ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਪੁਲਿਸ ਵਲੋਂ 7 ਵਿਅਕਤੀ ਗ੍ਰਿਫ਼ਤਾਰ
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ, ਹੈਰੋਇਨ ਪੀਂਦੇ ਵਿਅਕਤੀ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ, ਹੈਰੋਇਨ ਪੀਂਦੇ ਵਿਅਕਤੀ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਦਰ ਤਰਨ ਤਾਰਨ ਦੇ ਏ.ਐਸ.ਆਈ. ਕੰਵਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਦੋ ਵਿਅਕਤੀ, ਜੋ ਕਿ ਮੜੀਆਂ ਰਸੂਲਪੁਰ ਵਿਖੇ ਨਸ਼ੇ ਦਾ ਸੇਵਨ ਕਰ ਰਹੇ ਸਨ। ਪੁਲਿਸ ਵਲੋਂ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇਕ ਲਾਈਟਰ, ਪੰਨੀ ਸਿਲਵਰ ਪੇਪਰ, 10 ਰੁਪਏ ਦਾ ਨੋਟ ਗੋਲ ਕੀਤਾ ਹੋਇਆ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਮਾਣੋਚਾਲ੍ਹ, ਅਮੋਲਕਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਕੁਹਾੜਕਾ ਵਜੋਂ ਹੋਈ। ਇਸੇ ਤਰ੍ਹਾਂ ਥਾਣਾ ਸਦਰ ਤਰਨ ਤਾਰਨ ਦੇ ਐਚ.ਸੀ. ਸੁਖਰਾਜ ਸਿੰਘ ਨੇ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੌਰਾਨ ਪੁਲ ਘਰਾਟ ਪਿੰਡ ਅਲਾਦੀਨਪੁਰ ਵਿਖੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ। ਫੜੇ ਗਏ ਵਿਅਕਤੀ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ਼ ਮੋਟਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਪਿੱਦੀ ਵਜੋਂ ਹੋਈ। ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਬਲਬੀਰ ਸਿੰਘ ਨੇ ਪਿੰਡ ਸੁਰ ਸਿੰਘ ਵਿਖੇ ਰਾਜਵਿੰਦਰ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਕਾਲੇ ਹਾਲ ਵਾਸੀ ਬਲ੍ਹੇਰ ਰੋਡ ਭਿੱਖੀਵਿੰਡ, ਜਸ਼ਨ ਉਰਫ਼ ਟੀਟੂ ਪੁੱਤਰ ਹਰਜਿੰਦਰ ਸਿੰਘ ਵਾਸੀ ਸੁਰ ਸਿੰਘ ਨੂੰ 20 ਰੁਪਏ ਦਾ ਨੋਟ, ਇਕ ਲਾਈਟਰ, ਇਕ ਸਿਲਵਰ ਪੰਨੀ, ਜਿਸ ’ਤੇ ਹੈਰੋਇਨ ਲੱਗੀ ਹੋਈ ਸੀ ਅਤੇ ਧੂੰਏਂ ਨਾਲ ਕਾਲੀ ਹੋਈ ਸੀ, ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਦਰ ਪੱਟੀ ਦੇ ਏ.ਐਸ.ਆਈ. ਕੁਲਵਿੰਦਰ ਸਿੰਘ ਗਸ਼ਤ ਦੇ ਸੰਬੰਧ ਵਿਚ ਪਿੰਡ ਘਰਿਆਲਾ ਤੋਂ ਪੂੰਨੀਆਂ ਆਦਿ ਪਿੰਡਾਂ ਨੂੰ ਜਾ ਰਹੇ ਸਨ ਕਿ ਜਦੋਂ ਪੁਲਿਸ ਪਾਰਟੀ ਸਾਹਮਣੇ ਬਾਬਾ ਸ਼ੇਰ ਸਾਹ ਵਾਲੀ ਦਰਗਾਹ ’ਤੇ ਪੁੱਜੀ ਤਾਂ ਸੜਕ ਦੇ ਕਿਨਾਰੇ ’ਤੇ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਲੋਅਰ ਦੀ ਜੇਬ ਵਿਚੋਂ ਕੁਝ ਵਸਤੂ ਕੱਢ ਕੇ ਸੁੱਟ ਦਿੱਤੀ। ਸ਼ੱਕ ਪੈਣ ’ਤੇ ਜਦ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਵਲੋਂ ਸੁੱਟੀ ਹੋਈ ਵਸਤੂ ਦੀ ਜਾਂਚ ਕੀਤੀ ਤਾਂ ਉਸ ਵਿਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਨੌਜਵਾਨ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਘਰਿਆਲਾ ਵਜੋਂ ਹੋਈ।