ਪਿੰਡ ਪੋਲਾ ਵਿਖੇ ਦੋ ਘਰਾਂ ’ਚ ਚੋਰੀ
ਸੋਨਾ-ਚਾਂਦੀ ਤੇ ਨਕਦੀ ਲੈ ਕੇ ਫ਼ਰਾਰ ਹੋਏ ਚੋਰ
ਜਖਵਾਲੀ, 9 ਸਤੰਬਰ (ਨਿਰਭੈ ਸਿੋਂਘ)- ਜ਼ਿਲ੍ਹੇ ਦੇ ਪਿੰਡ ਪੋਲਾ ਵਿਖੇ ਚੋਰਾਂ ਵਲੋਂ ਇਕੋ ਰਾਤ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਸੋਨੇ-ਚਾਂਦੀ ਦੇ ਗਹਿਣਿਆਂ ਤੇ ਨਕਦੀ ’ਤੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਘਟਨਾ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਖਵਾਲੀ, 9 ਸਤੰਬਰ (ਨਿਰਭੈ ਸਿੋਂਘ)- ਜ਼ਿਲ੍ਹੇ ਦੇ ਪਿੰਡ ਪੋਲਾ ਵਿਖੇ ਚੋਰਾਂ ਵਲੋਂ ਇਕੋ ਰਾਤ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਸੋਨੇ-ਚਾਂਦੀ ਦੇ ਗਹਿਣਿਆਂ ਤੇ ਨਕਦੀ ’ਤੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਘਟਨਾ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੀੜਿਤ ਲਵਪ੍ਰੀਤ ਕੌਰ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਉਹ ਆਪਣੇ ਪਤੀ ਅਤੇ ਬੱਚਿਆਂ ਸਮੇਤ ਘਰ ਵਿਚ ਸੁੱਤੇ ਹੋਏ ਸਨ। ਸਵੇਰੇ ਨਾਲ ਦੇ ਘਰ ਰਹਿੰਦੀ ਰਿਸ਼ਤੇਦਾਰ ਹਰਵੀਰ ਕੌਰ ਉਨ੍ਹਾਂ ਦੇ ਘਰ ਆਈ ਅਤੇ ਦੱਸਿਆ ਕਿ ਉਨ੍ਹਾਂ ਦੇ ਘਰ ਚੋਰੀ ਹੋ ਗਈ ਹੈ। ਇਸ ਤੋਂ ਬਾਅਦ ਜਦੋਂ ਲਵਪ੍ਰੀਤ ਕੌਰ ਨੇ ਆਪਣੇ ਘਰ ਦੇ ਸਟੋਰ ਵਿਚ ਜਾ ਕੇ ਜਾਂਚ ਕੀਤੀ ਤਾਂ ਪੇਟੀ ਵਿਚੋਂ ਕੱਪੜੇ ਅਤੇ ਹੋਰ ਸਮਾਨ ਖਿੱਲਰਿਆ ਪਿਆ ਸੀ। ਪੇਟੀ ਵਿਚ ਰੱਖੇ ਸੋਨੇ ਅਤੇ ਚਾਂਦੀ ਦੇ ਗਹਿਣੇ ਗ਼ਾਇਬ ਸਨ। ਦੂਜੇ ਪਾਸੇ ਹਰਵੀਰ ਕੌਰ ਨੇ ਦੱਸਿਆ ਕਿ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਉੱਠ ਕੇ ਕਮਰੇ ਵਿਚ ਗਏ ਤਾਂ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ। ਅਲਮਾਰੀ ਵਿਚ ਪਿਆ ਸਾਰਾ ਸਮਾਨ ਬਾਹਰ ਖਿੱਲਰਿਆ ਹੋਇਆ ਸੀ ਅਤੇ ਅਲਮਾਰੀ ਵਿਚ ਰੱਖੀ 20 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਹੋ ਚੁੱਕੀ ਸੀ। ਪੀੜਤ ਪਰਿਵਾਰਾਂ ਵਲੋਂ ਇਸ ਸਬੰਧੀ ਥਾਣਾ ਮੁਲੇਪੁਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪਰਿਵਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਚੋਰੀ ਹੋਇਆ ਸਮਾਨ ਬਰਾਮਦ ਕਰਵਾਇਆ ਜਾਵੇ। ਪਿੰਡ ਦੇ ਸਰਪੰਚ ਮਾਨ ਸਿੰਘ ਨੇ ਕਿਹਾ ਕਿ ਪਰਿਵਾਰਾਂ ਨੇ ਮਿਹਨਤ ਕਰਕੇ ਆਪਣੀ ਜੋ ਪੂੰਜੀ ਇਕੱਠੀ ਕੀਤੀ ਸੀ, ਚੋਰ ਉਹ ਚੋਰੀ ਕਰਕੇ ਕੇ ਲੈ ਗਏ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਵੇ।