ਸੀ.ਪੀ.ਆਈ.ਐਮ ਦੀ ਸੰਗਰੂਰ ਰੈਲੀ ਹੋਵੇਗੀ ਇਤਿਹਾਸਕ -ਸੇਖੋਂ
ਬੰਗਾ, 24 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੀ. ਪੀ.
ਬੰਗਾ, 24 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੀ.ਪੀ.ਆਈ.ਐਮ ਦੀ ਜ਼ਿਲ੍ਹਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪਾਰਟੀ ਨੇ 16 ਸਤੰਬਰ ਨੂੰ ਗੜ੍ਹਸ਼ੰਕਰ ਸੂਬਾਈ ਕਨਵੈਨਸ਼ਨ ਕਰਕੇ ਜਿੱਥੇ ਰਾਜਨੀਤਕ ਮਸਲਿਆਂ ‘ਤੇ ਆਪਣੀ ਸਮਝ ਪੇਸ਼ ਕੀਤੀ, ਉੱਥੇ ਪੰਜਾਬ ਦੇ ਲੋਕਾਂ ਦੀਆਂ ਭਖਦੀਆਂ ਮੰਗਾਂ ‘ਤੇ ਵਿਚਾਰ ਕਰਕੇ ਸੰਘਰਸ਼ ਦਾ ਐਲਾਨ ਕੀਤਾ ਸੀ। ਜਿਸਦੇ ਅਗਲੇ ਪੜਾਅ ਵਜੋਂ ਪੰਜਾਬ ਦੇ 117 ਵਿਧਾਇਕਾਂ ਨੂੰ ਮੰਗ ਪੱਤਰ ਭੇਜੇ ਗਏ ਸਨ। ਹੁਣ 10 ਦਸੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ ਵਿਸਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਰੈਲੀ ਵਿੱਚ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਗੈਂਗਸਟਰਾਂ ਵਲੋਂ ਜਬਰੀ ਫਿਰੌਤੀਆਂ, ਕਤਲ ਦੀਆਂ ਵਾਰਦਾਤਾਂ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸਰਕਾਰ ‘ਤੇ ਦਬਾਅ ਪਾਇਆ ਜਾਵੇਗਾ। ਇਸ ਰੈਲੀ ਵਿਚ ਮਨਰੇਗਾ ਵਰਕਰਾਂ, ਕਿਸਾਨਾ ਖੇਤ ਮਜਦੂਰਾਂ ਅਤੇ ਮੁਲਾਜਮਾਂ ਦੇ ਮਸਲਿਆਂ ਨੂੰ ਉਭਾਰਿਆ ਜਾਵੇਗਾ। ਮੀਟਿੰਗ ਦੇ ਆਰੰਭ ਵਿੱਚ ਮੁਲਾਜਮ ਆਗੂ ਸਾਥੀ ਪ੍ਰੇਮ ਰੱਕੜ, ਸਿਵ ਰਤਨ, ਬਲਵੀਰ ਸਿੰਘ ਮੰਢਾਲੀ, ਬੀਬੀ ਗੁਰਮੀਤ ਕੌਰ ਗਿੱਲ ਅਤੇ ਚਮਨ ਲੱਖਪੁਰ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਸਾਥੀ ਚਰਨਜੀਤ ਦੌਲਤਪੁਰ ਨੇ ਦੱਸਿਆ ਕਿ ਨਵਾਂਸ਼ਹਿਰ ਜ਼ਿਲ੍ਹੇ ਵਿੱਚੋ ਸੈਂਕੜੇ ਵਰਕਰ ਸੰਗਰੂਰ ਰੈਲੀ ਵਿਚ ਭਾਗ ਲੈਣਗੇ, ਜਿਨ੍ਹਾਂ ਦੀ ਤਿਆਰੀ ਲਈ ਤਹਿਸੀਲ ਵਾਰ ਮੀਟਿੰਗਾਂ 29 ਨਵੰਬਰ ਨੂੰ ਨਵਾਂਸ਼ਹਿਰ, 30 ਨਵੰਬਰ ਨੂੰ ਬੰਗਾ ਅਤੇ 2 ਦਸੰਬਰ ਨੂੰ ਬਲਾਚੌਰ ਵਿਖੇ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਸਾਥੀ ਕੁਲਦੀਪ ਝਿੰਗੜ, ਪਰਮਜੀਤ ਸਿੰਘ ਰੌੜੀ, ਹੁਸਨ ਮਝੋਟ, ਸੁਸੀਲ ਮੰਢਾਲੀ, ਹੁਸਨ ਸਿੰਘ ਮਾਂਗਟ, ਸੁਨੀਤਾ ਤਲਵੰਡੀ ਅਤੇ ਗੁਰਦੇਵ ਸਿੰਘ ਭਾਰਟਾ, ਜਰਨੈਲ ਸਿੰਘ ਰਾਣੇਵਾਲ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ।