ਪਿੰਡ ਨੂਰਪੁਰ ਸੇਠਾਂ ਵਿਖੇ ਫੂਡ ਸੇਫ਼ਟੀ ਵਿਭਾਗ ਦੀ ਅਹਿਮ ਚੈਕਿੰਗ, ਖਾਧ ਪਦਾਰਥਾਂ ਦੇ 5 ਸੈਂਪਲ ਭਰੇ
ਮਿਆਦ ਪੁੱਗ ਚੁੱਕੇ ਖਾਧ ਪਦਾਰਥ ਵਿਕਰੀ ਤੋਂ ਹਟਾਏ
ਫ਼ਿਰੋਜ਼ਪੁਰ,29 ਸਤੰਬਰ (ਕੁਲਬੀਰ ਸਿੰਘ ਸੋਢੀ)- ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਸਾਫ਼-ਸੁਥਰੇ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫ਼ਟੀ ਵਿਭਾਗ ਵਲੋਂ ਹਲਕਾ ਦਿਹਾਤੀ ਦੇ ਪਿੰਡ ਨੂਰਪੁਰ ਸੇਠਾਂ ਵਿਖੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਇਕ ਦੁਕਾਨ ਦੀ ਜਾਂਚ ਕਰਦਿਆਂ ਮਸਾਲਿਆਂ, ਕਾਲੇ ਨਮਕ, ਅਦਰਕ ਪਾਊਡਰ, ਹਲਦੀ, ਮਿਰਚ ਅਤੇ ਜ਼ੀਰਾ ਪਾਊਡਰ ਸਮੇਤ ਵੱਖ-ਵੱਖ ਖਾਧ ਪਦਾਰਥਾਂ ਦੇ ਪੰਜ ਸੈਂਪਲ ਭਰ ਕੇ ਜਾਂਚ ਲਈ ਭੇਜੇ ਗਏ, ਜਦਕਿ ਕੁੱਝ ਮਿਆਦ ਪੁੱਗ ਚੁੱਕੇ ਖਾਧ ਪਦਾਰਥਾਂ ਨੂੰ ਮੌਕੇ ’ਤੇ ਹੀ ਵਿੱਕਰੀ ਤੋਂ ਹਟਾਇਆ ਗਿਆ।
ਫ਼ਿਰੋਜ਼ਪੁਰ,29 ਸਤੰਬਰ (ਕੁਲਬੀਰ ਸਿੰਘ ਸੋਢੀ)- ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਸਾਫ਼-ਸੁਥਰੇ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫ਼ਟੀ ਵਿਭਾਗ ਵਲੋਂ ਹਲਕਾ ਦਿਹਾਤੀ ਦੇ ਪਿੰਡ ਨੂਰਪੁਰ ਸੇਠਾਂ ਵਿਖੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਇਕ ਦੁਕਾਨ ਦੀ ਜਾਂਚ ਕਰਦਿਆਂ ਮਸਾਲਿਆਂ, ਕਾਲੇ ਨਮਕ, ਅਦਰਕ ਪਾਊਡਰ, ਹਲਦੀ, ਮਿਰਚ ਅਤੇ ਜ਼ੀਰਾ ਪਾਊਡਰ ਸਮੇਤ ਵੱਖ-ਵੱਖ ਖਾਧ ਪਦਾਰਥਾਂ ਦੇ ਪੰਜ ਸੈਂਪਲ ਭਰ ਕੇ ਜਾਂਚ ਲਈ ਭੇਜੇ ਗਏ, ਜਦਕਿ ਕੁੱਝ ਮਿਆਦ ਪੁੱਗ ਚੁੱਕੇ ਖਾਧ ਪਦਾਰਥਾਂ ਨੂੰ ਮੌਕੇ ’ਤੇ ਹੀ ਵਿੱਕਰੀ ਤੋਂ ਹਟਾਇਆ ਗਿਆ। ਫੂਡ ਸੇਫ਼ਟੀ ਅਫ਼ਸਰ ਅਭਿਨਵ ਕੁਮਾਰ ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਖਾਧ ਪਦਾਰਥਾਂ ਦੀ ਖ਼ਰੀਦ ਸਿਰਫ਼ ਅਧਿਕਾਰਤ ਡਿਸਟਰੀਬਿਊਟਰਾਂ ਜਾਂ ਭਰੋਸੇਯੋਗ ਥੋਕ ਵਿਕੇ੍ਰਤਾਵਾਂ ਤੋਂ ਹੀ ਕਰਨ ਅਤੇ ਹਰ ਖ਼ਰੀਦ ਦਾ ਵੈਧ ਬਿੱਲ ਆਪਣੇ ਕੋਲ ਰੱਖਣ। ਉਨ੍ਹਾਂ ਕਿਹਾ ਕਿ ਬਿਨਾਂ ਬਿੱਲ ਦੇ ਜਾਂ ਸ਼ੱਕੀ ਸਰੋਤਾਂ ਤੋਂ ਖਾਧ ਪਦਾਰਥ ਖ਼ਰੀਦਣ ਨਾਲ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿੱਕਰੀ ਦਾ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਖਾਧ ਪਦਾਰਥਾਂ ਦੀ ਮੰਗ ਵਧਣ ਕਾਰਨ ਦੁਕਾਨਦਾਰਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਇਸ ਲਈ ਖਾਧ ਪਦਾਰਥਾਂ ਦੀ ਸਫ਼ਾਈ, ਸਟੋਰੇਜ, ਮਿਆਦ ਅਤੇ ਗੁਣਵੱਤਾ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਉਹੀ ਮਿਆਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇ, ਜੋ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਖੁਆਉਣਾ ਪਸੰਦ ਕਰਦੇ ਹਨ। ਡਾ. ਅਭਿਨਵ ਕੁਮਾਰ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਰੰਗਦਾਰ ਪਾਪੜ ਅਤੇ ਹੋਰ ਸਨੈਕਸ ਦੇਣ ਸਮੇਂ ਸਾਵਧਾਨੀ ਵਰਤਣ। ਅਜਿਹੇ ਉਤਪਾਦਾਂ ਦੀ ਲੇਬਲਿੰਗ, ਵਰਤੇ ਗਏ ਰੰਗਾਂ ਅਤੇ ਐੱਫ.ਐੱਸ.ਐੱਸ.ਏ.ਆਈ. ਦੇ ਮਾਪਦੰਡਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਬਿਨਾਂ ਲੇਬਲ ਵਾਲੇ ਜਾਂ ਸ਼ੱਕੀ ਖਾਧ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਚੈਕਿੰਗ ਦੌਰਾਨ ਪਿੰਡ ਦੀਆਂ ਕਈ ਦੁਕਾਨਾਂ ਬੰਦ ਹੋਣ ਦੀ ਸਥਿਤੀ ਵੀ ਸਾਹਮਣੇ ਆਈ। ਵਿਭਾਗ ਵਲੋਂ ਦੁਕਾਨਦਾਰਾਂ ਨੂੰ ਜਾਂਚ ਤੋਂ ਘਬਰਾਉਣ ਦੀ ਬਜਾਏ ਆਪਣੇ ਕਾਰੋਬਾਰ ਵਿਚ ਪਾਰਦਰਸ਼ਤਾ ਰੱਖਣ ਅਤੇ ਸਾਰੇ ਲੋੜੀਂਦੇ ਦਸਤਾਵੇਜ਼ ਅਤੇ ਬਿੱਲ ਸੰਭਾਲ ਕੇ ਰੱਖਣ ਦੀ ਅਪੀਲ ਕੀਤੀ ਗਈ। ਵਿਭਾਗ ਅਨੁਸਾਰ ਲਏ ਗਏ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਖਾਧ ਪਦਾਰਥਾਂ ਦੀ ਗੁਣਵੱਤਾ ਸਬੰਧੀ ਅੰਤਿਮ ਸਥਿਤੀ ਸਪੱਸ਼ਟ ਹੋਵੇਗੀ।