25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਡੇਢ ਸਦੀ ਪੁਰਾਣੇ ਰੀਗੋ ਪੁਲ ਦੇ ਬੰਦ ਹੋਣ ਨਾਲ ਵਪਾਰਕ ਗਤੀਵਿਧੀਆਂ ’ਚ ਪੈ ਰਿਹਾ ਭਾਰੀ ਵਿਘਨ

ਅੰਮ੍ਰਿਤਸਰ, 25 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੀ ਜੀ. ਟੀ.

Ad Position 21
No active advertisement
ਅਜੀਤ ਡੈਸਕ 26-11-2026
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੀ ਜੀ. ਟੀ. ਰੋਡ ਨੂੰ ਕਿਲ੍ਹਾ ਗੋਬਿੰਦਗੜ੍ਹ ਰੋਡ ਨਾਲ ਜੋੜਨ ਲਈ ਲਗਭਗ ਡੇਢ ਸਦੀ ਪਹਿਲਾਂ ਬਣਾਏ ਗਏ ਰੀਗੋ ਬ੍ਰਿਜ ਬਨਾਮ ਭਗਵਾਨ ਮਹਾਵੀਰ ਪੁਲ ਦੀ ਮਿਆਦ ਖ਼ਤਮ ਹੋਣ ਦੇ ਲੰਬੇ ਸਮੇਂ ਬਾਅਦ ਇਸ ਦੀ ਸ਼ੁਰੂ ਕੀਤੀ ਨਵਉਸਾਰੀ ਅਜੇ ਵੀ ਜਾਰੀ ਹੈ। ਹਾਲਾਂਕਿ, ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਇਸ ਪੁਲ ਨੂੰ ਦਸੰਬਰ 2025 ਤੱਕ ਮੁਕੰਮਲ ਕਰਕੇ ਆਵਾਜਾਈ ਲਈ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ ਸੀ। ਅੰਮ੍ਰਿਤਸਰ ਸ਼ਹਿਰ ਦੀ ਲਾਈਫ਼ ਲਾਈਨ ਵਜੋਂ ਜਾਣੇ ਜਾਂਦੇ ਇਸ ਰੇਲਵੇ ਓਵਰ ਬ੍ਰਿਜ (ਆਰ. ਓ. ਬੀ.) ਦੀ ਚੱਲ ਰਹੀ ਉਸਾਰੀ ਕਾਰਨ ਸਿਰਫ਼ ਸਥਾਨਕ ਸ਼ਹਿਰੀਆਂ ਨੂੰ ਹੀ ਨਹੀਂ ਬਲਕਿ ਸੰਬੰਧਿਤ ਨਜ਼ਦੀਕੀ ਪਿੰਡਾਂ-ਕਸਬਿਆਂ ਦੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਹਲਕਾ ਕੇਂਦਰੀ, ਉੱਤਰੀ ਅਤੇ ਪੱਛਮੀ ਦੇ ਲੋਕਾਂ ਵਲੋਂ ਵਰਤੋਂ ’ਚ ਲਿਆਂਦੇ ਜਾਣ ਵਾਲੇ ਇਸ ਪੁਲ ਦੇ ਬੰਦ ਹੋਣ ਕਾਰਨ ਆਵਾਜਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰ ਦੇ ਕਾਰੋਬਾਰੀ ਆਗੂਆਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਮਹੱਤਵਪੂਰਨ ਰੀਗੋ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ’ਚ ਲਗਾਤਾਰ ਦੇਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਲਗਭਗ ਢਾਈ ਸਾਲ ਤੋਂ ਚੱਲ ਰਹੇ ਨਿਰਮਾਣ ਕਾਰਜ ਨੇ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ, ਜਿਸ ਨਾਲ ਆਮ ਲੋਕਾਂ, ਵਪਾਰੀਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਪਾਰੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਪੁਲ ਜੀ. ਟੀ. ਰੋਡ ਅਤੇ ਗੋਬਿੰਦਗੜ੍ਹ ਕਿਲ੍ਹਾ ਖੇਤਰ ਨੂੰ ਜੋੜਨ ਵਾਲਾ ਇਕ ਪ੍ਰਮੁੱਖ ਰਸਤਾ ਹੈ ਅਤੇ ਇਸ ਦੇ ਬੰਦ ਹੋਣ ਨਾਲ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਰਹੀ ਹੈ। ਨਵਾਂ ਕੋਟ, ਇਸਲਾਮਾਬਾਦ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਆਉਣ ਵਾਲੇ ਹਜ਼ਾਰਾਂ ਲੋਕ ਰੋਜ਼ਾਨਾ ਟ੍ਰੈਫਿਕ ਜਾਮ ਦਾ ਸਾਹਮਣਾ ਕਰ ਰਹੇ ਹਨ। ਦੂਜੇ ਪਾਸੇ, ਸੰਬੰਧਿਤ ਵਿਭਾਗ ਦਾ ਕਹਿਣਾ ਹੈ ਕਿ ਚੱਲਦੀਆਂ ਰੇਲਵੇ ਲਾਈਨਾਂ ਦੇ ਉੱਪਰ ਇਸ ਪੁਲ ਦੀ ਮੁੜ ਉਸਾਰੀ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਅਤੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀ ਕਈ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ। ਪੁਰਾਣੇ ਪੁਲ ਨੂੰ ਢਾਹੁਣ ਤੋਂ ਪਹਿਲਾਂ ਪਾਵਰਕੌਮ ਦੀਆਂ ਕਈ 1 1 ਕੇ. ਵੀ. ਬਿਜਲੀ ਦੀਆਂ ਤਾਰਾਂ ਨੂੰ ਤਬਦੀਲ ਕਰਨਾ ਪਿਆ। ਇਸ ਤੋਂ ਇਲਾਵਾ ਫ਼ੌਜੀ ਅਦਾਰਿਆਂ ਨਾਲ ਸੰਬੰਧਿਤ ਕਈ ਆਪਟੀਕਲ ਫਾਈਬਰ ਕੇਬਲਾਂ, ਰੇਲਵੇ ਦੀਆਂ ਸੀਵਰੇਜ ਲਾਈਨਾਂ, ਵਾਟਰ ਸਪਲਾਈ ਪਾਈਪਾਂ, ਸਿਗਨਲ ਅਤੇ ਟੈਲੀਕਾਮ ਕੇਬਲਾਂ, ਟੀ. ਆਰ. ਡੀ. ਪੋਰਟਲੇਮਾਸਟ ਅਤੇ ਸਰਵਿਸ ਬਿਲਡਿੰਗਾਂ ਨੂੰ ਵੀ ਦੂਜੀ ਥਾਂ ਤਬਦੀਲ ਕੀਤਾ ਗਿਆ। ਅਧਿਕਾਰੀਆਂ ਮੁਤਾਬਿਕ ਰੇਲਵੇ ਟਰੈਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਚੱਲਦੀਆਂ ਲਾਈਨਾਂ ਦੇ ਉੱਪਰ ਪੁਰਾਣੇ ਪੁਲ ਦੇ ਸਲੈਬਾਂ ਨੂੰ ਡਾਇਮੰਡ ਕੋਰ ਕਟਰਾਂ ਦੀ ਮਦਦ ਨਾਲ ਕੱਟ ਕੇ ਹਟਾਇਆ ਗਿਆ ਅਤੇ ਉਸ ਤੋਂ ਬਾਅਦ ਰੋਡ ਕਰੇਨਾਂ ਦੀ ਸਹਾਇਤਾ ਨਾਲ ਸਟੀਲ ਦੇ ਗਾਡਰ ਉਤਾਰੇ ਗਏ। ਉਨ੍ਹਾਂ ਨੇ ਕਿਹਾ ਕਿ ਕੰਮ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਸਰੋਤ ਲਗਾ ਦਿੱਤੇ ਗਏ ਹਨ ।
Ad Position 22
No active advertisement
ਪਿਛਲੀ ਖ਼ਬਰ ਸੀ.ਐਚ.ਸੀ. ਕਸੇਲ ਅਧੀਨ ਆਉਂਦੇ 0 ਤੋਂ 5 ਸਾਲ ਤੱਕ ਦੇ 8256 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਅਗਲੀ ਖ਼ਬਰ ਗੁਰਵਿੰਦਰ ਸਿੰਘ ਨੇ ਏ.ਸੀ.ਪੀ. ਦੱਖਣੀ ਵਜੋਂ ਅਹੁਦਾ ਸੰਭਾਲਿਆ
Ad Position 24