ਪਿੰਡ ਚਾਵਾ ਤੋਂ ਨੰਗਲ ਲਮੀਣ ਤੇ ਕਰਾਲ ਨੂੰ ਜਾਣ ਵਾਲੀ ਸੰਪਰਕ ਸੜਕ ਦੀ ਹਾਲਤ ਬੇਹੱਦ ਖਸਤਾ
ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਇੰਟਰਲਾਕ ਟਾਇਲ ਲਗਵਾਉਣ ਦੀ ਕੀਤੀ ਪੁਰਜ਼ੋਰ ਮੰਗ
ਗੁਰਦਾਸਪੁਰ, 11 ਨਵੰਬਰ (ਅਸ਼ੋਕ ਸ਼ਰਮਾ)- ਪਿੰਡ ਚਾਵਾ ਤੋਂ ਨੰਗਲ ਲਮੀਣ ਅਤੇ ਕਰਾਲ ਨੂੰ ਜਾਣ ਵਾਲੀ ਸੰਪਰਕ ਸੜਕ ਪਿਛਲੇ 5-6 ਮਹੀਨਿਆਂ ਤੋਂ ਟੁੱਟੀ ਪਈ ਹੈ ਅਤੇ ਪਿੰਡ ਚਾਵਾ ਦਾ ਗੰਦਾ ਪਾਣੀ ਖੜਾ ਰਹਿਣ ਕਰਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਗੰਦਾ ਪਾਣੀ ਖੜਾ ਰਹਿਣ ਕਰਕੇ ਇਲਾਕੇ ਅੰਦਰ ਭੈੜੀ ਬਦਬੂ ਫੈਲੀ ਹੋਈ ਹੈ ਜਿਸ ਕਰਕੇ ਇਲਾਕੇ ਦੇ ਲੋਕਾਂ ਦਾ ਤੇ ਪਿੰਡ ਵਾਸੀਆਂ ਦਾ ਲੋਕ ਨਿਰਮਾਣ ਵਿਭਾਗ ਖਿਲਾਫ ਭਾਰੀ ਰੋਸ ਹੈ ।
ਗੁਰਦਾਸਪੁਰ, 11 ਨਵੰਬਰ (ਅਸ਼ੋਕ ਸ਼ਰਮਾ)- ਪਿੰਡ ਚਾਵਾ ਤੋਂ ਨੰਗਲ ਲਮੀਣ ਅਤੇ ਕਰਾਲ ਨੂੰ ਜਾਣ ਵਾਲੀ ਸੰਪਰਕ ਸੜਕ ਪਿਛਲੇ 5-6 ਮਹੀਨਿਆਂ ਤੋਂ ਟੁੱਟੀ ਪਈ ਹੈ ਅਤੇ ਪਿੰਡ ਚਾਵਾ ਦਾ ਗੰਦਾ ਪਾਣੀ ਖੜਾ ਰਹਿਣ ਕਰਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਗੰਦਾ ਪਾਣੀ ਖੜਾ ਰਹਿਣ ਕਰਕੇ ਇਲਾਕੇ ਅੰਦਰ ਭੈੜੀ ਬਦਬੂ ਫੈਲੀ ਹੋਈ ਹੈ ਜਿਸ ਕਰਕੇ ਇਲਾਕੇ ਦੇ ਲੋਕਾਂ ਦਾ ਤੇ ਪਿੰਡ ਵਾਸੀਆਂ ਦਾ ਲੋਕ ਨਿਰਮਾਣ ਵਿਭਾਗ ਖਿਲਾਫ ਭਾਰੀ ਰੋਸ ਹੈ । ਇਸ ਸਬੰਧੀ ਸਰਪੰਚ ਸ਼ਿੰਦੋ, ਸਰਪੰਚ ਮਨੋਜ ਪਠਾਨੀਆ, ਸਰਪੰਚ ਜੀਵਨ, ਸਰਵਨ ਸਿੰਘ, ਨਿਸ਼ਾਨ ਸਿੰਘ ਸੂਬੇਦਾਰ, ਸਾਬਕਾ ਸਰਪੰਚ ਪ੍ਰੇਮ ਲਾਲ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੀਆਂ ਬਰਸਾਤਾਂ ਕਾਰਨ ਸੜਕ ਟੁੱਟੀ ਪਈ ਹੈ ਤੇ ਵੱਡੇ-ਵੱਡੇ ਖੱਡੇ ਹੋਣ ਨਾਲ ਆਵਾਜਾਈ ਵਿਚ ਭਾਰੀ ਵਿਘਨ ਪੈ ਰਿਹਾ ਹੈ। ਇਸ ਮਾਮਲੇ ਸਬੰਧੀ ਪਿੰਡ ਦੀ ਗ੍ਰਾਮ ਪੰਚਾਇਤ ਤੇ ਸਿਆਸੀ ਆਗੂਆਂ ਪਾਸੋਂ ਸੜਕ ਦੀ ਹਾਲਤ ਸੁਧਾਰਨ ਵਾਸਤੇ ਗੁਹਾਰ ਲਗਾਈ ਹੈ, ਫਿਰ ਵੀ ਕੋਈ ਵੀ ਹੱਲ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਗੁਰਦੁਆਰਾ ਘੱਲੂਘਾਰਾ ਸਾਹਿਬ ਨੂੰ ਜਾਂਦੀ ਹੈ ਤੇ ਨਿੱਤ ਜਿੱਥੇ ਸੈਂਕੜੇ ਸ਼ਰਧਾਲੂ ਤੇ ਕਿਸਾਨ ਗੁਜ਼ਰਦੇ ਹਨ, ਉਨ੍ਹਾਂ ਨੂੰ ਆਪਣੇ ਵਾਹਨ ਲਗਾਉਣ ਸਮੇਂ ਨਿੱਤ ਕੋਈ ਨਾ ਕੋਈ ਹਾਦਸਾ ਵਾਪਰਣ ਨਾਲ ਲੋਕਾਂ ਦੇ ਸੱਟਾਂ ਆਦਿ ਵੀ ਲੱਗ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਸੜਕ ਲੋਕ ਨਿਰਮਾਣ ਵਿਭਾਗ ਅਧੀਨ ਪੈਂਦੀ ਹੈ, ਉਹ ਵੀ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੇ ਹਨ । ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਸੜਕ ਦੀ ਮੁਰੰਮਤ ਵਾਸਤੇ ਸਬੰਧਿਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣ ਜਿਸ ਨਾਲ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੁਸ਼ਕਿਲ ਦਾ ਹੱਲ ਹੋ ਸਕੇ ।