ਬਸਪਾ ਦੇ ਸੂਬਾ ਪ੍ਰਧਾਨ ਡਾ. ਕਰੀਮਪੁਰੀ ਸਾਥੀਆਂ ਸਮੇਤ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
ਬੀਣੇਵਾਲ, 3 ਸਤੰਬਰ (ਬੈਜ ਚੌਧਰੀ)-ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਥੀਆਂ ਸਮੇਤ ਗੁਰੂ ਰਵਿਦਾਸ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।
ਬੀਣੇਵਾਲ, 3 ਸਤੰਬਰ (ਬੈਜ ਚੌਧਰੀ)-ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਥੀਆਂ ਸਮੇਤ ਗੁਰੂ ਰਵਿਦਾਸ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੋਨੋਂ ਆਦਿ ਧਰਮੀ ਸਮਾਜ ਦੀਆਂ ਵੋਟਾਂ ਬਟੋਰਨ ਲਈ ਆਏ ਦਿਨ ਨਵੇਂ ਹੱਥਕੰਡੇ ਅਪਣਾਅ ਰਹੀਆਂ ਹਨ ਜਦਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਅਪਣਾਉਣ ਵਾਲੇ ਲੋਕ ਹੁਣ ਇਨ੍ਹਾਂ ਦੀਆਂ ਲੂੰਬੜ ਚਾਲਾਂ ਤੋਂ ਭਲੀਭਾਂਤ ਜਾਣੂੰ ਹਨ। ਪੰਜਾਬ ਦਾ ਦਲਿਤ ਵਰਗ ਹੁਣ ਇਨ੍ਹਾਂ ਦੇ ਕਿਸੇ ਵੀ ਝਾਂਸੇ ਵਿਚ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੁਰੂ ਰਵਿਦਾਸ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਤੇ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਵੀ ਇਕ ਲੋਕਾਂ ਨੂੰ ਝਾਂਸੇ ‘ਚ ਲੈਣ ਦਾ ਅਡੰਬਰ ਰਚਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੀ ਦਲਿਤ ਵੋਟ ਬੈਂਕ ’ਤੇ ਡੂੰਘੀ ਸੱਟ ਮਾਰਨ ਦੇ ਰੋਅ ‘ਚ ਹੈ ਪਰ ਉਸ ਦਾ ਵੀ ਇਹ ਭੁਲੇਖਾ ਮਨ ‘ਚ ਹੀ ਰਹਿ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿਚ 2027 ਦੌਰਾਨ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਤਰ੍ਹਾਂ ਦੀ ਗੁਲਾਮੀ ਤੇ ਨਾ-ਬਰਾਬਰੀ ਦਾ ਖ਼ਾਤਮਾ ਕਰਕੇ ਬਸਪਾ ਦੀ ਸਰਕਾਰ (ਬੇਗਮਪੁਰਾ ਰਾਜ) ਬਣਾ ਕੇ ਮਨਾਇਆ ਜਾਵੇਗਾ। ਇਸ ਮੌਕੇ ਡਾ. ਕਰੀਮਪੁਰੀ ਤੇ ਸਾਥੀਆਂ ਨੂੰ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਸਵਾਗਤੀ ਕਮੇਟੀ ਦੇ ਮੁਖੀ ਜਗਦੀਸ਼ ਕੁਮਾਰ ਵਲੋਂ ਸਨਮਾਨਿਤ ਵੀ ਕੀਤਾ। ਇਸ ਮੌਕੇ ਬਲਵਿੰਦਰ ਬਿੱਟਾ ਲੁਧਿਆਣਾ ਜਨਰਲ ਸਕੱਤਰ ਪੰਜਾਬ, ਸੰਤ ਦਿਆਲ ਚੰਦ ਬੰਗਾ, ਟਿੰਕੂ ਅਡੌਨ ਆਦਿ ਹਾਜ਼ਰ ਸਨ।