ਦੋ ਨੰਬਰ ਦਾ ਧੰਦਾ ਕਰਨ ਵਾਲਿਆਂ ਨੇ ਡੋਬੀ ਲੋਹਾ ਨਗਰੀ
ਮੰਡੀ ਗੋਬਿੰਦਗੜ੍ਹ, 13 ਨਵੰਬਰ (ਇਕਬਾਲਦੀਪ ਸੰਧੂ)-ਪੰਜਾਬ ਦੀ ਸਨਅਤੀ ਰਾਜਧਾਨੀ ਵਜੋਂ ਜਾਣੇ ਜਾਂਦੇ ਮੰਡੀ ਗੋਬਿੰਦਗੜ੍ਹ ਦੀ ਲੋਹਾ ਇੰਡਸਟਰੀ ਇਕ ਵਾਰ ਫਿਰ ਸਿਆਸੀ ਅਤੇ ਪ੍ਰਸ਼ਾਸਨਿਕ ਅਣਦੇਖੀ ਦੇ ਸਵਾਲਾਂ ਵਿਚਕਾਰ ਖੜ੍ਹੀ ਨਜ਼ਰ ਆ ਰਹੀ ਹੈ। ਜਿਸ ਦੀ ਤਾਜ਼ਾ ਉਦਾਹਰਨ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਲਕਾ ਅਮਲੋਹ ਫੇਰੀ ਕਾਫ਼ੀ ਚਰਚਾ ਵਿਚ ਰਹੀ।
ਮੰਡੀ ਗੋਬਿੰਦਗੜ੍ਹ, 13 ਨਵੰਬਰ (ਇਕਬਾਲਦੀਪ ਸੰਧੂ)-ਪੰਜਾਬ ਦੀ ਸਨਅਤੀ ਰਾਜਧਾਨੀ ਵਜੋਂ ਜਾਣੇ ਜਾਂਦੇ ਮੰਡੀ ਗੋਬਿੰਦਗੜ੍ਹ ਦੀ ਲੋਹਾ ਇੰਡਸਟਰੀ ਇਕ ਵਾਰ ਫਿਰ ਸਿਆਸੀ ਅਤੇ ਪ੍ਰਸ਼ਾਸਨਿਕ ਅਣਦੇਖੀ ਦੇ ਸਵਾਲਾਂ ਵਿਚਕਾਰ ਖੜ੍ਹੀ ਨਜ਼ਰ ਆ ਰਹੀ ਹੈ। ਜਿਸ ਦੀ ਤਾਜ਼ਾ ਉਦਾਹਰਨ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਲਕਾ ਅਮਲੋਹ ਫੇਰੀ ਕਾਫ਼ੀ ਚਰਚਾ ਵਿਚ ਰਹੀ। ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਖੇਡਾਂ ਦੇ ਮੈਦਾਨਾਂ ਤੱਕ ਹੀ ਕੇਂਦਰਿਤ ਰਹੇ ਅਤੇ ਵਿਰੋਧੀ ਪਾਰਟੀਆਂ ਦੇ ਲੀਡਰ ਹੀ ਉਨ੍ਹਾ ਦੇ ਨਿਸ਼ਾਨੇ ਤੇ ਰਹੇ। ਜਦਕਿ ਮੰਡੀ ਗੋਬਿੰਦਗੜ੍ਹ ਦੀ ਲੋਹਾ ਇੰਡਸਟਰੀ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਅਤੇ ਉਦਯੋਗਪਤੀਆਂ ਦੀਆਂ ਉਮੀਦਾਂ ਬਾਰੇ ਕੋਈ ਠੋਸ ਐਲਾਨ ਨਹੀਂ ਕੀਤਾ ਗਿਆ। ਉੱਧਰ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨਾਲ ਜੁੜੇ ਵਿਰੋਧੀ ਆਗੂਆਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਦੇ ਲਗਭਗ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਮੰਡੀ ਗੋਬਿੰਦਗੜ੍ਹ ਦੀ ਲੋਹਾ ਇੰਡਸਟਰੀ ਨੂੰ ਕੋਈ ਵਿਸ਼ੇਸ਼ ਰਾਹਤ ਨਹੀਂ ਮਿਲੀ। ਜੀ.