17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮਾਂ ਤੋਂ ਵਾਂਝੀਆਂ ਹਨ ਸ਼ਹਿਰ ਦੇ ਕਈ ਮੁਹੱਲਿਆਂ ਦੀਆਂ ਔਰਤਾਂ

Ad Position 21
No active advertisement
ਅਜੀਤ ਡੈਸਕ 24-06-2026
ਫ਼ਾਜ਼ਿਲਕਾ, 23 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ 5 ਸਾਲ ਪਹਿਲਾ ਕੀਤੇ ਆਪਣੇ ਚੋਣ ਵਾਅਦੇ ਅਨੁਸਾਰ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ 1 ਜੁਲਾਈ ਤੋਂ ਦੇਣਾ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਵਿਸ਼ੇਸ਼ ਕਰਕੇ ਔਰਤ ਵਰਗ ਅੰਦਰ ਇਸ ਗੱਲ ’ਤੇ ਖ਼ੁਸ਼ੀ ਮਹਿਸੂਸ ਕੀਤੀ ਗਈ ਕਿ ਸਰਕਾਰ ਦੇ ਆਪਣੇ ਇਸ ਕਾਰਜਕਾਲ ਦੇ ਆਖ਼ਰੀ ਮਹੀਨਿਆਂ ਅੰਦਰ ਆਪਣਾ ਵਾਅਦਾ ਪੂਰਾ ਕਰਨ ਜਾ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਮਈ, ਜੂਨ, ਜੁਲਾਈ ਤਿੰਨ ਮਹੀਨਿਆਂ ਦੀ ਇਕੱਠੀ ਕਿਸ਼ਤ ਜਨਰਲ ਵਰਗ ਦੀ ਔਰਤ ਦੇ ਖਾਤੇ ’ਚ 3 ਹਜ਼ਾਰ ਰੁਪਏ ਅਤੇ ਐੱਸ.ਸੀ.ਵਰਗ ਨਾਲ ਸਬੰਧਿਤ ਔਰਤ ਦੇ ਖਾਤੇ ’ਚ 1500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 4500 ਰੁਪਏ ਇਕੱਠਾ ਪਾਇਆ ਜਾਵੇਗਾ। ਸਰਕਾਰ ਨੇ ਇਹ ਵੀ ਕਿਹਾ ਕਿ ਘਰ-ਘਰ ਜਾ ਕੇ ਸਰਕਾਰ ਆਪਣੇ ਪੱਧਰ ’ਤੇ ਫਾਰਮ ਭਰਵਾਏਗੀ ਪਰ ਫ਼ਾਜ਼ਿਲਕਾ ਸ਼ਹਿਰ ਦੇ ਬਹੁਤ ਜ਼ਿਆਦਾ ਮੁਹੱਲਿਆਂ ਅੰਦਰ ਔਰਤਾਂ ਦੇ ਫਾਰਮ ਨਾ ਭਰੇ ਜਾਣ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਰੀਆ ਨਗਰ, ਝੀਵਰਾਂ ਮੁਹੱਲਾ, ਬਾਦਲ ਕਾਲੋਨੀ ਦੀਆਂ ਕਈ ਗਲੀਆਂ, ਰਾਧਾ ਸੁਆਮੀ ਕਾਲੋਨੀ ਦੇ ਬਾਸ਼ਿੰਦਿਆਂ ਨੇ ਕਿਹਾ ਕਿ ਨਾ ਹੀ ਸਾਡੇ ਘਰਾਂ ਵਿਚ ਕੋਈ ਫਾਰਮ ਭਰਨ ਆਇਆ ਹੈ ਨਾ ਹੀ ਸਾਨੂੰ ਦੱਸਿਆ ਗਿਆ ਹੈ ਕਿ ਕਿੱਥੇ ਜਾ ਕੇ ਫਾਰਮ ਭਰਨੇ ਹਨ। ਔਰਤਾਂ ਵਿਚ ਇਸ ਗੱਲ ਦੀ ਘਬਰਾਹਟ ਪਾਈ ਜਾ ਰਹੀ ਹੈ ਕਿ 1 ਜੁਲਾਈ ਤਾਂ ਜਲਦੀ ਆਉਣ ਵਾਲੀ ਹੈ, ਹਾਲੇ ਤੱਕ ਤਾਂ ਉਨ੍ਹਾਂ ਦੇ ਫਾਰਮ ਨਹੀਂ ਭਰੇ ਗਏ। ਜਦ ਕਿ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਮਾਂਵਾਂ ਧੀਆਂ ਦੇ ਸਤਿਕਾਰ ਵਾਲੀ ਇਸ ਸਕੀਮ ਦੇ ਪ੍ਰਚਾਰ ਲਈ ਪੂਰਾ ਜ਼ੋਰ ਲਗਾ ਰਹੇ ਹਨ ਕਿ ਲੋੜਵੰਦ ਔਰਤ ਇਸ ਸਕੀਮ ਤੋਂ ਵਾਂਝੀ ਨਾ ਰਹੇ। ਪਰ ਪਤਾ ਨਹੀਂ ਕਿਉਂ ਫ਼ਾਜ਼ਿਲਕਾ ਸ਼ਹਿਰ ਦੇ ਕਈ ਮੁਹੱਲਿਆਂ ਅੰਦਰ ਅਜਿਹੀਆਂ ਸ਼ਿਕਾਇਤਾਂ ਕਿਉਂ ਆ ਰਹੀਆਂ ਹਨ। ਆਰੀਆ ਨਗਰ ਦੀ ਔਰਤ ਸੁਮਿੱਤਰਾ ਰਾਣੀ, ਆਸ਼ਾ ਰਾਣੀ, ਰਜਨੀ, ਝੀਵਰਾਂ ਮੁਹੱਲੇ ਦੀ ਸਰੋਜ ਰਾਣੀ, ਅਮਰਜੀਤ ਆਦਿ ਨੇ ਦੱਸਿਆ ਕਿ ਉਹ ਘਰਾਂ ਵਿਚ ਰੋਟੀ ਲਈ ਲੋਕਾਂ ਦੇ ਘਰਾਂ ਵਿਚ ਕੰਮਾਂ ਜਾਂਦੀਆਂ ਹਨ ਪਰ ਉਨ੍ਹਾਂ ਦੇ ਮੁਹੱਲਿਆਂ ਅੰਦਰ ਕੋਈ ਵੀ ਫਾਰਮ ਭਰਨ ਵਾਲਾ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਨੂੰ ਪਤਾ ਕਿ ਕਿਸ ਜਗ੍ਹਾ ’ਤੇ ਜਾ ਕੇ ਫਾਰਮ ਭਰਨੇ ਹਨ। ਲਾਭਪਾਤਰੀ ਔਰਤਾਂ ਸ਼ਹਿਰ ’ਚ ਬਣੇ ਸੇਵਾ ਕੇਂਦਰਾਂ ’ਤੇ ਜਾ ਕੇ ਵੀ ਫਾਰਮ ਭਰਨ ਲਈ ਪੁੱਛਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਾਰਮ ਇਨ੍ਹਾਂ ਕੇਂਦਰਾਂ ਵਿਚ ਨਹੀਂ ਭਰੇ ਜਾਂਦੇ। ਇਹ ਫਾਰਮ ਮੁਹੱਲਿਆਂ ਦੇ ਆਂਗਣਵਾੜੀ ਕੇਂਦਰਾਂ ਵਿਚ ਭਰੇ ਜਾਣੇ ਹਨ। ਜਦ ਕਿ ਆਂਗਣਵਾੜੀ ਕੇਂਦਰਾਂ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਦੋ, ਤਿੰਨ ਦਿਨ ਲਈ ਪੋਰਟਲ ਬੰਦ ਕਰ ਦਿੱਤਾ ਹੈ। ਉਮੀਦ ਹੈ ਕਿ ਸਰਕਾਰ 30 ਜੂਨ ਤੋਂ ਪਹਿਲਾ ਪੋਰਟਲ ਖੋਲ੍ਹੇਗੀ। ਫਾਰਮ ਭਰਨੋਂ ਰਹਿ ਗਈਆਂ ਔਰਤਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਿਹਤ ਬੀਮਾ ਕਾਰਡ ਮੁਹੱਲਿਆਂ ਅੰਦਰ ਕੈਂਪ ਲਗਾ ਕੇ ਬਣਾਏ ਗਏ ਸਨ ਉਸੇ ਤਰ੍ਹਾਂ ਇਹ ਫਾਰਮ ਵੀ ਮੁਹੱਲਿਆਂ ਵਿਚ ਭਰੇ ਜਾਣ ਤਾਂ ਜੋ ਹਰੇਕ ਔਰਤ ਨੂੰ ਇਸ ਦਾ ਪੂਰਾ ਲਾਭ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਸੁਰ ਸੰਗਮ ਸੰਸਥਾ ਦੀ ਸਾਲਾਨਾ ਮੀਟਿੰਗ ਸੰਪੰਨ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਅਤੇ ਚਿੱਟੇ ਸਮੇਤ 3 ਨੌਜਵਾਨ ਕਾਬੂ
Ad Position 24