ਰਾਣਾ ਹਸਪਤਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਡਾਬਾ/ਲੁਹਾਰਾ, 25 ਅਗਸਤ (ਕੁਲਵੰਤ ਸਿੰਘ ਸੱਪਲ)-ਰਾਣਾ ਹਸਪਤਾਲ, ਪੱਖੋਵਾਲ ਰੋਡ ਵਲੋਂ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ, ਨਿਊ ਸ਼ਿਮਲਾਪੁਰੀ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 130 ਤੋਂ ਵੱਧ ਲੋਕਾਂ ਦੀਆਂ ਅੱਖਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੀ ਜਾਂਚ ਕੀਤੀ ਗਈ।
ਡਾਬਾ/ਲੁਹਾਰਾ, 25 ਅਗਸਤ (ਕੁਲਵੰਤ ਸਿੰਘ ਸੱਪਲ)-ਰਾਣਾ ਹਸਪਤਾਲ, ਪੱਖੋਵਾਲ ਰੋਡ ਵਲੋਂ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ, ਨਿਊ ਸ਼ਿਮਲਾਪੁਰੀ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 130 ਤੋਂ ਵੱਧ ਲੋਕਾਂ ਦੀਆਂ ਅੱਖਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੀ ਜਾਂਚ ਕੀਤੀ ਗਈ। ਕੈਂਪ ਵਿਚ ਰਾਣਾ ਹਸਪਤਾਲ ਦੇ ਡਾਇਰੈਕਟਰ ਅਤੇ ਅੱਖਾਂ ਦੇ ਵਿਭਾਗ ਦੇ ਮੁਖੀ ਡਾ. ਬ੍ਰਿਜਿੰਦਰ ਸਿੰਘ ਰਾਣਾ ਅਤੇ ਉਨ੍ਹਾਂ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੰਡੀਆਂ ਗਈਆਂ। ਇਸ ਮੌਕੇ ’ਤੇ ਸੰਬੋਧਨ ਕਰਦਿਆਂ ਡਾ. ਬ੍ਰਿਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਅੱਜ ਕੱਲ੍ਹ ਐਨਕਾਂ ਲਗਾਉਣ ਵਾਲੇ ਬੱਚਿਆਂ ਦੀ ਗਿਣਤੀ ਦਿਨ ਬ ਦਿਨ ਵੱਧ ਰਹੀ ਹੈ। ਉਨ੍ਹਾਂ ਬੱਚਿਆਂ ਵਿਚ ਐਨਕਾਂ ਦੇ ਨੰਬਰ ਵਧਣ ਤੋਂ ਰੋਕਣ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ ਅਤੇ ਐਨਕਾਂ ਪਹਿਨਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਬੱਚਿਆਂ ਅਤੇ ਮਾਵਾਂ ਨੂੰ ਮੋਬਾਈਲ, ਟੀ.ਵੀ. ਦੀ ਸਹੀ ਵਰਤੋਂ, ਪੜ੍ਹਨ ਦੌਰਾਨ ਰੌਸ਼ਨੀ ਦੇ ਸਹੀ ਪ੍ਰਬੰਧ, ਪੜ੍ਹਨ ਵੇਲੇ ਸੁਰੱਖਿਅਤ ਦੂਰੀ ਬਣਾਈ ਰੱਖਣ ਅਤੇ ਅੱਖਾਂ ਦੀ ਸਿਹਤ ਲਈ ਸੰਤੁਲਿਤ ਖ਼ੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕਰਨ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਡਾ. ਰਾਣਾ ਨੇ ਦੱਸਿਆ ਕਿ ਰਾਣਾ ਹਸਪਤਾਲ ਵਲੋਂ ਅਜਿਹੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਅਤੇ ਜਾਗਰੂਕਤਾ ਕੈਂਪ ਭਵਿੱਖ ਵਿਚ ਵੀ ਲਗਾਏ ਜਾਂਦੇ ਰਹਿਣਗੇ। ਇਸ ਮੌਕੇ ਡਾ. ਰਾਣਾ ਨੇ ਮਰੀਜ਼ਾਂ ਦੀ ਦੇਖਭਾਲ ਪ੍ਰਤੀ ਸਮਰਪਣ ਲਈ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹਸਪਤਾਲ ਦੀ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।