ਅਜੋਕੇ ਡਿਜੀਟਲ ਯੁੱਗ ’ਚ ਸਫਲ ਜੀਵਨ ਜਿਊਣ ਲਈ ਕੰਪਿਊਟਰ ਦੇ ਨਾਲ-ਨਾਲ ਏ. ਆਈ. ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ-ਸਹੋਤਾ
ਦਸੂਹਾ, 7 ਸਤੰਬਰ (ਭੁੱਲਰ)-ਅਜੋਕੇ ਮਨਸੂਈ ਬੌਧਿਕਤਾ (ਆਰਟੀਫਿਸ਼ਅਲ ਇੰਟੈਲੀਜੈਂਸੀ) ਦੇ ਯੁੱਗ ਵਿਚ ਸਾਖਰਤਾ ਦੀ ਮਹੱਤਤਾ ਹੋਰ ਵਧ ਗਈ ਹੈ। ਦੇਸ਼ ਭਰ ਵਿਚ ਡਿਜੀਟਲ ਭਾਰਤ ਦਾ ਅਭਿਆਨ ਚੱਲ ਰਿਹਾ ਹੈ।
ਦਸੂਹਾ, 7 ਸਤੰਬਰ (ਭੁੱਲਰ)-ਅਜੋਕੇ ਮਨਸੂਈ ਬੌਧਿਕਤਾ (ਆਰਟੀਫਿਸ਼ਅਲ ਇੰਟੈਲੀਜੈਂਸੀ) ਦੇ ਯੁੱਗ ਵਿਚ ਸਾਖਰਤਾ ਦੀ ਮਹੱਤਤਾ ਹੋਰ ਵਧ ਗਈ ਹੈ। ਦੇਸ਼ ਭਰ ਵਿਚ ਡਿਜੀਟਲ ਭਾਰਤ ਦਾ ਅਭਿਆਨ ਚੱਲ ਰਿਹਾ ਹੈ। ਅੱਜ ਸੰਸਾਰ ਭਰ ਵਿਚ ਮਨਾਏ ਜਾ ਰਹੇ ਕੌਮਾਂਤਰੀ ਸਾਖਰਤਾ ਦਿਹਾੜੇ ਮੌਕੇ ਜਸਵਿੰਦਰ ਸਿੰਘ ਸਹੋਤਾ ਲੈਕਚਰਾਰ ਪੋਲੀਟੀਕਲ ਸਾਇੰਸ ਨੇ ਇਨ੍ਹਾਂ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਕ ਪੜ੍ਹਿਆ-ਲਿਖਿਆ ਵਿਅਕਤੀ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਗਿਆਨ ਵਧਾਉਣ ਵਿਚ ਵੀ ਉੱਘਾ ਯੋਗਦਾਨ ਪਾ ਸਕਦਾ ਹੈ। ਪੜ੍ਹੇ-ਲਿਖੇ ਵਿਅਕਤੀ ਹਰੇਕ ਪ੍ਰਕਿਰਿਆ ਨੂੰ ਤਰਕ ਸ਼ਕਤੀ ਨਾਲ ਸੋਚਣ ਦੇ ਸਮਰੱਥ ਹੁੰਦੇ ਹਨ, ਜਿਸ ਕਾਰਨ ਉਹ ਸਹਿਜੇ ਵਹਿਮਾਂ-ਭਰਮਾਂ ਵਿਚ ਜਾਲ ’ਚ ਨਹੀਂ ਫਸਦੇ। ਉਨ੍ਹਾਂ ਨੇ ਕਿਹਾ ਕਿ ਇਸ ਡਿਜੀਟਲ ਯੁੱਗ ਵਿਚ ਸਫਲ ਜੀਵਨ ਜਿਊਣ ਲਈ ਕੰਪਿਊਟਰ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਹਰ ਖੇਤਰ ਵਿਚ ਕੰਪਿਊਟਰ ਆ ਗਏ ਹਨ। ਨੌਕਰੀ ਪ੍ਰਾਪਤ ਕਰਨ ਲਈ ਵੀ ਕੰਪਿਊਟਰ ਦਾ ਗਿਆਨ ਹੋਣਾ ਜ਼ਰੂਰੀ ਹੈ। ਹਰ ਇਕ ਕੰਮ ਆਨ-ਲਾਈਨ ਹੋਣ ਲੱਗ ਪਿਆ ਹੈ। ਹਰੇਕ ਵਿਭਾਗ ‘ਈ’ ਸੇਵਾਵਾਂ ਦੇ ਰਿਹਾ ਹੈ। ਅਜਿਹੀ ਸਹੂਲਤਾਂ ਦਾ ਅਨੰਦ ਮਾਨਣ ਲਈ ਡਿਜੀਟਲ ਸਾਖਰ ਹੋਣਾ ਬਹੁਤ ਜ਼ਰੂਰੀ ਹੈ। ਲੈਕਚਰਾਰ ਸਹੋਤਾ ਨੇ ਕਿਹਾ ਕਿ ਇਕ ਅਜਿਹੇ ਯੁੱਗ ਵਿਚ, ਜਿਸ ਵਿਚ ਸਾਰੀ ਦੁਨੀਆ ਆਪਸ ਵਿਚ ਇੰਨਟਰਨੈਟ ਰਾਹੀਂ ਆਪਸ ਵਿਚ ਜੁੜ ਰਹੀ ਹੈ, ਡਿਜੀਟਲ ਸਾਖਰ ਕਰਨ ਲਈ ਸਾਰਿਆਂ ਤੱਕ ਵਿਸ਼ੇਸ਼ ਤੌਰ ’ਤੇ ਲੜਕੀਆਂ ਤੇ ਦਿਵਿਆਂਗਾਂ ਤੱਕ ਪਹੁੰਚ ਕਰਨੀ ਬਹੁਤ ਜ਼ਰੂਰੀ ਹੈ। ਮਨਸੂਈ ਬੌਧਿਕਤਾ (ਆਰਟੀਫੀਸ਼ਅਲ ਇੰਨਟੈਲੀਜੈਂਸੀ) ਤੇ ਹੋਰ ਉੱਭਰ ਰਹੀਆਂ ਨਵੀਆਂ ਤਕਨੀਕਾਂ ਨੇ ਇਸ ਡਿਜੀਟਲ ਯੁੱਗ ਵਿਚ ਇਕ ਹੋਰ ਨਵੀਂ ਕ੍ਰਾਂਤੀ ਲਿਆ ਦਿੱਤੀ ਹੈ। ਇਸ ਲਈ ਸਾਨੂੰ ਸਮੇਂ ਦੇ ਹਾਣੀ ਬਣਨਾ ਬਹੁਤ ਜ਼ਰੂਰੀ ਹੈ।