ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਔਰਤ ਕਾਬੂ
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸਥਾਨਕ ਗੁਰੂ ਅਰਜਨ ਦੇਵ ਨਗਰ ਸਥਿਤ ਇਕ ਘਰ ਵਿਚ ਛਾਪਾਮਾਰੀ ਕਰਕੇ ਔਰਤ ਨੂੰ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸਥਾਨਕ ਗੁਰੂ ਅਰਜਨ ਦੇਵ ਨਗਰ ਸਥਿਤ ਇਕ ਘਰ ਵਿਚ ਛਾਪਾਮਾਰੀ ਕਰਕੇ ਔਰਤ ਨੂੰ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੌਕੇ ’ਤੇ ਪੁਲਿਸ ਨੇ 7 ਵਿਅਕਤੀਆਂ ਨੂੰ ਨਸ਼ਾ ਕਰਦੇ ਵੀ ਕਾਬੂ ਕੀਤਾ ਹੈ। ਸੀ.ਆਈ.ਏ . ਸਟਾਫ਼ ਅਤੇ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਵਲੋਂ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਕਾਬੂ ਕੀਤੀ ਗਈ ਔਰਤ ਦੀ ਸ਼ਨਾਖ਼ਤ ਨੀਲਮ ਰਾਣੀ ਉਰਫ ਨੀਲਮ ਪ੍ਰੈੱਸ ਵਾਲੀ ਵਜੋਂ ਕੀਤੀ ਗਈ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਔਰਤ ਆਪਣੇ ਘਰ ਵਿਚ ਹੀ ਲੋਕਾਂ ਨੂੰ ਨਸ਼ਾ ਕਰਵਾਉਂਦੀ ਹੈ, ਜਿਸ ’ਤੇ ਪੁਲਿਸ ਵਲੋਂ ਉੱਥੇ ਛਾਪਾਮਾਰੀ ਕੀਤੀ ਗਈ। ਇਸ ਔਰਤ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਵਲੋਂ ਮੌਕੇ ’ਤੇ ਸੱਤ ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਵਲੋਂ ਇਹਨਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀਆਂ ਵਿਚ ਜੋਤੀ ਵਾਸੀ ਤਾਜਪੁਰ ਰੋਡ, ਅਜੇ ਕੁਮਾਰ ਵਾਸੀ ਗੁਰੂ ਅਰਜਨ ਦੇਵ ਨਗਰ, ਅਮਿਤ ਕਪੂਰ ਵਾਸੀ ਸਲੇਮ ਟਾਬਰੀ, ਇੰਦਰਜੀਤ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਗੌਰਵ ਵਾਸੀ ਜਮਾਲਪੁਰ, ਜਸਵਿੰਦਰ ਸਿੰਘ ਵਾਸੀ ਨਿਊ ਮੰਗਲੀ ਅਤੇ ਕਰਮਜੀਤ ਵਾਸੀ ਗੁਰੂ ਅਰਜਨ ਦੇਵ ਨਗਰ ਸ਼ਾਮਿਲ ਹਨ।