ਬ੍ਰਿਗੇਡੀਅਰ ਉਲੰਪੀਅਨ ਹਰਚਰਨ ਸਿੰਘ ਬੋਪਾਰਾਏ ਨੇ ਆਪਣੇ ਪੁਰਾਣੇ ਸਕੂਲ ’ਚ ਕੀਤਾ ਟਰਾਫ਼ੀ ਦਾ ਸਵਾਗਤ * 27 ਅਕਤੂਬਰ ਤੋਂ 5 ਨਵੰਬਰ ਤੱਕ ਪਹਿਲੀ ਵਾਰ ਪੰਜਾਬ ’ਚ ਹੋਵੇਗਾ ਅੰਤਰਰਾਸ਼ਟਰੀ ਟੂਰਨਾਮੈਂਟ : ਜ਼ਿਲ੍ਹਾ ਖੇਡ ਅਫ਼ਸਰ
ਬਟਾਲਾ, 23 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਦੀ ਧਰਤੀ ’ਤੇ ਪਹਿਲੀ ਵਾਰ ਖੇਡੇ ਜਾਣ ਵਾਲੇ ਵਿਸ਼ਵ ਪੱਧਰੀ ਹਾਕੀ ਟੂਰਨਾਮੈਂਟ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026’ ਦੇ ਟਰਾਫ਼ੀ ਟੂਰ ਦਾ ਅੱਜ ਗੁਰਦਾਸਪੁਰ ਜ਼ਿਲ੍ਹੇ ’ਚ ਪੁੱਜਣ ’ਤੇ ਪੀ. ਐੱਮ.
ਖ
ਖੇਡਾਂ ’ਚ ਭਾਗ ਲੈਣ ਵਾਲੀਆਂ ਟੀਮਾਂ ਨਾਲ ਮੁੱਖ ਸ਼ਖ਼ਸੀਅਤਾਂ। ਅਜੀਤ ਤਸਵੀਰ
24-10-2026
ਬਟਾਲਾ, 23 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਦੀ ਧਰਤੀ ’ਤੇ ਪਹਿਲੀ ਵਾਰ ਖੇਡੇ ਜਾਣ ਵਾਲੇ ਵਿਸ਼ਵ ਪੱਧਰੀ ਹਾਕੀ ਟੂਰਨਾਮੈਂਟ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026’ ਦੇ ਟਰਾਫ਼ੀ ਟੂਰ ਦਾ ਅੱਜ ਗੁਰਦਾਸਪੁਰ ਜ਼ਿਲ੍ਹੇ ’ਚ ਪੁੱਜਣ ’ਤੇ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਬਟਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਹਾਕੀ ਉਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਬੋਪਾਰਾਏ ਅਰਜਨਾ ਐਵਾਰਡੀ, ਨਾਇਬ ਤਹਿਸੀਲਦਾਰ ਰਣਜੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਹਾਕੀ ਦਾ ਪ੍ਰਦਰਸ਼ਨੀ ਮੈਚ ਵੀ ਕਰਵਾਇਆ ਗਿਆ। ਹਾਕੀ ਉਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਅਰਜਨਾ ਐਵਾਰਡੀ ਨੇ ਕਿਹਾ ਕਿ ਇਸ ਟਰਾਫ਼ੀ ਟੂਰ ਦਾ ਉਦੇਸ਼ ਪੰਜਾਬ ’ਚ ਹੋਣ ਜਾ ਰਹੇ ਵੱਕਾਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਪ੍ਰਤੀ ਖੇਡ ਪ੍ਰੇਮੀਆਂ ਵਿਚ ਉਤਸ਼ਾਹ ਪੈਦਾ ਕਰਨਾ ਤੇ ਨੌਜਵਾਨਾਂ ਨੂੰ ਹਾਕੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਆਪਣੇ ਪੁਰਾਣੇ ਸਕੂਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅੱਜ ਆਪਣੇ ਹੀ ਸਕੂਲ ਵਿਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸਵਾਗਤ ਕਰਨਾ ਉਨ੍ਹਾਂ ਲਈ ਬੇਹੱਦ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸੂਬੇ ਭਰ ਦਾ ਇਹ ਟੂਰ 26 ਅਕਤੂਬਰ ਨੂੰ ਜਲੰਧਰ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਪੰਜਾਬ ਵਿਚ ਕਰਵਾਉਣ ਲਈ ਕੀਤੇ ਉੱਦਮ ਦੀ ਸ਼ਾਲਾਘਾ ਕੀਤੀ। ਉਨ੍ਹਾਂ ਕਿਹਾ ਕਿ 27 ਅਕਤੂਬਰ ਤੋਂ 5 ਨਵੰਬਰ, 2026 ਤੱਕ ਹੋਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਦੇ ਮੁਕਾਬਲੇ ਜਲੰਧਰ ਅਤੇ ਐੱਸ.ਏ.ਐੱਸ. ਨਗਰ (ਮੁਹਾਲੀ) ਵਿਖੇ ਕਰਵਾਏ ਜਾਣਗੇ। ਜਲੰਧਰ ਵਿਖੇ 27 ਅਕਤੂਬਰ ਤੋਂ 2 ਨਵੰਬਰ ਤੱਕ 6 ਦੇਸ਼ਾਂ ਦੀਆਂ ਟੀਮਾਂ ਦੇ ਲੀਗ ਮੁਕਾਬਲੇ ਹੋਣਗੇ, ਜਦਕਿ ਮੁਹਾਲੀ ਵਿਖੇ 4 ਨਵੰਬਰ ਨੂੰ ਦੋਵੇਂ ਸੈਮੀਫਾਈਨਲ ਤੇ 5 ਨਵੰਬਰ ਨੂੰ ਤੀਜੇ ਸਥਾਨ ਲਈ ਮੁਕਾਬਲਾ ਅਤੇ ਫਾਈਨਲ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਭਾਰਤ, ਬੰਗਲਾ ਦੇਸ਼ , ਜਾਪਾਨ, ਚੀਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਹਾਕੀ ਖਿਡਾਰੀਆਂ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਇਹ ਖ਼ਿਤਾਬ 4 ਵਾਰ ਆਪਣੇ ਨਾਂਅ ਕੀਤਾ ਹੈ ਤੇ ਇਕ ਵਾਰ ਸਾਂਝੇ ਤੌਰ ’ਤੇ ਜਿੱਤਿਆ ਹੈ। ਉਨ੍ਹਾਂ ਉਮੀਦ ਜਿਤਾਈ ਕਿ ਇਸ ਵਾਰ ਵੀ ਮੁਕਾਬਲੇ ਬੇਹੱਦ ਰੋਮਾਂਚਕ ਹੋਣਗੇ ਤੇ ਭਾਰਤੀ ਟੀਮ ਮੁੜ ਇਤਿਹਾਸ ਸਿਰਜੇਗੀ। ਇਸ ਮੌਕੇ ਵੱਡੀ ਗਿਣਤੀ ’ਚ ਪਹੁੰਚੇ ਖਿਡਾਰੀਆਂ ਨੂੰ ਖੇਡ ਵਿਭਾਗ ਵਲੋਂ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਤੋਂ ਬਾਅਦ ਟਰਾਫ਼ੀ ਟੂਰ ਨੂੰ ਪਠਾਨਕੋਟ ਜ਼ਿਲ੍ਹੇ ਲਈ ਰਵਾਨਾ ਕਰ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ, ਸਾ. ਮੁੱਖ ਅਧਿਆਪਕ ਨਿਰਮਲ ਸਿੰਘ, ਹਾਕੀ ਕੋਚ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ, ਅਕਾਸ਼, ਪਰਮਿੰਦਰ ਕੌਰ, ਸਿੰਮੀ ਮਿਨਹਾਸ, ਸਰਬਜੀਤ ਕੌਰ, ਸੁਨੀਤਾ ਆਦਿ ਹਾਜ਼ਰ ਸਨ।