ਕਾਂਗਰਸ ਦੀਆਂ ਨੀਤੀਆਂ ਕਾਰਨ ਪੰਜਾਬ ਨੂੰ ਲੰਮਾ ਸਮਾਂ ਸੰਤਾਪ ਭੋਗਣਾ ਪਿਆ-ਜਗਦੀਪ ਸਿੰਘ ਚੀਮਾ
1984 ਦੇ ਸਿੱਖ ਕਤਲੇਆਮ ਦੇ ਜ਼ਖ਼ਮ ਅੱਜ ਵੀ ਤਾਜ਼ਾ
ਫ਼ਤਹਿਗੜ੍ਹ ਸਾਹਿਬ, 4 ਨਵੰਬਰ (ਸੁਰਜੀਤ ਸਿੰਘ ਸਾਹੀ)-ਸੰਗਰੂਰ ਵਿਖੇ ਅੱਜ ਪੰਜਾਬ ਦੇ ਹੱਕਾਂ, ਭਵਿੱਖ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਦੇ ਨਾਂਅ ’ਤੇ ਹੋਈ ਰੈਲੀ ਵਿਚ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਲੀਡਰਸ਼ਿਪ ਦੀ ਸ਼ਮੂਲੀਅਤ ’ਤੇ ਸਵਾਲ ਉਠਾਉਂਦਿਆਂ ਜਗਦੀਪ ਸਿੰਘ ਚੀਮਾ ਸੀਨੀਅਰ ਆਗੂ ਭਾਜਪਾ ਹਲਕਾ ਅਮਲੋਹ ਨੇ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਪੰਜਾਬ ਅਤੇ ਸਿੱਖ ਕੌਮ ਨਾਲ ਹੋਏ ਇਤਿਹਾਸਕ ਧੱਕਿਆਂ ਲਈ ਜਵਾਬਦੇਹ ਹੈ, ਉਹ ਅੱਜ ਕਿਸ ਮੂੰਹ ਨਾਲ ਪੰਜਾਬ ਦੇ ਹੱਕਾਂ ਅਤੇ ਇਨਸਾਫ਼ ਦੀ ਗੱਲ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੇ ਇਤਿਹਾਸ ਅਤੇ ਸਿੱਖ ਕੌਮ ਨਾਲ ਵਾਪਰੇ ਦੁਖਾਂਤ ਨੂੰ ਕਦੇ ਵੀ ਭੁੱਲ ਨਹੀਂ ਸਕਦੇ।
ਫ਼ਤਹਿਗੜ੍ਹ ਸਾਹਿਬ, 4 ਨਵੰਬਰ (ਸੁਰਜੀਤ ਸਿੰਘ ਸਾਹੀ)-ਸੰਗਰੂਰ ਵਿਖੇ ਅੱਜ ਪੰਜਾਬ ਦੇ ਹੱਕਾਂ, ਭਵਿੱਖ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਦੇ ਨਾਂਅ ’ਤੇ ਹੋਈ ਰੈਲੀ ਵਿਚ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਲੀਡਰਸ਼ਿਪ ਦੀ ਸ਼ਮੂਲੀਅਤ ’ਤੇ ਸਵਾਲ ਉਠਾਉਂਦਿਆਂ ਜਗਦੀਪ ਸਿੰਘ ਚੀਮਾ ਸੀਨੀਅਰ ਆਗੂ ਭਾਜਪਾ ਹਲਕਾ ਅਮਲੋਹ ਨੇ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਪੰਜਾਬ ਅਤੇ ਸਿੱਖ ਕੌਮ ਨਾਲ ਹੋਏ ਇਤਿਹਾਸਕ ਧੱਕਿਆਂ ਲਈ ਜਵਾਬਦੇਹ ਹੈ, ਉਹ ਅੱਜ ਕਿਸ ਮੂੰਹ ਨਾਲ ਪੰਜਾਬ ਦੇ ਹੱਕਾਂ ਅਤੇ ਇਨਸਾਫ਼ ਦੀ ਗੱਲ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੇ ਇਤਿਹਾਸ ਅਤੇ ਸਿੱਖ ਕੌਮ ਨਾਲ ਵਾਪਰੇ ਦੁਖਾਂਤ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਨਵੰਬਰ 1984 ਦਾ ਸਿੱਖ ਕਤਲੇਆਮ ਭਾਰਤ ਦੇ ਇਤਿਹਾਸ ਦਾ ਅਜਿਹਾ ਕਾਲਾ ਅਧਿਆਇ ਹੈ, ਜਿਸ ਦੇ ਜ਼ਖ਼ਮ ਅੱਜ ਵੀ ਸਿੱਖ ਕੌਮ ਦੇ ਦਿਲਾਂ ਵਿਚ ਤਾਜ਼ਾ ਹਨ। ਹਜ਼ਾਰਾਂ ਬੇਗੁਨਾਹ ਸਿੱਖਾਂ ਦੀਆਂ ਜਾਨਾਂ ਗਈਆਂ, ਪਰ ਦਹਾਕਿਆਂ ਬਾਅਦ ਵੀ ਬਹੁਤ ਸਾਰੇ ਪੀੜਤ ਪਰਿਵਾਰ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਕਾਂਗਰਸ ਨੂੰ ਪੰਜਾਬ ਦੇ ਲੋਕਾਂ ਅਤੇ ਸਿੱਖ ਕੌਮ ਨੂੰ ਇਹ ਦੱਸਣਾ ਚਾਹੀਦਾ ਹੈ ਕਿ 1984 ਦੇ ਕਤਲੇਆਮ ਲਈ ਜਵਾਬਦੇਹ ਲੋਕਾਂ ਨੂੰ ਪੂਰਾ ਇਨਸਾਫ਼ ਕਿਉਂ ਨਹੀਂ ਮਿਲ ਸਕਿਆ। ਚੀਮਾ ਨੇ ਕਿਹਾ ਕਿ ਪੰਜਾਬ ਨੂੰ ਇਕ ਵਾਰ ਨਹੀਂ, ਸਗੋਂ ਵਾਰ-ਵਾਰ ਸਿਆਸੀ ਫ਼ੈਸਲਿਆਂ ਅਤੇ ਕਾਂਗਰਸ ਦੀਆਂ ਨੀਤੀਆਂ ਕਾਰਨ ਵੱਡੇ ਸੰਤਾਪ ਵਿਚੋਂ ਲੰਘਣਾ ਪਿਆ ਹੈ। ਅਜਿਹੇ ਵਿਚ ਰਾਹੁਲ ਗਾਂਧੀ ਅਤੇ ਕਾਂਗਰਸੀ ਆਗੂਆਂ ਨੂੰ ਪੰਜਾਬ ਦੇ ਰਾਖੇ ਬਣਨ ਦੇ ਦਾਅਵੇ ਕਰਨ ਤੋਂ ਪਹਿਲਾਂ ਆਪਣੇ ਪਾਰਟੀ ਦੇ ਇਤਿਹਾਸ ਬਾਰੇ ਸਪਸ਼ਟ ਜਵਾਬ ਦੇਣੇ ਚਾਹੀਦੇ ਹਨ। ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਜਦੋਂ ਸਿੱਖ ਕੌਮ ਇਨਸਾਫ਼ ਦੀ ਮੰਗ ਕਰਦੀ ਹੈ ਤਾਂ ਕਾਂਗਰਸ ਦੀ ਲੀਡਰਸ਼ਿਪ ਉਸ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਬਚਦੀ ਹੈ? ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਜ਼ਖ਼ਮਾਂ ’ਤੇ ਸਿਆਸੀ ਰੋਟੀਆਂ ਸੇਕਣ ਦੀ ਬਜਾਏ 1984 ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ। ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣਾ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਾ ਸਿਰਫ਼ ਕਿਸੇ ਇਕ ਪਾਰਟੀ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਇਤਿਹਾਸ, ਕੁਰਬਾਨੀਆਂ ਅਤੇ ਹੱਕਾਂ ਪ੍ਰਤੀ ਜਾਗਰੂਕ ਹਨ। ਸਿਰਫ਼ ਰੈਲੀਆਂ ਅਤੇ ਭਾਸ਼ਣਾਂ ਨਾਲ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤਿਆ ਜਾ ਸਕਦਾ, ਸਗੋਂ ਆਪਣੇ ਪਿਛਲੇ ਕਾਰਜਕਾਲ ਅਤੇ ਇਤਿਹਾਸਕ ਗ਼ਲਤੀਆਂ ਬਾਰੇ ਜਵਾਬਦੇਹੀ ਨਿਭਾਉਣੀ ਪਵੇਗੀ।