ਕਿਸਾਨ ਦਲਜੀਤ ਸਿੰਘ ਦੀ ਨਿਕਲੀ ਇਕ ਕਰੋੜ ਦੀ ਦੀਵਾਲੀ ਬੰਪਰ ਲਾਟਰੀ
ਅਬੋਹਰ, 17 ਨਵੰਬਰ (ਵਿਵੇਕ ਹੂੜੀਆ)-ਕਹਿੰਦੇ ਹਨ ਕਿ ਕਿਸਮਤ ਕਦੋਂ ਕਿਸ ’ਤੇ ਮਿਹਰਬਾਨ ਹੋ ਜਾਵੇ, ਇਸ ਦਾ ਕੋਈ ਪਤਾ ਨਹੀਂ ਹੁੰਦਾ। ਅਜਿਹਾ ਹੀ ਕੁਝ ਅਬੋਹਰ ਦੇ ਕਿਸਾਨ ਦਲਜੀਤ ਸਿੰਘ ਨਾਲ ਵਾਪਰਿਆ ਹੈ।
ਅਬੋਹਰ, 17 ਨਵੰਬਰ (ਵਿਵੇਕ ਹੂੜੀਆ)-ਕਹਿੰਦੇ ਹਨ ਕਿ ਕਿਸਮਤ ਕਦੋਂ ਕਿਸ ’ਤੇ ਮਿਹਰਬਾਨ ਹੋ ਜਾਵੇ, ਇਸ ਦਾ ਕੋਈ ਪਤਾ ਨਹੀਂ ਹੁੰਦਾ। ਅਜਿਹਾ ਹੀ ਕੁਝ ਅਬੋਹਰ ਦੇ ਕਿਸਾਨ ਦਲਜੀਤ ਸਿੰਘ ਨਾਲ ਵਾਪਰਿਆ ਹੈ। ਧੀ ਦੇ ਵਿਆਹ ਦੀਆਂ ਤਿਆਰੀਆਂ ਦੌਰਾਨ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਕਰਜ਼ਾ ਲੈਣ ਬਾਰੇ ਸੋਚ ਰਹੇ ਦਲਜੀਤ ਸਿੰਘ ਦੀ ਕਿਸਮਤ ਅਜਿਹੀ ਚਮਕੀ ਕਿ ਉਨ੍ਹਾਂ ਦੀ ਦੀਵਾਲੀ ਬੰਪਰ ਲਾਟਰੀ ਵਿਚ ਇਕ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। ਜਾਣਕਾਰੀ ਅਨੁਸਾਰ ਪੇਸ਼ੇ ਵਜੋਂ ਖੇਤੀਬਾੜੀ ਕਰਨ ਵਾਲੇ ਦਲਜੀਤ ਸਿੰਘ ਨੇ ਕਰੀਬ 10-15 ਦਿਨ ਪਹਿਲਾਂ ਅਬੋਹਰ ਦੇ ਰੇਲਵੇ ਰੋਡ ਸਥਿਤ ਰਾਧਾ ਸੁਆਮੀ ਲਾਟਰੀ ਸੈਂਟਰ ਤੋਂ ਦੀਵਾਲੀ ਬੰਪਰ ਦੀ ਟਿਕਟ ਖ਼ਰੀਦੀ ਸੀ। ਮੰਗਲਵਾਰ ਨੂੰ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਟਿਕਟ ’ਤੇ ਇਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਤੈਅ ਹੈ ਅਤੇ ਵਿਆਹ ਦੇ ਖ਼ਰਚੇ ਪੂਰੇ ਕਰਨ ਲਈ ਉਹ ਕਰਜ਼ਾ ਲੈਣ ਦੀ ਤਿਆਰੀ ਕਰ ਰਹੇ ਸਨ ਪਰ ਵਾਹਿਗੁਰੂ ਨੇ ਉਨ੍ਹਾਂ ਦੀ ਸੁਣ ਲਈ ਅਤੇ ਇਕ ਕਰੋੜ ਦਾ ਇਨਾਮ ਨਿਕਲਣ ਨਾਲ ਉਨ੍ਹਾਂ ਦੀ ਵੱਡੀ ਚਿੰਤਾ ਦੂਰ ਹੋ ਗਈ ਹੈ। ਦੂਜੇ ਪਾਸੇ ਰੇਲਵੇ ਰੋਡ ਸਥਿਤ ਰਾਧਾ ਸੁਆਮੀ ਲਾਟਰੀ ਸੈਂਟਰ ’ਤੇ ਵੀ ਇਸ ਵੱਡੀ ਖ਼ੁਸ਼ਖ਼ਬਰੀ ਤੋਂ ਬਾਅਦ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਸੈਂਟਰ ਦੇ ਸੰਚਾਲਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਕਈ ਸਾਲ ਪਹਿਲਾਂ ਇਸ ਲਾਟਰੀ ਸੈਂਟਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਇੱਥੋਂ ਕਈ ਲੋਕ ਲਖਪਤੀ ਬਣ ਚੁੱਕੇ ਹਨ ਪਰ ਪਹਿਲੀ ਵਾਰ ਉਨ੍ਹਾਂ ਦੇ ਸੈਂਟਰ ਤੋਂ ਕਿਸੇ ਦੀ ਇਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਮੌਕੇ ਦਲਜੀਤ ਸਿੰਘ ਦੇ ਪੁੱਤਰ ਜਗਦੀਪ ਸਿੰਘ ਵੀ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਲਾਟਰੀ ਸੈਂਟਰ ਪਹੁੰਚੇ।