ਭੂੰਦੜੀ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ ਵਾਲਾ ਨੀਂਹ ਪੱਥਰ ਰੁਲ ਰਿਹੈ ਨਾਲੀ ’ਤੇ
ਭੂੰਦੜੀ, 7 ਅਗਸਤ (ਕੁਲਦੀਪ ਸਿੰਘ ਮਾਨ)- ਦਾਖਾ ਹਲਕੇ ਦੇ ਪਿੰਡ ਭੂੰਦੜੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਸ ਸਮੇਂ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਂਅ ਵਾਲਾ ਨੀਂਹ ਪੱਥਰ ਅੱਜ ਕੱਲ੍ਹ ਬੇਹੱਦ ਮਾੜੀ ਹਾਲਤ ਵਿਚ ਇਕ ਨਾਲੀ ਉੱਪਰ ਰੁਲਦਾ ਨਜ਼ਰ ਆ ਰਿਹਾ ਹੈ। ਇਸ ਦ੍ਰਿਸ਼ ਨੇ ਸਥਾਨਕ ਲੋਕਾਂ ਵਿਚ ਚਰਚਾ ਛੇੜ ਦਿੱਤੀ ਹੈ ਅਤੇ ਉਹ ਇਸ ਨੂੰ ਸਰਕਾਰੀ ਯਾਦਗਾਰਾਂ ਦੀ ਅਣਦੇਖੀ ਕਰਾਰ ਦੇ ਰਹੇ ਹਨ।
ਸ
ਸਥਾਨਕ ਕਸਬਾ ਭੂੰਦੜੀ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਂਅ ਵਾਲਾ ਨੀਂਹ ਪੱਥਰ, ਜੋ ਇਸ ਵੇਲੇ ਨਾਲੀ ਉੱਪਰ ਪਿਆ ਹੋਇਆ ਹੈ। ਤਸਵੀਰ: ਕੁਲਦੀਪ ਸਿੰਘ ਮਾਨ
08-08-2026
ਭੂੰਦੜੀ, 7 ਅਗਸਤ (ਕੁਲਦੀਪ ਸਿੰਘ ਮਾਨ)- ਦਾਖਾ ਹਲਕੇ ਦੇ ਪਿੰਡ ਭੂੰਦੜੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਸ ਸਮੇਂ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਂਅ ਵਾਲਾ ਨੀਂਹ ਪੱਥਰ ਅੱਜ ਕੱਲ੍ਹ ਬੇਹੱਦ ਮਾੜੀ ਹਾਲਤ ਵਿਚ ਇਕ ਨਾਲੀ ਉੱਪਰ ਰੁਲਦਾ ਨਜ਼ਰ ਆ ਰਿਹਾ ਹੈ। ਇਸ ਦ੍ਰਿਸ਼ ਨੇ ਸਥਾਨਕ ਲੋਕਾਂ ਵਿਚ ਚਰਚਾ ਛੇੜ ਦਿੱਤੀ ਹੈ ਅਤੇ ਉਹ ਇਸ ਨੂੰ ਸਰਕਾਰੀ ਯਾਦਗਾਰਾਂ ਦੀ ਅਣਦੇਖੀ ਕਰਾਰ ਦੇ ਰਹੇ ਹਨ। ਜਾਣਕਾਰੀ ਅਨੁਸਾਰ ਇਹ ਨੀਂਹ ਪੱਥਰ 27 ਦਸੰਬਰ 2021 ਨੂੰ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚੌਕੀਮਾਨ, ਸਵੱਦੀ ਕਲਾਂ ਅਤੇ ਭੂੰਦੜੀ ਤੱਕ ਸੜਕ ਦੇ ਨਿਰਮਾਣ ਅਤੇ ਹੋਰ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਰੱਖਿਆ ਗਿਆ ਸੀ। ਉਸ ਸਮੇਂ ਸਮਾਗਮ ਵਿਚ ਬਲਾਕ ਸੰਮਤੀ ਮੁੱਲਾਂਪੁਰ ਦੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਅਤੇ ਮਾਰਕੀਟ ਕਮੇਟੀ ਸਿੱਧਵਾਂ ਦੇ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਵੀ ਮੌਜੂਦ ਸਨ ਅਤੇ ਉਨ੍ਹਾਂ ਦੇ ਨਾਂ ਵੀ ਨੀਂਹ ਪੱਥਰ ’ਤੇ ਦਰਜ ਹਨ। ਅੱਜ ਇਹ ਨੀਂਹ ਪੱਥਰ ਧੂੜ-ਮਿੱਟੀ ਨਾਲ ਲੱਥਪੱਥ ਹਾਲਤ ਵਿਚ ਨਾਲੀ ਉੱਪਰ ਪਿਆ ਹੋਇਆ ਹੈ, ਜਿਸ ਨੂੰ ਦੇਖ ਕੇ ਲੋਕ ਸਵਾਲ ਕਰ ਰਹੇ ਹਨ ਕਿ ਆਖ਼ਰ ਇਕ ਸਰਕਾਰੀ ਵਿਕਾਸ ਕਾਰਜ ਦੀ ਯਾਦਗਾਰ ਨਾਲ ਇਹੋ ਜਿਹਾ ਸਲੂਕ ਕਿਉਂ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਪਰ ਵਿਕਾਸ ਕਾਰਜਾਂ ਨਾਲ ਜੁੜੇ ਨੀਂਹ ਪੱਥਰ ਅਤੇ ਸਰਕਾਰੀ ਰਿਕਾਰਡ ਕਿਸੇ ਇੱਕ ਪਾਰਟੀ ਦੇ ਨਹੀਂ, ਸਗੋਂ ਜਨਤਾ ਦੀ ਸੰਪਤੀ ਹੁੰਦੇ ਹਨ, ਜਿਨ੍ਹਾਂ ਦੀ ਸੰਭਾਲ ਹੋਣੀ ਚਾਹੀਦੀ ਹੈ। ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਨੀਂਹ ਪੱਥਰ ਨੂੰ ਤੁਰੰਤ ਚੁੱਕ ਕੇ ਕਿਸੇ ਉਚਿਤ ਅਤੇ ਸਨਮਾਨਯੋਗ ਥਾਂ ’ਤੇ ਸਥਾਪਤ ਕੀਤਾ ਜਾਵੇ ਤਾਂ ਜੋ ਵਿਕਾਸ ਕਾਰਜਾਂ ਦੀਆਂ ਯਾਦਾਂ ਅਤੇ ਸਰਕਾਰੀ ਸੰਪਤੀ ਦੀ ਮਰਿਯਾਦਾ ਕਾਇਮ ਰਹੇ।