ਜਲ੍ਹਿਆਂਵਾਲਾ ਬਾਗ ਦੇ ਪ੍ਰਬੰਧ ਨਿੱਜੀ ਹੱਥਾਂ ’ਚ, ਵਾਮਾ ਕੰਪਨੀ ਕਰ ਰਹੀ ਦੇਖ-ਰੇਖ
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰ ਕੋਛੜ)-ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ 6. 5 ਏਕੜ ’ਚ ਫੈਲੇ ਜਲ੍ਹਿਆਂਵਾਲਾ ਬਾਗ ਸਮਾਰਕ ਦੇ ਸਾਫ਼-ਸਫ਼ਾਈ, ਰੱਖ-ਰਖਾਅ, ਸਾਂਭ-ਸੰਭਾਲ ਅਤੇ ਸੁਰੱਖਿਆ ਪ੍ਰਬੰਧਾਂ ਆਦਿ ਦੀ ਜ਼ਿੰਮੇਵਾਰੀ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਅਹਿਮਦਾਬਾਦ (ਗੁਜਰਾਤ) ਦੀ ਵਾਮਾ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਨਾਮੀ ਕੰਪਨੀ ਨੂੰ ਸੌਂਪੀ ਗਈ ਹੈ।
ਜ
ਜਲ੍ਹਿਆਂਵਾਲਾ ਬਾਗ ਸਮਾਰਕ ਦੀ ਦਿਲਖਿੱਚ ਤਸਵੀਰ। ਤਸਵੀਰ : ਨਿਰਮਲ ਸਟੂਡੀਓ
30-09-2026
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰ ਕੋਛੜ)-ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ 6.5 ਏਕੜ ’ਚ ਫੈਲੇ ਜਲ੍ਹਿਆਂਵਾਲਾ ਬਾਗ ਸਮਾਰਕ ਦੇ ਸਾਫ਼-ਸਫ਼ਾਈ, ਰੱਖ-ਰਖਾਅ, ਸਾਂਭ-ਸੰਭਾਲ ਅਤੇ ਸੁਰੱਖਿਆ ਪ੍ਰਬੰਧਾਂ ਆਦਿ ਦੀ ਜ਼ਿੰਮੇਵਾਰੀ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਅਹਿਮਦਾਬਾਦ (ਗੁਜਰਾਤ) ਦੀ ਵਾਮਾ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਨਾਮੀ ਕੰਪਨੀ ਨੂੰ ਸੌਂਪੀ ਗਈ ਹੈ। ਜਿਸ ਦੇ ਚੱਲਦਿਆਂ ਸਮਾਰਕ ਦੇ ਲਗਭਗ ਸਾਰੇ ਪ੍ਰਬੰਧ ਇਸ ਨਿੱਜੀ ਕੰਪਨੀ ਕੋਲ ਹਨ । ਜ਼ਿਕਰਯੋਗ ਹੈ ਕਿ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੀ ਮੌਜੂਦਾ ਕਮੇਟੀ ਦਾ 5 ਸਾਲ ਦਾ ਕਾਰਜਕਾਲ 8 ਅਕਤੂਬਰ 2023 ਨੂੰ ਖ਼ਤਮ ਹੋ ਚੁੱਕਿਆ ਹੈ, ਜਦਕਿ ਇਸ ਕਮੇਟੀ ਦੀ ਅਜੇ ਤਕ ਇਕ ਵੀ ਅਧਿਕਾਰਕ ਬੈਠਕ ਨਹੀਂ ਕਰਵਾਈ ਗਈ। ਜ਼ਿਕਰਯੋਗ ਹੈ ਕਿ ਮੌਜੂਦਾ ਕੇਂਦਰ ਸਰਕਾਰ ਤੋਂ ਪਹਿਲਾਂ ਵੀ ਉਕਤ ਟਰੱਸਟ ਦੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਦੀ ਅਗਵਾਈ ਹੇਠ ਕਈ ਦਹਾਕਿਆਂ ਤਕ ਅਹੁਦੇਦਾਰਾਂ ਅਤੇ ਟਰੱਸਟੀਆਂ ਦੀ ਕੋਈ ਅਧਿਕਾਰਕ ਬੈਠਕ ਨਹੀਂ ਹੋਈ। ਜਿਸ ਕਾਰਨ ਵਿਰਾਸਤੀ ਸਮਾਰਕ ਤੋਂ ਕੌਮੀ ਸਮਾਰਕ ‘ਚ ਤਬਦੀਲ ਹੋ ਚੁਕੇ ਜਲ੍ਹਿਆਂਵਾਲਾ ਬਾਗ ਨੂੰ ਪਿਛਲੇ ਵਰ੍ਹਿਆਂ ਦੌਰਾਨ ਕਿੰਨੀ ਫੰਡਿੰਗ ਮਿਲੀ ਅਤੇ ਹੋਰ ਵਸੀਲਿਆਂ ਤੋਂ ਕਿੰਨੀ ਆਮਦਨ ਹੋਈ ਜਾਂ ਇਸ ਰਕਮ ’ਚੋਂ ਕਿੰਨੀ ਰਕਮ ਵੱਖ-ਵੱਖ ਕਾਰਜਾਂ ‘ਤੇ ਖ਼ਰਚ ਕੀਤੀ ਗਈ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਸਰਕਾਰ ਦੀ ਜਲ੍ਹਿਆਂਵਾਲਾ ਬਾਗ ਸਮਾਰਕ ‘ਚ ਕੋਈ ਵਿਸ਼ੇਸ਼ ਦਿਲਚਸਪੀ ਨਾ ਹੋਣ ਕਰਕੇ ਇਸ ਦੇ ਪ੍ਰਬੰਧ ਰੱਬ ਭਰੋਸੇ ਚੱਲ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਟਰੱਸਟ ਵਲੋਂ ਨਿਯੁਕਤ ਸਕੱਤਰ ਮਹੀਨਿਆਂ ਤਕ ਇੱਥੋਂ ਗ਼ਾਇਬ ਰਹਿੰਦੇ ਹਨ। ਕੇਂਦਰ ਸਰਕਾਰ ਵਲੋਂ ਸੰਸਦ ’ਚ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ (ਸੋਧ) ਬਿਲ 2018 ਪਾਸ ਕਰਕੇ ਸੰਨ 1951 ਤੋਂ ਸਮਾਰਕ ਦੀ ਦੇਖ-ਰੇਖ ਅਤੇ ਅਗਵਾਈ ਕਰਨ ਵਾਲੀ ਉਕਤ ਟਰੱਸਟ ਦੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਨੂੰ ਹਟਾ ਕੇ 8 ਅਕਤੂਬਰ 2018 ਨੂੰ ਟਰੱਸਟ ਦੇ ਕੁਝ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਸੀ। ਕੇਂਦਰ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਤੋਂ ਮੰਗਵਾਈ ਗਈ ਜਾਣਕਾਰੀ ਅਨੁਸਾਰ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੀ ਅਗਵਾਈ ਪ੍ਰਧਾਨ ਮੰਤਰੀ ਕਰਦੇ ਹਨ ਅਤੇ ਟਰੱਸਟੀਆਂ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ। ਟਰੱਸਟੀਆਂ ਦੇ ਨਾਂਅ ਸਭਿਆਚਾਰਕ ਮੰਤਰਾਲੇ ਦੁਆਰਾ ਪ੍ਰਸਤਾਵਿਤ ਹਨ ਅਤੇ ਪ੍ਰਧਾਨ ਮੰਤਰੀ ਦੁਆਰਾ ਮਨਜ਼ੂਰ ਕੀਤੇ ਗਏ ਹਨ। ਉਕਤ ਮੰਤਰਾਲੇ ਦੇ ਡਾਇਰੈਕਟਰ ਰਾਜੀਵ ਕੁਮਾਰ ਦੁਆਰਾ ਭੇਜੇ ਗਏ ਪੱਤਰ ’ਚ ਉਨ੍ਹਾਂ ਨੇ ਵੀ ਸਵੀਕਾਰ ਕੀਤਾ ਹੈ ਕਿ ਟਰੱਸਟ ਦੀ ਨਵੀਂ ਕਮੇਟੀ ਨਿਯਮਾਂ ਮੁਤਾਬਿਕ 5 ਸਾਲ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਲਗਭਗ ਤਿੰਨ ਸਾਲ ਪਹਿਲਾਂ ਅਕਤੂਬਰ 2023 ’ਚ ਭੰਗ ਹੋ ਚੁਕੀ ਹੈ ਅਤੇ ਇਸ ਦੌਰਾਨ ਟਰੱਸਟ ਦੀ ਕੋਈ ਇਕ ਵੀ ਅਧਿਕਾਰਕ ਬੈਠਕ ਨਹੀਂ ਹੋਈ। ਇਸ ਪੱਤਰ ਮੁਤਾਬਿਕ ਕੇਂਦਰ ਵਲੋਂ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ (ਸੋਧ) ਬਿਲ 2018 ਪਾਸ ਕਰਕੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਪਰਕਾਸ਼ ਸਿੰਘ ਬਾਦਲ ਅਤੇ ਭਾਜਪਾ ਨੇਤਾ ਸ਼ਵੇਤ ਮਲਿਕ ਦੀ ਨਵੇਂ ਟਰੱਸਟੀ ਮੈਂਬਰਾਂ ਵਜੋਂ ਨਿਯੁਕਤੀ ਕੀਤੀ ਗਈ। - ਆਵਾਜ਼ ਅਤੇ ਰੌਸ਼ਨੀ ਸ਼ੋਅ ਬੰਦ : ਜਲ੍ਹਿਆਂਵਾਲਾ ਬਾਗ ਸਮਾਰਕ ਵਿਖੇ ਰੋਜ਼ਾਨਾ ਸ਼ਾਮ ਨੂੰ ਵਿਖਾਇਆ ਜਾਣ ਵਾਲਾ ਆਵਾਜ਼ ਤੇ ਰੌਸ਼ਨੀ ਸ਼ੋਅ ਪਿਛਲੇ ਲਗਭਗ 13-14 ਦਿਨਾਂ ਤੋਂ ਬੰਦ ਹੈ। ਜਿਸ ਕਾਰਨ ਸਮਾਰਕ ਵਿਖੇ ਇਹ ਸ਼ੋਅ ਵੇਖਣ ਜਾਣ ਵਾਲੇ ਸੈਲਾਨੀਆਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਜਲ੍ਹਿਆਂਵਾਲਾ ਬਾਗ ਵਿਖੇ ਸੈਂਟਰਲ ਸਮਾਰਕ ’ਤੇ ਪੰਜਾਬੀ ’ਚ ਵਿਖਾਏ ਜਾਣ ਵਾਲੇ ਆਵਾਜ਼ ਤੇ ਰੌਸ਼ਨੀ ਸ਼ੋਅ ਦਾ ਸਮਾਂ ਸ਼ਾਮ 6:30 ਤੋਂ ਰਾਤ 7 ਵਜੇ ਤੱਕ ਅਤੇ ਹਿੰਦੀ ਸ਼ੋਅ ਦਾ ਸਮਾਂ 7:15 ਤੋਂ 7:45 ਵਜੇ ਤੱਕ ਕੀਤਾ ਗਿਆ ਹੈ। ਸਮਾਰਕ ’ਚ ਸੈਂਟਰਲ ਵਿਸਟਾ (ਸ਼ਹੀਦੀ ਸਮਾਰਕ) ਦੇ ਉੱਪਰ ਤਕਰੀਬਨ ਅੱਧੇ ਘੰਟੇ ਦੇ ਲੇਜ਼ਰ ਰੌਸ਼ਨੀ, ਕੰਪਿਊਟਰ ਐਨੀਮੇਸ਼ਨ ਅਤੇ ਪ੍ਰੋਜੈਕਸ਼ਨ ਮੈਪਿੰਗ ਤਕਨੀਕ ਯੁਕਤ ਸ਼ੋਅ ‘ਚ ਬ੍ਰਿਟਿਸ਼ ਰਾਜ ਦੇ ਵਿਰੁੱਧ ਪੰਜਾਬ ਦੇ ਵਿਰੋਧ, ਵਿਸ਼ਵ ਯੁੱਧ ਤੋਂ ਪਹਿਲਾਂ ਦੇ ਪੰਜਾਬ, ਗਦਰ ਪਾਰਟੀ ਅਤੇ ਭਾਰਤ ਦੇ ਹਾਲਾਤਾਂ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਦੇ ਇਤਿਹਾਸ ਤੋਂ ਵੀ ਜਾਣੂੰ ਕਰਵਾਇਆ ਜਾਂਦਾ ਹੈ।