ਸੁਖਰਾਜ ਸਿੰਘ ਗੋਰੀ ਨੂੰ ਕਤਲ ਕਰਨ ਅਤੇ ਤਿੰਨ ਨੌਜਵਾਨਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਤਿੰਨ ਹਮਲਾਵਰ ਗ੍ਰਿਫ਼ਤਾਰ
ਤਰਨ ਤਾਰਨ, 22 ਨਵੰਬਰ (ਹਰਿੰਦਰ ਸਿੰਘ)–ਬੀਤੇ ਦਿਨੀਂ ਤਰਨ ਤਾਰਨ ਵਿਖੇ ਕੁਝ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਸੁਖਰਾਜ ਸਿੰਘ ਗੋਰੀ ਨਾਮਕ ਨੌਜਵਾਨ ਨੂੰ ਕਤਲ ਕਰਨ ਅਤੇ ਤਿੰਨ ਹੋਰ ਨੌਜਵਾਨਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਸੀ. ਆਈ.
ਤਰਨ ਤਾਰਨ, 22 ਨਵੰਬਰ (ਹਰਿੰਦਰ ਸਿੰਘ)–ਬੀਤੇ ਦਿਨੀਂ ਤਰਨ ਤਾਰਨ ਵਿਖੇ ਕੁਝ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਸੁਖਰਾਜ ਸਿੰਘ ਗੋਰੀ ਨਾਮਕ ਨੌਜਵਾਨ ਨੂੰ ਕਤਲ ਕਰਨ ਅਤੇ ਤਿੰਨ ਹੋਰ ਨੌਜਵਾਨਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਸੀ.ਆਈ.ਏ. ਸਟਾਫ਼ ਤਰਨ ਤਾਰਨ ਅਤੇ ਸਥਾਨਕ ਪੁਲਿਸ ਵਲੋਂ ਕਾਰਵਾਈ ਕਰਦਿਆਂ ਤਿੰਨ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸੰਬੰਧ ਵਿਚ ਥਾਣਾ ਸਿਟੀ ਵਿਖੇ ਪੁਲਿਸ ਨੇ 7 ਵਿਅਕਤੀਆਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਜਨ ਕੁਮਾਰ ਪੁੱਤਰ ਜੈਮਲ ਸਿੰਘ ਵਾਸੀ ਮੁਹੱਲਾ ਗੁਰੂ ਕਾ ਖੂਹ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਜਗਰਾਤੇ ਦਾ ਪ੍ਰੋਗਰਾਮ ਹੋਣ ਕਰਕੇ ਉਸ ਦਾ ਭਰਾ ਸੁਖਰਾਜ ਸਿੰਘ, ਹਰਦੀਪ ਸਿੰਘ ਉਰਫ਼ ਕਾਕਾ ਪੁੱਤਰ ਮੁਖਤਾਰ ਸਿੰਘ, ਰਿਸ਼ੀ ਪੁੱਤਰ ਤਰਸੇਮ ਸਿੰਘ ਅਤੇ ਬੌਬੀ ਪੁੱਤਰ ਧੀਰਾ ਸਿੰਘ ਸਾਰੇ ਵਾਸੀਆਨ ਮੁਹੱਲਾ ਗੁਰੂ ਕਾ ਖੂਹ ਵਲੋਂ ਜਗਰਾਤੇ ਸੰਬੰਧੀ ਮਹਾਰਾਜਾ ਰਣਜੀਤ ਸਿੰਘ ਸਕੂਲ ਤਰਨ ਤਾਰਨ ਦੇ ਕੋਲ ਗਲੀ ਵਿਚ ਲੰਗਰ ਲਗਾਉਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਮੋਹਿਤ ਪੁੱਤਰ ਮੁਕੱਦਰ ਸਿੰਘ, ਵਿਨੈ ਪੁੱਤਰ ਮੁਕੱਦਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬਗੀਚਾ ਸਿੰਘ, ਲਵ ਪੁੱਤਰ ਰਾਜ ਕੁਮਾਰ ਉਰਫ ਰਾਜੂ, ਰਘੂ ਪੁੱਤਰ ਸਿਕੰਦਰ ਸਿੰਘ ਅਤੇ ਵਿਸ਼ਾਲ ਗਿੱਲ ਵਾਸੀਆਨ ਗਲੀ ਖੱਡੀਆਂ ਵਾਲੀ ਮੁਹੱਲਾ ਗੁਰੂ ਕਾ ਖੂਹ ਅਤੇ ਇਨ੍ਹਾਂ ਨਾਲ 2 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਭਰਾ ਅਤੇ ਦੂਸਰੇ ਨੌਜਵਾਨਾਂ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਵਲੋਂ ਚਲਾਈਆਂ ਗੋਲੀਆਂ ਉਸ ਦੇ ਭਰਾ ਸੁਖਰਾਜ ਸਿੰਘ ਦੇ ਢਿੱਡ ਵਿਚ, ਬੌਬੀ ਦੀਆਂ ਦੋਨਾਂ ਲੱਤਾਂ ਵਿਚ, ਰਿਸ਼ੀ ਕੁਮਾਰ ਦੀ ਸੱਜੀ ਬਾਂਹ ਵਿਚ ਅਤੇ ਹਰਦੀਪ ਸਿੰਘ ਉਰਫ ਕਾਕਾ ਦੇ ਲੱਕ ਵਿਚ ਲੱਗੀਆਂ। ਇਹ ਸਾਰੇ ਜ਼ਖ਼ਮੀ ਹੋ ਕੇ ਜ਼ਮੀਨ ’ਤੇ ਡਿੱਗ ਪਏ। ਉਕਤ ਹਮਲਾਵਰ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲਿਆਂਦਾ ਗਿਆ, ਜਿਥੇ ਸੁਖਰਾਜ ਸਿੰਘ ਨੂੰ ਡਾਕਟਰਾਂ ਵਲੋਂ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਬਾਕੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਸ਼ਿਕਾਇਤਕਰਤਾ ਅਨੁਸਾਰ ਉਕਤ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਲਈ ਜੱਜਬੀਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਗਲੀ ਖੱਡੀਆਂ ਵਾਲੀ ਮੁਹੱਲਾ ਗੁਰੂ ਕਾ ਖੂਹ ਤਰਨ ਤਾਰਨ ਨੇ ਰੇਕੀ ਕਰਕੇ ਹਮਲਾਵਰਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਪਹਿਲਾਂ ਵੀ ਮੋਹਿਤ ਅਤੇ ਇਸਦੇ ਸਾਥੀਆ ਨਾਲ ਝਗੜਾ ਹੋਇਆ ਸੀ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਥਾਣਾ ਸਿਟੀ ਦੀ ਪੁਲਿਸ ਨੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਇਨ੍ਹਾ ਵਿਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। ਵਰਣਨਯੋਗ ਹੈ ਕਿ ਇਸ ਮਾਮਲੇ ਵਿਚ ਐਸ.ਐਸ.ਪੀ. ਤਰਨ ਤਾਰਨ ਵਲੋਂ ਤਰਨ ਤਾਰਨ ਦੇ ਥਾਣਾ ਮੁਖੀ ਪਰਮਜੀਤ ਸਿੰਘ ਵਿਰਦੀ ਨੂੰ ਲਾਈਨ ਹਾਜ਼ਰ ਵੀ ਕੀਤਾ ਹੈ।