ਸੀ. ਬੀ. ਆਈ. ਅਧਿਕਾਰੀ ਬਣ ਕੇ 29.80 ਲੱਖ ਦੀ ਠੱਗੀ
ਚੰਡੀਗੜ੍ਹ, 23 ਸਤੰਬਰ (ਕਪਿਲ ਵਧਵਾ)- ਸਾਈਬਰ ਠੱਗਾਂ ਵਲੋਂ ਸੀ. ਬੀ.
ਚੰਡੀਗੜ੍ਹ, 23 ਸਤੰਬਰ (ਕਪਿਲ ਵਧਵਾ)- ਸਾਈਬਰ ਠੱਗਾਂ ਵਲੋਂ ਸੀ. ਬੀ. ਆਈ ਅਧਿਕਾਰੀ ਬਣ ਕੇ ਮਨੀ ਲਾਂਡਰਿੰਗ ਮਾਮਲੇ ਵਿਚ ਫਸਾਉਣ ਦਾ ਡਰ ਦਿਖਾ ਕੇ ਸੈਕਟਰ-22/ਬੀ ਵਾਸੀ ਸ਼੍ਰੀਪਾਲ ਜੈਨ ਨਾਲ 29.80 ਲੱਖ ਰੁਪਏ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਧਾਰਾ 66-ਸੀ, 66-ਡੀ ਆਈ.ਟੀ. ਐਕਟ ਤੋਂ ਇਲਾਵਾ ਬੀ.ਐੱਨ.ਐੱਸ. ਦੀਆਂ ਧਾਰਾਵਾਂ 308(2), 318(4), 319(2), 336(3), 338, 340(2) ਅਤੇ 61(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਅਨੁਸਾਰ ਅਣਪਛਾਤੇ ਵਿਅਕਤੀ ਨੇ ਖ਼ੁਦ ਨੂੰ ਸੀ.ਬੀ.ਆਈ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹੋਏ ਉਸ ਨੂੰ ਪਹਿਲਾ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰੀ ਦਾ ਡਰ ਵਿਖਾਇਆ। ਜਿਸ ਤੋਂ ਬਾਅਦ ਵੱਖ-ਵੱਖ ਖਾਤਿਆਂ ਵਿਚ 29.80 ਲੱਖ ਰੁਪਏ ਟਰਾਂਸਫ਼ਰ ਕਰਕੇ ਹੜੱਪ ਲਏ ਗਏ। ਪੁਲਿਸ ਵਲੋਂ ਮਾਮਲੇ ਵਿਚ ਪੈਸਿਆਂ ਦੇ ਲੈਣ-ਦੇਣ ਤੇ ਠੱਗੀ ਕਰਨ ਵਾਲਿਆਂ ਦੀ ਪਛਾਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੂਨ 202 6 ਵਿਚ ਚੰਡੀਗੜ੍ਹ ਦੇ ਸੈਕਟਰ-47 ਵਿਚ ਇਕ ਬਜ਼ੁਰਗ ਜੋੜੇ ਨੂੰ ਵੀ ਸਾਈਬਰ ਠੱਗਾਂ ਨੇ ‘ਡਿਜੀਟਲ ਅਰੈਸਟ’ ਕਰਕੇ ਕਰੀਬ 2.5 ਕਰੋੜ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਠੱਗਾਂ ਨੇ ਜੋੜੇ ਨੂੰ ਡਰਾ-ਧਮਕਾ ਕੇ ਘਰ ਵਿਚ ਹੀ ਕਈ ਦਿਨਾਂ ਤੱਕ ਕਿਸੇ ਨਾਲ ਸੰਪਰਕ ਨਹੀਂ ਕਰਨ ਦਿੱਤਾ ਸੀ। ਇਸੇ ਦੌਰਾਨ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ 2.5 ਕਰੋੜ ਰੁਪਏ ਵੱਖ ਵੱਖ ਖਾਤਿਆਂ ਵਿਚ ਟਰਾਂਸਫ਼ਰ ਕਰਵਾ ਲਏ ਗਏ। ਕ੍ਰੈਡਿਟ ਕਾਰਡ ਤੋਂ ਆਨਲਾਈਨ ਭੁਗਤਾਨ ਦੇ ਨਾਂ ’ਤੇ 1.48 ਲੱਖ ਦੀ ਠੱਗੀ- ਇਸੇ ਤੋਂ ਇਲਾਵਾ ਥਾਣਾ ਸਾਈਬਰ ਕ੍ਰਾਈਮ ਵਿਚ ਸੈਕਟਰ-34 ਵਾਸੀ ਇਕ ਮਹਿਲਾ ਦੀ ਸ਼ਿਕਾਇਤ ’ਤੇ ਵੀ ਧਾਰਾ 318(4), 319(2), 336(3), 338, 340(2) ਅਤੇ 61(2) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਕ੍ਰੈਡਿਟ ਕਾਰਡ ਤੋਂ ਆਨਲਾਈਨ ਭੁਗਤਾਨ ਦੇ ਸਬੰਧ ਵਿਚ 1,48,502 ਰੁਪਏ ਦੀ ਧੋਖਾਧੜੀ ਕੀਤੀ ਗਈ। ਪੁਲਿਸ ਵਲੋਂ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।