ਵਿਸ਼ਵ ਗਠੀਆ ਦਿਵਸ ਮੌਕੇ ਜੋੜਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਦਾ ਸੱਦਾ
ਨਵਾਂਸ਼ਹਿਰ, 12 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਵਿਸ਼ਵ ਗਠੀਆ ਦਿਵਸ ਮੌਕੇ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਅਮਨ ਸੂਦ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਜੋੜਾਂ ਦੀ ਸਿਹਤ ਪ੍ਰਤੀ ਜਾਗਰੂਕ ਰਹਿਣ ਤੇ ਗਠੀਏ ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਨਾ ਕਰਨ ਦਾ ਸੱਦਾ ਦਿੱਤਾ ਹੈ।
ਨਵਾਂਸ਼ਹਿਰ, 12 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਵਿਸ਼ਵ ਗਠੀਆ ਦਿਵਸ ਮੌਕੇ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਅਮਨ ਸੂਦ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਜੋੜਾਂ ਦੀ ਸਿਹਤ ਪ੍ਰਤੀ ਜਾਗਰੂਕ ਰਹਿਣ ਤੇ ਗਠੀਏ ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਨਾ ਕਰਨ ਦਾ ਸੱਦਾ ਦਿੱਤਾ ਹੈ। ਇਸ ਸਾਲ ਵਿਸ਼ਵ ਗਠੀਆ ਦਿਵਸ 2026 ਦਾ ਮੁੱਖ ਥੀਮ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ ਹੈ। ਇਸ ਦਾ ਉਦੇਸ਼ ਗਠੀਏ ਅਤੇ ਮਾਸਪੇਸ਼ੀਆਂ, ਹੱਡੀਆਂ ਤੇ ਜੋੜਾਂ ਨਾਲ ਸੰਬੰਧਤ ਰੋਗਾਂ ਤੋਂ ਪੀੜਤ ਲੋਕਾਂ ਦੇ ਟੀਚਿਆਂ, ਸੁਪਨਿਆਂ ਤੇ ਇੱਛਾਵਾਂ ਨੂੰ ਉਜਾਗਰ ਕਰਨਾ ਹੈ। ਇਸ ਦੇ ਨਾਲ ਹੀ ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ, ਸਹੀ ਇਲਾਜ ਤੇ ਬਿਹਤਰ ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣਾ ਵੀ ਇਸ ਮੁਹਿੰਮ ਦਾ ਅਹਿਮ ਉਦੇਸ਼ ਹੈ, ਤਾਂ ਜੋ ਪ੍ਰਭਾਵਿਤ ਵਿਅਕਤੀ ਆਪਣੀ ਸਿਹਤ ਦਾ ਢੁੱਕਵਾਂ ਪ੍ਰਬੰਧ ਕਰਦੇ ਹੋਏ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਅੱਗੇ ਵਧ ਸਕਣ। ਡਾ. ਅਮਨ ਸੂਦ ਨੇ ਦੱਸਿਆ ਕਿ ਗਠੀਆ ਇਕ ਅਜਿਹੀ ਸਿਹਤ ਸਮੱਸਿਆ ਹੈ ਜੋ ਜੋੜਾਂ ਵਿਚ ਦਰਦ, ਸੋਜ ਤੇ ਅਕੜਾਅ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨਸ਼ੈਲੀ ਜੋੜਾਂ ਦੀ ਸਿਹਤ ਬਣਾਈ ਰੱਖਣ ਵਿਚ ਮਦਦਗਾਰ ਹੋ ਸਕਦੀ ਹੈ। ਸੰਤੁਲਿਤ ਖੁਰਾਕ ਲੈਣਾ, ਸਰੀਰਕ ਸਮਰੱਥਾ ਅਨੁਸਾਰ ਨਿਯਮਤ ਕਸਰਤ ਕਰਨਾ, ਸਰੀਰ ਦਾ ਢੁੱਕਵਾਂ ਵਜ਼ਨ ਬਣਾਈ ਰੱਖਣਾ ਤੇ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਬਜ਼ੁਰਗਾਂ ਅਤੇ ਲਗਾਤਾਰ ਜੋੜਾਂ ਦੇ ਦਰਦ ਤੋਂ ਪੀੜਤ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਪ੍ਰਤੀ ਲਾਪ੍ਰਵਾਹੀ ਨਾ ਵਰਤਣ। ਸਮੇਂ ਸਿਰ ਜਾਂਚ ਤੇ ਸਹੀ ਇਲਾਜ ਨਾਲ ਮਰੀਜ਼ਾਂ ਨੂੰ ਦਰਦ ਘਟਾਉਣ ਅਤੇ ਰੋਜ਼ਾਨਾ ਦੇ ਕੰਮ ਕਰਨ ਦੀ ਸਮਰੱਥਾ ਬਣਾਈ ਰੱਖਣ ਵਿਚ ਮਦਦ ਮਿਲ ਸਕਦੀ ਹੈ।