ਉਮੀਦ ਥੈਲੇਸੀਮੀਆ ਵੈੱਲਫੇਅਰ ਸੁਸਾਇਟੀ ਨੇ ਖ਼ੂਨਦਾਨ ਕੈਂਪ ਲਗਾਇਆ
ਲੁਧਿਆਣਾ, 15 ਨਵੰਬਰ (ਜਤਿੰਦਰ ਭੰਬੀ)- ਥੈਲੇਸੀਮੀਆ ਵੈਲਫੇਅਰ ਸੁਸਾਇਟੀ ਵਲੋਂ ਪੁਰਾਣੀ ਜ਼ਿਲ੍ਹਾ ਕਚਹਿਰੀ ਚੌਂਕ ਦੇ ਨਜ਼ਦੀਕ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ, ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਲੁਧਿਆਣਾ, 15 ਨਵੰਬਰ (ਜਤਿੰਦਰ ਭੰਬੀ)- ਥੈਲੇਸੀਮੀਆ ਵੈਲਫੇਅਰ ਸੁਸਾਇਟੀ ਵਲੋਂ ਪੁਰਾਣੀ ਜ਼ਿਲ੍ਹਾ ਕਚਹਿਰੀ ਚੌਂਕ ਦੇ ਨਜ਼ਦੀਕ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ, ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਕੈਂਪ ਦੌਰਾਨ ਕੁੱਲ 70 ਯੂਨਿਟ ਖੂਨ ਇਕੱਠਾ ਕੀਤੇ ਗਏ। ਇਸ ਮੌਕੇ ਸੁਸਾਇਟੀ ਦੀ ਚੇਅਰਪਰਸਨ ਮੀਨਾਕਸ਼ੀ ਸ਼ਰਮਾ, ਸਕੱਤਰ ਰਜਤ ਛਾਬੜਾ, ਮੀਤ ਪ੍ਰਧਾਨ ਪਵਨਦੀਪ ਸਿੰਘ, ਹਰਪ੍ਰੀਤ ਕੌਰ, ਮਹਿਕ ਕਪੂਰ, ਦ੍ਰਿਸ਼ਟੀ ਅਰੋੜਾ ਅਤੇ ਜਸਪ੍ਰੀਤ ਕੌਰ ਮੌਜੂਦ ਸਨ। ਆਸਟ੍ਰੇਲੀਆ ਤੋਂ ਪਹੁੰਚੀ ਮੇਹਰ ਸ਼ਰਮਾ ਨੇ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ, ਪਵਨ ਦੀਵਾਨ ਨੇ ਕਿਹਾ ਕਿ ਅਜਿਹੇ ਨੇਕ ਕਾਰਜ ਵਿੱਚ ਯੋਗਦਾਨ ਪਾਉਣਾ ਬੇਹੱਦ ਸੰਤੁਸ਼ਟੀਜਨਕ ਅਨੁਭਵ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਸੰਸਥਾ ਵੱਲੋਂ ਥੈਲੇਸੀਮੀਆ ਤੋਂ ਪੀੜਤ ਲਗਭਗ 650 ਬੱਚਿਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਤੇ ਪ੍ਰਤੀ ਬੱਚਾ ਇਲਾਜ ‘ਤੇ ਹਰ ਮਹੀਨੇ 12 ਹਜਾਰ ਤੋਂ 15 ਹਜ਼ਾਰ ਰੁਪਏ ਤੱਕ ਦਾ ਖਰਚਾ ਆਉਂਦਾ ਹੈ।ਦੀਵਾਨ ਨੇ ਕਿਹਾ ਕਿ ਇੰਨੀ ਵੱਡੀ ਮਾਨਵਤਾਵਾਦੀ ਸੇਵਾ ਕਰਨ ਦੇ ਬਾਵਜੂਦ, ਸੁਸਾਇਟੀ ਦੇ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸੰਸਥਾ ਨੂੰ ਹੁਣ ਤੱਕ ਸਰਕਾਰ ਵਲੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਹੈ। ਉਨ੍ਹਾਂ ਨੇ ਸੁਸਾਇਟੀ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਸੰਸਥਾ ਲਈ ਵਿੱਤੀ ਸਹਾਇਤਾ ਹਾਸਲ ਕਰਨ ਦੇ ਸੰਭਾਵਿਤ ਰਾਹ ਤਲਾਸ਼ਣਗੇ। ਦੀਵਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਅਤੇ ਸੁਸਾਇਟੀ ਦਾ ਕੇਸ ਸਬੰਧਤ ਅਧਿਕਾਰੀਆਂ ਕੋਲ ਭੇਜਣ, ਤਾਂ ਜੋ ਸੰਸਥਾ ਨੂੰ ਵਿੱਤੀ ਸਹਾਇਤਾ ਮਿਲ ਸਕੇ ਤੇ ਉਹ ਥੈਲੇਸੀਮੀਆ ਨਾਲ ਜੂਝ ਰਹੇ ਬੱਚਿਆਂ ਦੀ ਆਪਣੀ ਸ਼ਲਾਘਾਯੋਗ ਸੇਵਾ ਲਗਾਤਾਰ ਜਾਰੀ ਰੱਖ ਸਕੇ। ਇਸ ਮੌਕੇ ਦੀਵਾਨ ਦੇ ਨਾਲ ਇੰਦਰਜੀਤ ਕਪੂਰ, ਪੁਲਕਿਤ ਚੌਧਰੀ ਤੇ ਗੁਰਜੋਤ ਸਿੰਘ ਆਦਿ ਮੌਜੂਦ ਸਨ।