ਵੈਟਰਨਰੀ ਯੂਨੀਵਰਸਿਟੀ 17 ਨਵੰਬਰ ਤੋਂ ਦੋ ਪੜਾਵਾਂ ’ ਚ ਕਰਵਾਏਗੀ ਯੁਵਕ ਮੇਲਾ ‘ ਯੁਵ - ਤਰੰਗ 2026’
ਲੁਧਿਆਣਾ, 15 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਲੋਂ ਆਪਣਾ ਸਾਲਾਨਾ ਯੁਵਕ ਮੇਲਾ ‘ਯੁਵ- ਤਰੰਗ 2026’ ਮਨਾਉਣ ਲਈ ਤਿਆਰੀਆਂ ਸੰਪੂਰਨ ਹੋ ਗਈਆਂ ਹਨ। ਇਹ ਮੇਲਾ 17 ਤੋਂ 20 ਨਵੰਬਰ ਅਤੇ 1 ਤੋਂ 3 ਦਸੰਬਰ-2026 ਤੱਕ ਆਯੋਜਿਤ ਕੀਤਾ ਜਾਵੇਗਾ।
ਲੁਧਿਆਣਾ, 15 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਲੋਂ ਆਪਣਾ ਸਾਲਾਨਾ ਯੁਵਕ ਮੇਲਾ ‘ਯੁਵ- ਤਰੰਗ 2026’ ਮਨਾਉਣ ਲਈ ਤਿਆਰੀਆਂ ਸੰਪੂਰਨ ਹੋ ਗਈਆਂ ਹਨ। ਇਹ ਮੇਲਾ 17 ਤੋਂ 20 ਨਵੰਬਰ ਅਤੇ 1 ਤੋਂ 3 ਦਸੰਬਰ-2026 ਤੱਕ ਆਯੋਜਿਤ ਕੀਤਾ ਜਾਵੇਗਾ। ਦੋ ਪੜਾਵਾਂ ਵਿਚ ਕਰਵਾਏ ਜਾਣ ਵਾਲੇ ਇਸ ਰੰਗਾਰੰਗ ਸਭਿਆਚਾਰਕ ਸਮਾਗਮ ਵਿਚ ਵਿਦਿਆਰਥੀ ਆਪਣੀ ਕਲਾਤਮਕ ਸਿਰਜਣਾ, ਸਭਿਆਚਾਰਕ ਵਿਰਸਾ, ਬੌਧਿਕ ਸਮਰੱਥਾ ਅਤੇ ਵੱਖ-ਵੱਖ ਹੁਨਰਾਂ ਦਾ ਪ੍ਰਦਰਸ਼ਨ ਕਰਨਗੇ। ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ-ਕੁਲਪਤੀ ਨੇ ਕਿਹਾ ਕਿ ਯੁਵਕ ਮੇਲਾ ਵਿਦਿਆਰਥੀਆਂ ਲਈ ਆਪਣੀ ਸਮਰੱਥਾ ਨੂੰ ਪਛਾਣਨ, ਨਵੇਂ ਰਾਹ ਲੱਭਣ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਕਲਾਤਮਕ ਗਤੀਵਿਧੀਆਂ ਰਾਹੀਂ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਇਕ ਅਹਿਮ ਮੌਕਾ ਹੈ। ਵਿਦਿਆਰਥੀ ਭਲਾਈ ਨਿਰਦੇਸ਼ਕ ਡਾ. ਜਸਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਵੱਖ-ਵੱਖ ਮੁਕਾਬਲਿਆਂ ਲਈ ਪੂਰੀ ਲਗਨ ਨਾਲ ਤਿਆਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਸਰਬ ਭਾਰਤੀ ਖੇਤੀਬਾੜੀ ਅਤੇ ਵੈਟਰਨਰੀ ਯੂਨੀਵਰਸਿਟੀਆਂ ਅਤੇ ਅੰਤਰ-ਯੂਨੀਵਰਸਿਟੀ ਯੁਵਕ ਮੇਲਿਆਂ ਵਿਚ ਉਚ ਸਥਾਨ ਪ੍ਰਾਪਤ ਕਰਕੇ ਅਤੇ ਵੱਕਾਰੀ ਟਰਾਫ਼ੀਆਂ ਜਿੱਤ ਕੇ ਲਗਾਤਾਰ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਮੇਲੇ ਦੇ ਸੁਚਾਰੂ ਸੰਚਾਲਨ, ਪ੍ਰਭਾਵਸ਼ਾਲੀ ਆਯੋਜਨ ਅਤੇ ਸਫਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਡਾ. ਹੁੰਦਲ ਨੇ ਕਿਹਾ ਕਿ ਸਾਰਾ ਯੁਵਕ ਮੇਲਾ ਅੰਤਰ-ਯੂਨੀਵਰਸਿਟੀ ਯੁਵਕ ਮੇਲਿਆਂ ਦੇ ਨਿਯਮਾਂ ਅਤੇ ਕਾਇਦੇ ਅਨੁਸਾਰ ਕਰਵਾਇਆ ਜਾਵੇਗਾ।