ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿਚ ਹੋਈ। ਪ੍ਰਮੁੱਖ ਸਕੱਤਰ-ਕਮ-ਚੇਅਰਮੈਨ (ਐਕਸ-ਓਫੀਸ਼ੀਓ) ਕੁਮਾਰ ਰਾਹੁਲ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ-ਕਮ-ਮੈਂਬਰ (ਐਕਸ-ਓਫੀਸ਼ੀਓ) ਡਾ. ਹਿਤਿੰਦਰ ਕੌਰ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸਿਹਤ ਮੰਤਰੀ ਨੇ ਨਵ-ਨਿਯੁਕਤ ਐਕਸ-ਓਫੀਸ਼ੀਓ ਅਤੇ ਗੈਰ-ਸਰਕਾਰੀ ਮੈਂਬਰਾਂ ਦਾ ਰਸਮੀ ਸਵਾਗਤ ਕੀਤਾ , ਇਨ੍ਹਾਂ ਵਿਚੋਂ ਕਈ ਮੈਂਬਰਾਂ ਨੇ ਵੀਡੀਓ ਕਾਨਫਰੰਂਸਿੰਗ ਰਾਹੀਂ ਸ਼ਿਰਕਤ ਕੀਤੀ।ਅਥਾਰਟੀ ਨੂੰ ਸੰਬੋਧਨ ਕਰਦਿਆਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਾਨਸਿਕ ਸਿਹਤ ਸੰਭਾਲ ਐਕਟ (ਐੱਮ.ਐੱਚ.ਸੀ.ਏ) 2017 ਦੇ ਉਦੇਸ਼ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਵਿਤਕਰੇ ਦੇ ਮਿਆਰੀ ਮਨੋਵਿਗਿਆਨਕ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਯਕੀਨੀ ਬਣਾਉਣਾ ਹੈ।ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਸੰਭਾਲ ਸੰਸਥਾਵਾਂ ਇਕੱਲੇ ਕੰਮ ਨਹੀਂ ਕਰ ਸਕਦੀਆਂ ਅਤੇ ਇਹ ਪੁਨਰ ਸੁਰਜੀਤ ਅਥਾਰਟੀ ਸਰਕਾਰੀ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਨਿੱਜੀ ਕਲੀਨਿਕਾਂ ਵਿਚ ਸੇਵਾਵਾਂ ਦੀ ਨਿਗਰਾਨੀ ਕਰਨ, ਸਖ਼ਤ ਮਿਆਰਾਂ ਨੂੰ ਲਾਗੂ ਕਰਨ ਅਤੇ ਮਰੀਜ਼ਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਇਕ ਮਹੱਤਵਪੂਰਨ ਸੰਸਥਾ ਵਜੋਂ ਕੰਮ ਕਰੇਗੀ। ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਸਾਰੇ ਮਾਨਸਿਕ ਸਿਹਤ ਕੇਂਦਰਾਂ ਵਿਚ ਗੈਰ-ਕਾਨੂੰਨੀ ਅਤੇ ਗੈਰ-ਮਨੁੱਖੀ ਅਭਿਆਸਾਂ ’ਤੇ ਰੋਕ ਲਗਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮਰੀਜ਼ਾਂ ਨੂੰ ਬੰਨ੍ਹਣਾ, ਇਕਾਂਤਵਾਸ ਵਿਚ ਰੱਖਣਾ ਅਤੇ ਐਨੇਸਥੀਸੀਆ ਜਾਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਾਲੀਆਂ ਦਵਾਈਆਂ ਤੋਂ ਇਲਾਵਾ ਇਲੈਕਟਰੋਕਨਵਲਸਿਵ ਥੈਰੇਪੀ (ਈ.ਸੀ.ਟੀ) ਦੇਣ ਦੀ ਕਾਨੂੰਨ ਤੌਰ ’ਤੇ ਸਖ਼ਤ ਮਨਾਹੀ ਹੈ ਅਤੇ ਅਜਿਹਾ ਕਰਨ ’ਤੇ ਗੰਭੀਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੀਟਿੰਗ ਵਿਚ ਮੈਡੀਕਲ ਸਿੱਖਿਆ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਸਮਾਜ ਭਲਾਈ ਅਤੇ ਸਰਕਾਰੀ ਮੈਡੀਕਲ ਕਾਲਜਾਂ ਦੇ ਸੀਨੀਅਰ ਐਕਸ-ਓਫੀਸ਼ੀਓ ਨੁਮਾਇੰਦਿਆਂ ਦੇ ਨਾਲ-ਨਾਲ ਨਵੇਂ ਨਾਮਜ਼ਦ ਗੈਰ-ਸਰਕਾਰੀ ਮੈਂਬਰਾਂ ਨੇ ਵੀ ਹਿੱਸਾ ਲਿਆ।