ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੋੜਨ ਵਿਚ ਯੁਵਕ ਮੇਲਿਆਂ ਦਾ ਅਹਿਮ ਰੋਲ - ਮੰਤਰੀ ਚੀਮਾ
ਲੁਧਿਆਣਾ, 4 ਨਵੰਬਰ (ਜਸਵਿੰਦਰ ਸਿੰਘ)- ਪੀ. ਏ.
ਲੁਧਿਆਣਾ, 4 ਨਵੰਬਰ (ਜਸਵਿੰਦਰ ਸਿੰਘ)- ਪੀ. ਏ. ਯੂ. ਵਿਚ ਜਾਰੀ ਅੰਤਰ-ਕਾਲਜ ਯੁਵਕ ਮੇਲੇ ਵਿਚ ਦੂਜੇ ਗੇੜ ਦੇ ਮੰਚੀ ਮੁਕਾਬਲੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਖੇ ਸ਼ੁਰੂ ਹੋਏ। ਇਸ ਯੁਵਕ ਮੇਲੇ ਦੇ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ, ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਸ਼ਾਮਲ ਹੋਏ। ਸਮਾਰੋਹ ਦੀ ਪ੍ਰਧਾਨਗੀ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਵਲੋਂ ਕੀਤੀ ਗਈ। ਇਸ ਮੌਕੇ ਡਾ. ਵੀ. ਬੀ. ਪਟੇਲ, ਆਡੀਸ਼ਨਲ ਡਾਇਰੈਕਟਰ ਜਰਨਲ (ਬਾਗ਼ਬਾਨੀ), ਆਈ. ਸੀ. ਏ. ਆਰ, ਡਾ. ਸਤਿਬੀਰ ਸਿੰਘ ਗੋਸਲ, ਸਾਬਕਾ ਵਾਈਸ ਚਾਂਸਲਰ, ਪੀ. ਏ. ਯੂ. ਡਾ. ਜੇ.ਪੀ.ਸ਼ਰਮਾ, ਸਾਬਕਾ ਵਾਈਸ ਚਾਂਸਲਰ, ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਅਤੇ ਟੈਕਨਾਲੋਜੀ, ਜੰਮੂ, ਡਾ. ਅਸ਼ੋਕ ਕੁਮਾਰ, ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ. ਯੂਨੀਵਰਸਿਟੀ ਦੇ ਉਚ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਵੀ ਇਸ ਮੌਕੇ ਹਾਜ਼ਰ ਸਨ। ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ, ਵਿੱਤ, ਕਰ ਤੇ ਆਬਕਾਰੀ ਮੰਤਰੀ, ਪੰਜਾਬ ਨੇ ਆਪਣੇ ਸੰਬੋਧਨ ਵਿਚ ਯੁਵਕ ਮੇਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ, ਸਭਿਆਚਾਰ ਤੇ ਲੋਕ-ਕਲਾਵਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਪੀ. ਏ. ਯੂ. ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਸਭਿਆਚਾਰਕ ਝਾਕੀਆਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਉਨ੍ਹਾਂ ਪੀ. ਏ. ਯੂ. ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ।ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੁਵਕ ਮੇਲਿਆਂ ਦਾ ਮਕਸਦ ਕੇਵਲ ਮੰਚ ‘ਤੇ ਸੰਗੀਤ, ਨਾਚ ਜਾਂ ਰੰਗਮੰਚ ਦੀਆਂ ਪੇਸ਼ਕਾਰੀਆਂ ਕਰਵਾਉਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਪ੍ਰਦਾਨ ਕਰਨਾ ਨਹੀਂ, ਬਲਕਿ ਉਨ੍ਹਾਂ ਨੂੰ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਅੰਤ ਵਿਚ ਅਪਰ ਨਿਰਦੇਸ਼ਕ ਸੰਚਾਰ ਅਤੇ ਮਿਲਖ ਅਫ਼ਸਰ, ਪੀ.ਏ.ਯੂ., ਡਾ. ਤੇਜਿੰਦਰ ਸਿੰਘ ਰਿਆੜ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ, ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।