ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਨੈਤਿਕ ਕਦਰਾਂ-ਕੀਮਤਾਂ ਅਤੇ ਸਾਡਾ ਸੱਭਿਆਚਾਰ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 5 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਮਾਜ ਵਿਚ ਹਾਂ-ਪੱਖੀ ਤਬਦੀਲੀ ਲਿਆਉਣ ਲਈ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਅੰਦਰ ਬਦਲਾਅ ਲਿਆਉਣਾ ਪਵੇਗਾ। ਸਿਰਫ਼ ਦੂਜਿਆਂ ਨੂੰ ਚੰਗੇ ਰਸਤੇ ’ਤੇ ਚੱਲਣ ਦੀ ਸਿੱਖਿਆ ਦੇਣ ਨਾਲ ਸਮਾਜ ਨਹੀਂ ਬਦਲਦਾ, ਸਗੋਂ ਆਪਣੇ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣਾ ਵੀ ਜ਼ਰੂਰੀ ਹੈ।
ਅੰਮ੍ਰਿਤਸਰ, 5 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਮਾਜ ਵਿਚ ਹਾਂ-ਪੱਖੀ ਤਬਦੀਲੀ ਲਿਆਉਣ ਲਈ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਅੰਦਰ ਬਦਲਾਅ ਲਿਆਉਣਾ ਪਵੇਗਾ। ਸਿਰਫ਼ ਦੂਜਿਆਂ ਨੂੰ ਚੰਗੇ ਰਸਤੇ ’ਤੇ ਚੱਲਣ ਦੀ ਸਿੱਖਿਆ ਦੇਣ ਨਾਲ ਸਮਾਜ ਨਹੀਂ ਬਦਲਦਾ, ਸਗੋਂ ਆਪਣੇ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣਾ ਵੀ ਜ਼ਰੂਰੀ ਹੈ। ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਗੁਰੂ ਨਾਨਕ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਲੋਂ ‘ਨੈਤਿਕ ਕਦਰਾਂ-ਕੀਮਤਾਂ ਅਤੇ ਸਾਡਾ ਸੱਭਿਆਚਾਰ’ ਵਿਸ਼ੇ ’ਤੇ ਕਰਵਾਏ ਗਏ ਇਕ ਰੋਜ਼ਾ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਅੰਮ੍ਰਿਤਸਰ ਦੇ 450ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਕਰਵਾਏ ਸੈਮੀਨਾਰ ਵਿਚ ਡਾ. ਇੰਦਰਜੀਤ ਸਿੰਘ ਗੋਗੋਆਣੀ, ਡੀਨ ਅਤੇ ਮੁਖੀ, ਧਰਮ ਅਧਿਐਨ ਵਿਭਾਗ, ਖਾਲਸਾ ਯੂਨੀਵਰਸਿਟੀ ਅਤੇ ਹਰਜਿੰਦਰ ਸਿੰਘ ਮਾਣਕਪੁਰਾ, ਐਡੀਸ਼ਨਲ ਸਕੱਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਅਮਰ ਸਿੰਘ ਨੇ ਵੱਖ-ਵੱਖ ਵਿਭਾਗਾਂ ਤੋਂ ਆਏ ਮੁਖੀਆਂ, ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਸੈਮੀਨਾਰ ਦੇ ਵਿਸ਼ੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਦਾ ਅਟੁੱਟ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ। ਹਰਜਿੰਦਰ ਸਿੰਘ ਮਾਣਕਪੁਰਾ ਨੇ ਕਿਹਾ ਕਿ ਸਾਡਾ ਸੱਭਿਆਚਾਰ ਕਿਰਤ ਦਾ ਸੱਭਿਆਚਾਰ ਹੈ। ਮੰਚ ਸੰਚਾਲਨ ਖੋਜਾਰਥੀ ਦੀਦਾਰ ਸਿੰਘ, ਯੂਨਿਟ ਪ੍ਰਧਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਕੀਤਾ। ਇਸ ਮੌਕੇ ਬਲਜੀਤ ਸਿੰਘ, ਪਰਮਜੀਤ ਸਿੰਘ, ਡਾ. ਵਿਸ਼ਾਲ ਭਾਰਦਵਾਜ, ਡਾ. ਸੁਨੈਨਾ, ਡਾ. ਮੁਹੱਬਤ ਸਿੰਘ ਅਤੇ ਡਾ. ਸੰਦੀਪ ਕੌਰ ਆਦਿ ਹਾਜ਼ਰ ਸਨ।