ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ਸੱਤ ਰੋਜ਼ਾ ਐਨ . ਐਸ . ਐਸ . ਕੈਂਪ ਦਾ ਸਮਾਪਤ
ਲੁਧਿਆਣਾ, 30 ਅਕਤੂਬਰ (ਜਸਵਿੰਦਰ ਸਿੰਘ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਵਿਖੇ ਕਰਵਾਏ ਸੱਤ ਰੋਜ਼ਾ ਐਨ. ਐਸ.
ਲੁਧਿਆਣਾ, 30 ਅਕਤੂਬਰ (ਜਸਵਿੰਦਰ ਸਿੰਘ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਵਿਖੇ ਕਰਵਾਏ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਇਕ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਸਮਾਪਤ ਹੋਇਆ। ਸਮਾਗਮ ਵਿਚ ਸੇਵਾ, ਅਨੁਸ਼ਾਸਨ ਤੇ ਰਾਸ਼ਟਰੀ ਜ਼ਿੰਮੇਵਾਰੀ ਦੀ ਸਾਂਝੀ ਭਾਵਨਾ ਦਾ ਜਸ਼ਨ ਮਨਾਇਆ। ਸਮਾਗਮ ਦੀ ਸ਼ੁਰੂਆਤ ‘ਸਰਸਵਤੀ ਵੰਦਨਾ’ ਅਤੇ ‘ਦੇਹ ਸ਼ਿਵਾ ਬਰ ਮੋਹਿ ਇਹੈ’ ਸ਼ਬਦ ਗਾਇਣ ਨਾਲ ਹੋਈ, ਜਿਸ ਵਿਚ ਗਿਆਨ ਤੇ ਤਰੱਕੀ ਲਈ ਪਰਮਾਤਮਾ ਦੇ ਆਸ਼ੀਰਵਾਦ ਦੀ ਕਾਮਨਾ ਕੀਤੀ ਗਈ। ਕਾਲਜ ਦੀ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਐਨ. ਐਸ. ਐਸ. ਦੇ ਅਧਿਕਾਰਤ ਅਧਿਆਪਕਾਂ ਡਾ. ਸੰਗੀਤਾ ਰਾਣੀ, ਡਾ. ਬੇਅੰਤ ਕੌਰ ਅਤੇ ਸਾਰੇ ਵਲੰਟੀਅਰਾਂ ਦੀ ਕੈਂਪ ਦੌਰਾਨ ਦਿਖਾਈ ਗਈ ਸਮਰਪਿਤ ਭਾਵਨਾ ਅਤੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਕਿਵੇਂ ਐਨ.ਐਸ.ਐਸ. ਦੀ ਭਾਵਨਾ ਵਿਦਿਆਰਥਣਾਂ ਵਿਚ ਅਗਵਾਈ (ਲੀਡਰਸ਼ਿਪ), ਹਮਦਰਦੀ ਅਤੇ ਨਾਗਰਿਕ ਜ਼ਿੰਮੇਵਾਰੀ ਦੇ ਗੁਣ ਪੈਦਾ ਕਰਦੀ ਹੈ, ਜੋ ਕਿ ‘ਵਿਕਸਿਤ ਭਾਰਤ’ ਦੇ ਨਿਰਮਾਣ ਲਈ ਬਹੁਤ ਜ਼ਰੂਰੀ ਥੰਮ੍ਹ ਹਨ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ‘ਨਸ਼ਾ-ਮੁਕਤ ਸਮਾਜ’ ਹੀ ਇਕ ਤਰੱਕੀਸ਼ੀਲ ਰਾਸ਼ਟਰ ਦੀ ਨੀਂਹ ਹੁੰਦਾ ਹੈ, ਜਿੱਥੇ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਅਤੇ ਰਾਸ਼ਟਰ-ਨਿਰਮਾਣ ਦੇ ਕੰਮਾਂ ਵਿਚ ਲਗਾਇਆ ਜਾਂਦਾ ਹੈ। ਐਨ.ਐਸ.ਐਸ. ਦੇ ਇੰਚਾਰਜ ਨੇ ਨਿਸ਼ਕਾਮ ਸੇਵਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਕੈਂਪ ਦੀ ਰਿਪੋਰਟ ਗੁਰਲੀਨ ਕੌਰ ਦੁਆਰਾ ਪੇਸ਼ ਕੀਤੀ ਗਈ, ਜਿਸ ਤੋਂ ਬਾਅਦ ਡਾ. ਬੇਅੰਤ ਕੌਰ ਨੇ ਧੰਨਵਾਦੀ ਸ਼ਬਦ ਕਹੇ। ਕੈਂਪ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਤਗਮੇ ਅਤੇ ਪੁਜ਼ੀਸ਼ਨ ਹਾਸਲ ਕਰਨ ਵਾਲਿਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰਾਂ ਨੇ ਇੰਚਾਰਜ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਇਸ ਕਾਰਜ ਦੀ ਸਫਲਤਾ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਅਜਿਹੇ ਕਾਰਜ ਕਰਦੇ ਰਹਿਣ ਲਈ ਪ੍ਰੇਰਿਆ।