ਗੰਦਗੀ ਦੇ ਢੇਰ ਨੂੰ ਲੈ ਕੇ ਏਅਰ ਫੋਰਸ ਵਲੋਂ ਨਗਰ ਨਿਗਮ ਪਠਾਨਕੋਟ ਨੂੰ ਭੇਜਿਆ ਨੋਟਿਸ
ਪਠਾਨਕੋਟ, 11 ਸਤੰਬਰ (ਵਿਨੋਦ)-ਏਅਰ ਫੋਰਸ ਵਲੋਂ ਨਗਰ ਨਿਗਮ ਪਠਾਨਕੋਟ ਨੂੰ ਤੂੜੀ ਵਾਲਾ ਚੌਕ ’ਚ ਲੱਗੇ ਗੰਦਗੀ ਦੇ ਢੇਰ ਨੂੰ ਹਟਾਉਣ ਲਈ ਨੋਟਿਸ ਜਾਰੀ ਕੀਤਾ ਹੈ । ਏਅਰ ਫੋਰਸ ਨੇ ਕਿਹਾ ਕਿ ਇਸ ਢੇਰ ਨੂੰ ਇੱਥੋਂ ਹਟਾਇਆ ਜਾਵੇ ਤਾਂ ਜੋ ਕੱਲ੍ਹ ਨੂੰ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ।
ਪਠਾਨਕੋਟ, 11 ਸਤੰਬਰ (ਵਿਨੋਦ)-ਏਅਰ ਫੋਰਸ ਵਲੋਂ ਨਗਰ ਨਿਗਮ ਪਠਾਨਕੋਟ ਨੂੰ ਤੂੜੀ ਵਾਲਾ ਚੌਕ ’ਚ ਲੱਗੇ ਗੰਦਗੀ ਦੇ ਢੇਰ ਨੂੰ ਹਟਾਉਣ ਲਈ ਨੋਟਿਸ ਜਾਰੀ ਕੀਤਾ ਹੈ । ਏਅਰ ਫੋਰਸ ਨੇ ਕਿਹਾ ਕਿ ਇਸ ਢੇਰ ਨੂੰ ਇੱਥੋਂ ਹਟਾਇਆ ਜਾਵੇ ਤਾਂ ਜੋ ਕੱਲ੍ਹ ਨੂੰ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ । ਦੱਸਣਯੋਗ ਹੈ ਕਿ ਤੂੜੀ ਵਾਲਾ ਚੌਕ ’ਚ ਨਗਰ ਨਿਗਮ ਪਠਾਨਕੋਟ ਵਲੋਂ ਇਕ ਬਹੁਤ ਵੱਡਾ ਗੰਦਗੀ ਦੇ ਢੇਰ ਦਾ ਡੰਪ ਬਣਾ ਕੇ ਰੱਖ ਦਿੱਤਾ ਗਿਆ ਹੈ । ਜਿਸ ਦੀ ਗੰਦਗੀ ਨਾਲ ਜਿੱਥੇ ਸਥਾਨਕ ਲੋਕ ਤੇ ਦੁਕਾਨਦਾਰ ਪ੍ਰੇਸ਼ਾਨ ਹਨ, ਉੱਥੇ ਹੀ ਹੁਣ ਏਅਰਫੋਰਸ ਵਲੋਂ ਵੀ ਇਸ ਗੰਦਗੀ ਦੇ ਢੇਰ ਨੂੰ ਹਟਾਉਣ ਦੇ ਨਗਰ ਨਿਗਮ ਪਠਾਨਕੋਟ ਨੂੰ ਨਿਰਦੇਸ਼ ਦੇ ਦਿੱਤੇ ਹਨ । ਦੱਸਣਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਤੂੜੀ ਵਾਲਾ ਚੌਕ ’ਚ ਇਹ ਗੰਦਗੀ ਦਾ ਢੇਰ ਇਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਦੀ ਗੰਦੀ ਬਦਬੂ ਦੂਰ-ਦੂਰ ਤੱਕ ਜਾਂਦੀ ਹੈ ਤੇ ਸਥਾਨਕ ਲੋਕ ਵੀ ਇਸ ਤੋਂ ਡਾਢੇ ਪ੍ਰੇਸ਼ਾਨ ਸਨ । ਨੋਟਿਸ ਤੋਂ ਬਾਅਦ ਜਦੋਂ ਨਗਰ ਨਿਗਮ ਦੇ ਸ਼ਵੱਛਤਾ ਐਕਸਪਰਟ ਅਧਿਕਾਰੀ ਸੰਦੀਪ ਗੌਤਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਏਅਰ ਫੋਰਸ ਵਲੋਂ ਉਨ੍ਹਾਂ ਨੂੰ ਨੋਟਿਸ ਮਿਲਿਆ ਹੈ ਤੇ ਏਅਰ ਫੋਰਸ ਦੇ ਕਮਾਂਡਰ ਵਲੋਂ ਉਨ੍ਹਾਂ ਨੂੰ ਇਸ ਢੇਰ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਉਕਤ ਜਗ੍ਹਾ ’ਤੇ ਕੂੜੇ ਦਾ ਇਕ ਸੈਕੰਡਰੀ ਪੁਆਇੰਟ ਬਣਾਇਆ ਗਿਆ ਹੈ, ਅਸੀਂ ਨੋਟਿਸ ਤੋਂ ਬਾਅਦ ਇਸ ਸੈਕੰਡਰੀ ਪੁਆਇੰਟ ਨੂੰ ਕਿਸੇ ਦੂਸਰੀ ਜਗ੍ਹਾ ਸ਼ਿਫਟ ਕਰਨ ਦੀ ਯੋਜਨਾ ਬਣਾ ਰਹੇ ਹਾਂ ਤੇ ਇਕ ਮਹੀਨੇ ਤੱਕ ਇਸ ਪੁਆਇੰਟ ਨੂੰ ਕਿਸੇ ਦੂਸਰੀ ਜਗ੍ਹਾ ’ਤੇ ਸ਼ਿਫਟ ਕਰ ਦਿੱਤਾ ਜਾਵੇਗਾ ।