ਡਾ . ਧਾਲੀਵਾਲ ਨੇ ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ ਦੇ ਕਾਰਜਾਂ ਦਾ ਲਿਆ ਜਾਇਜ਼ਾ
ਲੁਧਿਆਣਾ, 27 ਨਵੰਬਰ (ਜਸਵਿੰਦਰ ਸਿੰਘ)- ਬੀਤੇ ਦਿਨੀਂ ਪੀ. ਏ.
ਲੁਧਿਆਣਾ, 27 ਨਵੰਬਰ (ਜਸਵਿੰਦਰ ਸਿੰਘ)- ਬੀਤੇ ਦਿਨੀਂ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਯੂਨੀਵਰਸਿਟੀ ਵਿਖੇ ਸਥਾਪਿਤ ਪੰਜਾਬ ਹੋਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ ਦਾ ਵਿਸ਼ੇਸ਼ ਦੌਰਾ ਕਰਕੇ ਕੇਂਦਰ ਵਲੋਂ ਕੀਤੇ ਜਾ ਰਹੇ ਕਾਰਜਾਂ ਤੇ ਵਢਾਈ ਉਪਰੰਤ ਫ਼ਸਲਾਂ ਦੀ ਸਾਂਭ-ਸੰਭਾਲ ਅਤੇ ਰੱਖ-ਰਖਾਅ ਤਕਨੀਕਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਾਈਸ ਚਾਂਸਲਰ ਨੇ ਕੇਂਦਰ ਦੇ ਵਿਗਿਆਨੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਖੇਤੀ ਵਿਚ ਉੱਦਮ ਤੇ ਸਵੈ ਨਿਰਭਰਤਾ ਰਾਹੀਂ ਵਧੇਰੇ ਮੁਨਾਫ਼ੇ ਵੱਲ ਤੁਰਨ ਦਾ ਯੁੱਗ ਹੈ। ਇਸ ਲਈ ਵਢਾਈ ਉਪਰੰਤ ਬਾਗਬਾਨੀ ਉਤਪਾਦਨ ਦੀ ਸਾਂਭ-ਸੰਭਾਲ ਅਤੇ ਉਤਪਾਦ ਨਿਰਮਾਣ ਦੇ ਖੇਤਰ ਵਿਚ ਵਧੇਰੇ ਸਮਰਪਿਤ ਖੋਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਉਦਯੋਗ ਅਤੇ ਕਿਸਾਨਾਂ ਦੇ ਉੱਦਮ ਸਥਾਪਿਤ ਕਰਕੇ ਬਾਗਬਾਨੀ ਫ਼ਸਲਾਂ ਹੇਠ ਰਕਬਾ ਵਧਾਇਆ ਜਾ ਸਕਦਾ ਹੈ। ਡਾ. ਧਾਲੀਵਾਲ ਨੇ ਕੇਂਦਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਇਸ ਦੇ ਨਤੀਜਿਆਂ ਨੂੰ ਹੋਰ ਕਿਸਾਨਾਂ ਤੱਕ ਫੈਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪੰਜਾਬ ਹੋਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ ਦੇ ਨਿਰਦੇਸ਼ਕ ਡਾ. ਬੀ. ਵੀ. ਸੀ. ਮਹਾਜਨ ਨੇ ਕੇਂਦਰ ਦੇ ਬੁਨਿਆਦੀ ਢਾਂਚੇ ਅਤੇ ਕੰਮਕਾਰ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਨਾਲ ਹੀ ਉਨ੍ਹਾਂ ਨੇ ਪ੍ਰਯੋਗਸ਼ਾਲਾਵਾਂ ਵਿਚ ਪਰਖ ਕਾਰਜਾਂ ਤੇ ਤਾਜ਼ਾ ਭੋਜਨ ਉਤਪਾਦਾਂ ਦੇ ਨਿਰਮਾਣ ਦੀ ਪ੍ਰਕਿਰਿਆ ਸਾਂਝੀ ਕੀਤੀ।