ਹੁਸ਼ਿਆਰਪੁਰ ’ਚ ਸੜਕਾਂ ਤੇ ਗਲੀਆਂ ਦੀ ਹਾਲਤ ਖਸਤਾ, ਵਿਕਾਸ ਦੇ ਕੰਮ ਠੱਪ-ਅਰੋੜਾ
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨਾਲ ਬਦਲਾਅ ਦੇ ਨਾਂਅ ‘ਤੇ ਧੋਖਾ ਕੀਤਾ ਗਿਆ ਹੈ। ਸਾਲ 2022 ‘ਚ ਲੋਕਾਂ ਨੇ ਇਸ ਪਾਰਟੀ ਵਲੋਂ ਕੀਤੇ ਵੱਡੇ-ਵੱਡੇ ਵਾਅਦਿਆਂ ‘ਤੇ ਵਿਸ਼ਵਾਸ ਕਰਕੇ ਸੱਤਾ ‘ਚ ਲਿਆਂਦਾ ਅਤੇ ਸੱਤਾ ‘ਚ ਆਉਂਦਿਆਂ ਹੀ ਸਭ ਵਾਅਦੇ ਖੋਖਲੇ ਸਾਬਿਤ ਹੋਏ।
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨਾਲ ਬਦਲਾਅ ਦੇ ਨਾਂਅ ‘ਤੇ ਧੋਖਾ ਕੀਤਾ ਗਿਆ ਹੈ। ਸਾਲ 2022 ‘ਚ ਲੋਕਾਂ ਨੇ ਇਸ ਪਾਰਟੀ ਵਲੋਂ ਕੀਤੇ ਵੱਡੇ-ਵੱਡੇ ਵਾਅਦਿਆਂ ‘ਤੇ ਵਿਸ਼ਵਾਸ ਕਰਕੇ ਸੱਤਾ ‘ਚ ਲਿਆਂਦਾ ਅਤੇ ਸੱਤਾ ‘ਚ ਆਉਂਦਿਆਂ ਹੀ ਸਭ ਵਾਅਦੇ ਖੋਖਲੇ ਸਾਬਿਤ ਹੋਏ। ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੱਗਾ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਸੱਤਾ ‘ਚ ਆਉਂਦਿਆਂ ਹੀ ਸੂਬੇ ਦੀ ਨੁਹਾਰ ਬਦਲੇਗੀ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਅਤੇ ਇਸ ਹਲਕੇ ਅਧੀਨ ਪੈਂਦੇ ਪਿੰਡਾਂ ਦੀਆਂ ਜ਼ਿਆਦਾਤਰ ਸੜਕਾਂ ਇੰਨੀਆਂ ਟੁੱਟੀਆਂ ਹੋਈਆਂ ਹਨ ਕਿ ਉਨ੍ਹਾਂ ‘ਤੇ ਪੈਦਲ ਚਲਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਇਹ ਸੜਕਾਂ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ, ਪਰ ਹਰ ਵਾਰ ਆਵਾਜ਼ ਉਠਾਉਣ ਦੇ ਬਾਵਜੂਦ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਹਰ ਵਾਰ ਸੜਕਾਂ ਤੇ ਗਲੀਆਂ ਨੂੰ ਪੁੱਟ ਦਿੱਤਾ ਜਾਂਦਾ ਹੈ, ਪਰ ਇਹ ਮੁੜ ਕਦੇ ਬਣਨਗੀਆਂ, ਇਸ ਦਾ ਕੁੱਝ ਪਤਾ ਨਹੀਂ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਨੂੰ ਸਹੂਲਤਾਂ ਦੇ ਨਾਂਅ ‘ਤੇ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਜੋ ਵੀ ਕੰਮ ਕੀਤੇ ਗਏ, ਉਹ ਵੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਜਾਰੀ ਹੋਏ ਫ਼ੰਡਾਂ ਨਾਲ ਹੀ ਹੋਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਕੌਂਸਲਰਾਂ ਦੇ ਵੀ ਕੰਮ ਨਹੀਂ ਹੋ ਰਹੇ, ਜਿਸ ਕਾਰਨ ਉਹ ਵੀ ਇਸ ਸਰਕਾਰ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਸੂਬਾ ਦਾ ਹਰੇਕ ਵਰਗ ਸਰਕਾਰ ਤੋਂ ਦੁਖੀ ਹੋ ਚੁੱਕਾ ਹੈ ਤੇ ਮੁੜ ਕਾਂਗਰਸ ਪਾਰਟੀ ਨੂੰ ਸੱਤਾ ‘ਚ ਲਿਆਉਣ ਲਈ ਤਿਆਰ ਬੈਠਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਪੰਜਾਬ ‘ਚ ਵਿਕਾਸ ਦੀ ਹਨੇਰੀ ਚੱਲੇਗੀ।