ਮੀਂਹ ਤੇ ਤੇਜ਼ ਝੱਖੜ ਨੇ ਬਾਸਮਤੀ ਦੀ ਫ਼ਸਲ ਵਿਛਾਈ, ਕਿਸਾਨਾਂ ਦੇ ਚਿਹਰਿਆਂ ’ਤੇ ਛਾਈ ਉਦਾਸੀ
ਪੱਟੀ, 17 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਤੜਕਸਾਰ ਪਏ ਮੀਂਹ ਤੇ ਤੇਜ਼ ਝੱਖੜ ਕਾਰਨ ਜਿਥੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਉਥੇ ਹੀ ਤੇਜ਼ ਹਵਾਵਾਂ ਕਾਰਨ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਜਾ ਰਹੀ ਬਾਸਮਤੀ ਦੀ ਫ਼ਸਲ ਜ਼ਮੀਨ ’ਤੇ ਵਿਛ ਜਾਣ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਉਦਾਸੀ ਛਾ ਗਈ। ਖੇਤਾਂ ਵਿਚ ਪੱਕਣ ਦੇ ਨੇੜੇ ਪਹੁੰਚੀ ਬਾਸਮਤੀ ਦੀ ਫ਼ਸਲ ਦੇ ਡਿੱਗਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਡਰ ਸਤਾਉਣ ਲੱਗਾ ਹੈ।
ਪੱਟੀ, 17 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਤੜਕਸਾਰ ਪਏ ਮੀਂਹ ਤੇ ਤੇਜ਼ ਝੱਖੜ ਕਾਰਨ ਜਿਥੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਉਥੇ ਹੀ ਤੇਜ਼ ਹਵਾਵਾਂ ਕਾਰਨ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਜਾ ਰਹੀ ਬਾਸਮਤੀ ਦੀ ਫ਼ਸਲ ਜ਼ਮੀਨ ’ਤੇ ਵਿਛ ਜਾਣ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਉਦਾਸੀ ਛਾ ਗਈ। ਖੇਤਾਂ ਵਿਚ ਪੱਕਣ ਦੇ ਨੇੜੇ ਪਹੁੰਚੀ ਬਾਸਮਤੀ ਦੀ ਫ਼ਸਲ ਦੇ ਡਿੱਗਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਡਰ ਸਤਾਉਣ ਲੱਗਾ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਤੋਂ ਉਹ ਬਾਸਮਤੀ ਦੀ ਫ਼ਸਲ ਨੂੰ ਬੜੀ ਮਿਹਨਤ ਨਾਲ ਪਾਲ ਰਹੇ ਸਨ ਅਤੇ ਫ਼ਸਲ ਤੋਂ ਚੰਗੀ ਆਮਦਨ ਦੀ ਆਸ ਲਾਈ ਬੈਠੇ ਸਨ, ਪਰ ਅੱਜ ਤੜਕਸਾਰ ਆਏ ਮੀਂਹ ਦੇ ਨਾਲ ਚੱਲੇ ਤੇਜ਼ ਝੱਖੜ ਨੇ ਕਈ ਖੇਤਾਂ ਵਿਚ ਬਾਸਮਤੀ ਦੀ ਫ਼ਸਲ ਨੂੰ ਜ਼ਮੀਨ ’ਤੇ ਵਿਛਾ ਦਿੱਤਾ। ਕਿਸਾਨਾਂ ਅਨੁਸਾਰ ਫ਼ਸਲ ਦੇ ਇਸ ਤਰ੍ਹਾਂ ਡਿੱਗਣ ਨਾਲ ਇਸ ਦੇ ਝਾੜ ਅਤੇ ਗੁਣਵੱਤਾ ’ਤੇ ਮਾੜਾ ਅਸਰ ਪੈ ਸਕਦਾ ਹੈ। ਕਿਸਾਨ ਸੁਖਵਿੰਦਰ ਸਿੰਘ ਉਬੋਕੇ ਨੇ ਕਿਹਾ ਕਿ ਫ਼ਸਲ ਡਿੱਗਣ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫ਼ਸਲ ਦਾ ਝਾੜ ਉਮੀਦ ਮੁਤਾਬਕ ਨਾ ਨਿਕਲਿਆ ਤਾਂ ਪਹਿਲਾਂ ਹੀ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧ ਜਾਣਗੀਆਂ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੀਂਹ ਤੇ ਤੇਜ਼ ਝੱਖੜ ਕਾਰਨ ਜਿੰਨਾਂ ਕਿਸਾਨਾਂ ਦੀ ਬਾਸਮਤੀ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਨੁਕਸਾਨ ਦੇ ਅਨੁਸਾਰ ਯੋਗ ਮੁਆਵਜ਼ਾ ਦਿੱਤਾ ਜਾਵੇ।