ਕਲੀਨ ਪੰਜਾਬ ਮਿਸ਼ਨ ਤਹਿਤ ਪ੍ਰਧਾਨ ਪ੍ਰਿੰਸ ਨੇ ਸਫ਼ਾਈ ਮੁਹਿੰਮ ਦਾ ਲਿਆ ਜਾਇਜ਼ਾ
ਮੰਡੀ ਗੋਬਿੰਦਗੜ੍ਹ, 15 ਸਤੰਬਰ (ਰਾਜੇਸ਼ ਸ਼ਰਮਾ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ‘ਕਲੀਨ ਪੰਜਾਬ ਮਿਸ਼ਨ’ ਤਹਿਤ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਜੀ. ਟੀ.
ਮੰਡੀ ਗੋਬਿੰਦਗੜ੍ਹ, 15 ਸਤੰਬਰ (ਰਾਜੇਸ਼ ਸ਼ਰਮਾ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ‘ਕਲੀਨ ਪੰਜਾਬ ਮਿਸ਼ਨ’ ਤਹਿਤ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਜੀ. ਟੀ. ਰੋਡ ਖੰਨਾ ਸਾਈਡ ਵਿਖੇ ਸਫ਼ਾਈ ਕਰਵਾਈ ਗਈ। ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੱਲ ਰਹੀ ਇਸ ਮੁਹਿੰਮ ਦਾ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਸਫ਼ਾਈ ਕਰਮਚਾਰੀਆਂ ਅਤੇ ਨਗਰ ਕੌਂਸਲ ਦੀ ਮਸ਼ੀਨਰੀ ਦੀ ਮਦਦ ਨਾਲ ਵੱਖ-ਵੱਖ ਥਾਵਾਂ ਤੋਂ ਕੂੜਾ ਚੁਕਵਾਇਆ ਗਿਆ। ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਸਿਰਫ਼ ਨਗਰ ਕੌਂਸਲ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਿਸੇ ਇੱਕ ਦਿਨ ਦੀ ਮੁਹਿੰਮ ਨਾ ਰਹੇ, ਬਲਕਿ ਇਸ ਨੂੰ ਰੋਜ਼ਾਨਾ ਦੀ ਆਦਤ ਬਣਾਉਣ ਦੀ ਲੋੜ ਹੈ। ਉਨ੍ਹਾਂ ਸ਼ਹਿਰ ਵਾਸੀਆਂ , ਦੁਕਾਨਦਾਰਾਂ, ਢਾਬਾ ਤੇ ਰੈਸਟੋਰੈਂਟ ਮਾਲਕਾਂ, ਹੋਟਲ ਸੰਚਾਲਕਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੂੜਾ ਸੜਕਾਂ, ਖ਼ਾਲੀ ਪਲਾਟਾਂ ਜਾਂ ਹੋਰ ਖ਼ਾਲੀ ਥਾਵਾਂ ’ਤੇ ਨਾ ਸੁੱਟਣ ਅਤੇ ਕੂੜੇਦਾਨਾਂ ਵਿਚ ਹੀ ਪਾਉਣ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀਆਂ ਗੱਡੀਆਂ ਵਿਚ ਕੂੜਾ ਪਾ ਕੇ ਸਫ਼ਾਈ ਪ੍ਰਬੰਧਾਂ ਨੂੰ ਸਹਿਯੋਗ ਦਿੱਤਾ ਜਾਵੇ। ਪ੍ਰਧਾਨ ਪ੍ਰਿੰਸ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਲੈ ਕੇ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਵੀ ਕੂੜੇ ਦੇ ਢੇਰ ਜਾਂ ਗੰਦਗੀ ਦੀ ਸਮੱਸਿਆ ਸਾਹਮਣੇ ਆਉਂਦੀ ਹੈ, ਉੱਥੇ ਕੌਂਸਲ ਦੀਆਂ ਟੀਮਾਂ ਭੇਜ ਕੇ ਸਫ਼ਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਿਸੇ ਵੀ ਸ਼ਹਿਰ ਨੂੰ ਪੂਰੀ ਤਰ੍ਹਾਂ ਸਾਫ਼ ਰੱਖਣਾ ਸੰਭਵ ਨਹੀਂ। ਇਸ ਮੌਕੇ ਕਾਰਜਸਾਧਕ ਅਫ਼ਸਰ ਚੇਤਨ ਸ਼ਰਮਾ, ਸੈਨੀਟੇਸ਼ਨ ਵਿਭਾਗ ਦੇ ਸੁਪਰਡੈਂਟ ਸੰਦੀਪ ਕੁਮਾਰ, ਇੰਸਪੈਕਟਰ ਸੰਯੋਗਿਤਾ ਤੋਂ ਇਲਾਵਾ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਹਾਜ਼ਰ ਸਨ ।