ਵਰਕਰਜ਼ ਫੈਡਰੇਸ਼ਨ ਇੰਟਕ ਨੇ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ‘ ਆਪ ’ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
ਲੁਧਿਆਣਾ, 3 ਨਵੰਬਰ (ਜਤਿੰਦਰ ਭੰਬੀ)- ਵਰਕਰਜ਼ ਫੈਡਰੇਸ਼ਨ ਇੰਟਕ ਪੀ. ਐਸ.
ਲੁਧਿਆਣਾ, 3 ਨਵੰਬਰ (ਜਤਿੰਦਰ ਭੰਬੀ)- ਵਰਕਰਜ਼ ਫੈਡਰੇਸ਼ਨ ਇੰਟਕ ਪੀ. ਐਸ. ਪੀ. ਸੀ. ਐਲ. ਐਂਡ ਪੀ.ਐਸ.ਟੀ.ਸੀ.ਐਲ. ਦੇ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਇੰਟਕ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਗਰ ਨਗਰ ਮੰਡਲ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਧਾਨ ਸਵਰਨ ਸਿੰਘ ਨੇ ਸੂਬੇ ਦੀ ‘ਆਪ’ ਸਰਕਾਰ ਨੂੰ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਤੋਂ ਨਿਕੰਮੀ ਸਰਕਾਰ ਦੱਸਦੇ ਹੋਏ ਕਿਹਾ ਕਿ ਜਦ ਤੋਂ ਦੇਸ਼ ਆਜ਼ਾਦ ਹੋਇਆ, ਉਸ ਸਮੇਂ ਤੋਂ ਲੈ ਕੇ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਉਨ੍ਹਾਂ ਸਾਰੀਆਂ ਸਰਕਾਰਾਂ ਨਾਲੋਂ ਘਟੀਆ ਕਾਰਗੁਜ਼ਾਰੀ ‘ਆਪ’ ਸਰਕਾਰ ਦੀ ਰਹੀ ਹੈ। ਉਨ੍ਹਾਂ ਮੱਖ ਮੰਤਰੀ ਨੂੰ ਪਈ ਝਾੜ ਦਾ ਜ਼ਿਕਰ ਕਰਦਿਆਂ ਕਿਹਾ ਕਿ 75 ਸਾਲ ਵਿਚ ਇਹ ਪਹਿਲੀ ਵਾਰ ਹੋਇਆ ਹੈ, ਜਦ ਕਿਸੇ ਮੁੱਖ ਮੰਤਰੀ ਦੇ ਚੀਫ਼ ਸੈਕਟਰੀ ਨੂੰ ਡੀ.ਏ. ਨਾ ਦੇਣ ’ਤੇ ਜੁਰਮਾਨਾ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਨਾ ਕਿਸੇ ਮੁੱਖ ਮੰਤਰੀ ਨੂੰ ਹਾਈਕੋਰਟ ਨੇ ਜੁਰਮਾਨਾ ਕੀਤਾ ਹੈ ਅਤੇ ਨਾ ਹੀ ਹਾਈਕੋਰਟ ਦੇ ਹੁਕਮਾਂ ਨੂੰ ਕਿਸੇ ਮੁੱਖ ਮੰਤਰੀ ਨੇ ਅਣਗੋਲਿਆਂ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਹੀ ਅਫਸੋਸਜਨਕ ਗੱਲ ਹੈ ਕਿ ਮੁੱਖ ਮੰਤਰੀ ਦੇ ਚੀਫ਼ ਸੈਕਟਰੀ ਨੂੰ ਡੀ.ਏ. ਨਾ ਦੇਣ ਨੂੰ ਲੈ ਕੇ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਪੰਜਾਬ ਸਰਕਾਰ ਵੱਲ ਬਹੁਤ ਸਾਰੀਆਂ ਮੰਗਾਂ ਪੈਡਿੰਗ ਹਨ, ਜਿਵੇਂ ਕਿ ਡੀ.ਏ. ਦਾ ਪਿਛਲਾ ਬਕਾਇਆ ਦੇਣਾ, ਨਵੀਂ 3 ਫ਼ੀਸਦੀ ਡੀ.ਏ. ਦੀ ਕਿਸ਼ਤ ਜੋ ਕੇਂਦਰ ਨੇ ਲਾਗੂ ਕੀਤੀ ਹੈ, ਉਸ ਨੂੰ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਜਿਨ੍ਹਾਂ ਮੁਲਾਜ਼ਮਾਂ ਤੋਂ 3 ਸਾਲ ਦਾ ਪੀਰੀਅਡ ਹੈ, ਉਸ ਨੂੰ ਹਟਾਉਣਾ, ਸਬਸਟੇਸ਼ਨ ਚਲਾਉਣ ਲਈ ਐਸ.ਐਸ.ਏ. ਦੀ ਘਾਟ ਨੂੰ ਪੂਰਾ ਕਰਨ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਨਾਲ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਮੁਲਾਜ਼ਮ, ਪੈਨਸ਼ਨਰ ਥੋੜ੍ਹੇ ਦਿਨਾਂ ਤੱਕ ਪੈੱਨ ਡਾਊਨ, ਟੂਲ ਡਾਊਨ ਦੀ ਹੜਤਾਲ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਅਗਰ ਨਗਰ ਦਫ਼ਤਰ ਦੀ ਜਥੇਬੰਦੀ ਦੀ ਚੋਣ ਕਰਵਾਈ ਗਈ, ਜਿਸ ਵਿਚ ਰਮੇਸ਼ ਕੁਮਾਰ ਜੇ.ਈ. ਨੂੰ ਚੇਅਰਮੈਨ, ਜਗਤਾਰ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਵਾਈਸ ਪ੍ਰਧਾਨ, ਅਮਰਜੀਤ ਸਿੰਘ ਜਨਰਲ ਸਕੱਤਰ, ਵਕੀਲ ਕੁਮਾਰ ਜੁਆਇੰਟ ਸਕੱਤਰ, ਰਮੇਸ਼ ਕੁਮਾਰ, ਯੁਨਸ ਮਸੀਹ ਸਹਾਇਕ ਸਕੱਤਰ ਬਣਾਇਆ ਗਿਆ।