ਐੱਸ.ਟੀ, ਬਿਜਲੀ ਦੀਆਂ ਦਰਾਂ, ਉਤਪਾਦਨ ਲਾਗਤ ਅਤੇ ਸਨਅਤ ਨੂੰ ਮੁਕਾਬਲੇ ਯੋਗ ਬਣਾਉਣ ਵਰਗੇ ਅਹਿਮ ਮੁੱਦਿਆਂ ’ਤੇ ਸਰਕਾਰ ਵਲੋਂ ਕੋਈ ਅਜਿਹੀ ਨੀਤੀ ਜਾਂ ਰਾਹਤ ਸਾਹਮਣੇ ਨਹੀਂ ਆਈ, ਜਿਸ ਨਾਲ ਉਦਯੋਗਪਤੀਆਂ ਨੂੰ ਵੱਡਾ ਹੁਲਾਰਾ ਮਿਲ ਸਕੇ। ਵਿਰੋਧੀ ਧਿਰਾਂ ਨੇ ਵੀ ਚੁਣਾਵੀਂ ਦੌਰ ਵਿਚ ਇਸ ਮੁੱਦੇ ਨੂੰ ਉਠਾਉਂਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੂਬੇ ਵਿਚ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਵਧਾਉਣ ਦੇ ਦਾਅਵੇ ਕਰਦੀ ਹੈ ਤਾਂ ਮੰਡੀ ਗੋਬਿੰਦਗੜ੍ਹ ਵਰਗੇ ਵੱਡੇ ਉਦਯੋਗਿਕ ਕੇਂਦਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਵੀ ਉਸ ਦੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਦੀ ਫੇਰੀ ਦੌਰਾਨ ਸਥਾਨਕ ਉਦਯੋਗਪਤੀਆਂ ਨੂੰ ਉਮੀਦ ਸੀ ਕਿ ਲੋਹਾ ਇੰਡਸਟਰੀ ਦੀਆਂ ਸਮੱਸਿਆਵਾਂ ’ਤੇ ਕੋਈ ਚਰਚਾ ਜਾਂ ਰਾਹਤ ਦਾ ਐਲਾਨ ਹੋਵੇਗਾ, ਪਰ ਇਸ ਤਰ੍ਹਾਂ ਦੀ ਕੋਈ ਠੋਸ ਪਹਿਲ ਸਾਹਮਣੇ ਨਾ ਆਉਣ ਕਾਰਨ ਉਨ੍ਹਾਂ ਵਿਚ ਨਿਰਾਸ਼ਾ ਹੈ। ਉੱਧਰ ਹਲਕੇ ਦੇ ਮੌਜੂਦਾ ਵਿਧਾਇਕ ਦੀ ਭੂਮਿਕਾ ਵੀ ਸਿਆਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਹਨ ਕਿ ਜਦੋਂ ਮੁੱਖ ਮੰਤਰੀ ਹਲਕੇ ਵਿਚ ਪਹੁੰਚੇ ਸਨ ਤਾਂ ਕੀ ਮੰਡੀ ਗੋਬਿੰਦਗੜ੍ਹ ਦੀ ਲੋਹਾ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਿਆ ਗਿਆ ਕਿ ਨਹੀਂ? ਮੰਡੀ ਗੋਬਿੰਦਗੜ੍ਹ ਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਵਿਚ ਰੇਲਵੇ ਓਵਰਬ੍ਰਿਜ ਦਾ ਮੁੱਦਾ ਵੀ ਲੰਮੇ ਸਮੇਂ ਤੋਂ ਲਟਕ ਰਿਹਾ ਹੈ। ਦੂਜੇ ਪਾਸੇ ਅਮਲੋਹ ਰੋਡ ’ਤੇ ਕਰੋੜਾਂ ਰੁਪਏ ਖ਼ਰਚ ਹੋਣ ਦੇ ਬਾਵਜੂਦ ਸੜਕ ਦੀ ਹਾਲਤ ਅਤੇ ਧੂੜ ਉੱਡਣ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿਚ ਨਾਰਾਜ਼ਗੀ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਵੱਡੀ ਰਕਮ ਖ਼ਰਚਣ ਤੋਂ ਬਾਅਦ ਵੀ ਆਮ ਲੋਕਾਂ ਨੂੰ ਸਾਫ਼-ਸੁਥਰੀ ਅਤੇ ਸੁਖਾਲੀ ਆਵਾਜਾਈ ਨਹੀਂ ਮਿਲਦੀ ਤਾਂ ਅਜਿਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਨਿਗਰਾਨੀ ’ਤੇ ਸਵਾਲ ਉੱਠਣੇ ਸੁਭਾਵਿਕ ਹਨ। ਵਿਰੋਧੀ ਪਾਰਟੀਆਂ ਤੇ ਆਮ ਲੋਕਾਂ ਦੇ ਸਵਾਲ ਹਨ ਕਿ ਸ਼ਹਿਰ ਵਿਚ ਕਨੂੰਨ ਵਿਵਸਥਾ, ਨਸ਼ਿਆਂ ਦੀ ਸਮੱਸਿਆ ਅਤੇ ਵਪਾਰੀ ਵਰਗ ਦੀ ਸੁਰੱਖਿਆ ਵੀ ਅਹਿਮ ਚਿੰਤਾਵਾਂ ਵਜੋਂ ਸਾਹਮਣੇ ਆ ਰਹੀਆਂ ਹਨ। ਮੰਡੀ ਗੋਬਿੰਦਗੜ੍ਹ ਸਿਰਫ਼ ਇਕ ਸ਼ਹਿਰ ਨਹੀਂ, ਸਗੋਂ ਪੰਜਾਬ ਦੀ ਉਦਯੋਗਿਕ ਆਰਥਿਕਤਾ ਦਾ ਅਹਿਮ ਹਿੱਸਾ ਹੈ। ਇੱਥੋਂ ਦੀ ਲੋਹਾ ਇੰਡਸਟਰੀ ਨਾਲ ਸਿੱਧੇ ਅਤੇ ਅਸਿੱਧੇ ਤੌਰ ’ਤੇ ਜੁੜੇ ਮਜ਼ਦੂਰਾਂ, ਟਰਾਂਸਪੋਰਟਰਾਂ, ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ਦੀ ਰੋਜ਼ੀ-ਰੋਟੀ ਵੀ ਇਸ ਉਦਯੋਗ ’ਤੇ ਨਿਰਭਰ ਕਰਦੀ ਹੈ। ਇਸ ਲਈ ਉਦਯੋਗ ਦੀਆਂ ਸਮੱਸਿਆਵਾਂ ਨੂੰ ਸਿਰਫ਼ ਸਥਾਨਕ ਮੁੱਦਾ ਸਮਝ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਨੇ ਏਸ਼ੀਆ ਦੀ ਪ੍ਰਸਿੱਧ ਲੋਹਾ ਨਗਰੀ ਨੂੰ ਫਿਰ ਅਣਗੋਲਿਆਂ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਜਾਅਲੀ ਬਿੱਲਾਂ ਰਾਹੀਂ ਦੋ ਨੰਬਰ ਧੰਦਾ ਕਰਨ ਵਾਲਿਆਂ ਨੇ ਪਿਛਲੇ 5 ਸਾਲਾਂ ਵਿਚ ਲੋਹਾ ਇੰਡਸਟਰੀ ਡੋਬ ਦਿੱਤੀ ਹੈ ਜਿਸ ਕਰਕੇ ਛੋਟੇ ਵੱਡੇ ਉਦਯੋਗਪਤੀ ਪੰਜਾਬ ਛੱਡ ਕੇ ਨੇੜਲੇ ਰਾਜਾਂ ਵਿਚ ਜਾਣ ਲਈ ਮਜਬੂਰ ਹਨ। ਜਿਸ ਨਾਲ ਮੰਡੀ ਗੋਬਿੰਦਗੜ੍ਹ ਇੰਡਸਟਰੀ ਵਿਚੋਂ ਮਿਲਣ ਵਾਲਾ ਕਰੋੜਾਂ ਰੁਪਏ ਦਾ ਸਰਕਾਰੀ ਟੈਕਸ ਤਾਂ ਖ਼ਤਮ ਹੋਵੇਗਾ ਹੀ ਅਤੇ ਇਸਦੇ ਨਾਲ ਹੀ ਬੇਰੁਜ਼ਗਾਰੀ ਵੀ ਵਧੇਗੀ।