ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 140ਵੇਂ ਐਪੀਸੋਡ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਸਾਈਬਰ ਸੁਰੱਖਿਆ, ਸਰਕਾਰੀ ਮੁਲਾਜ਼ਮਾਂ ਦੀ ਸਿਖਲਾਈ, ਭਾਰਤੀ ਅਜਾਇਬ ਘਰ, ਚਿੱਤਰਕਾਰ ਸੋਭਾ ਸਿੰਘ ਅਤੇ ਫਿਟਨੈੱਸ ਸਮੇਤ ਕਈ ਅਹਿਮ ਵਿਸ਼ਿਆਂ ’ਤੇ ਚਰਚਾ ਕੀਤੀ । ਮੋਦੀ ਨੇ ਆਪਣੇ ਸੰਬੋਧਨ ਦੌਰਾਨ ਨਸ਼ਿਆਂ ਦੀ ਚੁਣੌਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਸ਼ਾ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਅੱਗੇ ਇੱਕ ਵੱਡੀ ਰੁਕਾਵਟ ਹੈ। ਇਸ ਨੂੰ ਠੱਲ ਪਾਉਣ ਲਈ ‘ਨਸ਼ਾ ਮੁਕਤ ਯੁਵਾ ਅਭਿਆਨ’ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਤੇ ਸਮਾਜ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ । ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਇੱਕ ਅਜਿਹੇ ਨੌਜਵਾਨ ਨਾਲ ਗੱਲਬਾਤ ਕੀਤੀ ਜਿਸ ਨੇ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਨਸ਼ੇ ਦੀ ਲੱਤ ਨੂੰ ਮਾਤ ਦਿੱਤੀ ਹੈ । ਪ੍ਰਧਾਨ ਮੰਤਰੀ ਨੇ ਉਸ ਦੇ ਹੌਂਸਲੇ ਦੀ ਸ਼ਲਾਘਾ ਕਰਦਿਆਂ ਉਸ ਦੀ ਕਹਾਣੀ ਨੂੰ ਹੋਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਿਆ । ਮੋਦੀ ਨੇ ਚਿੱਤਰਕਾਰ ਸਰਦਾਰ ਸੋਭਾ ਸਿੰਘ ਨੂੰ ਉਨ੍ਹਾਂ ਦੀ 125ਵੀਂ ਜੈਯੰਤੀ ’ਤੇ ਯਾਦ ਕਰਦਿਆਂ, ਸਿੱਖ ਗੁਰੂਆਂ ਦੇ ਚਿੱਤਰ ਬਣਾਉਣ ਵਿਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੇ ਪਵਿੱਤਰ ਚਿੱਤਰ ਦੇਖ ਕੇ ਹੀ ਮਨ ਸ਼ਰਧਾ ਨਾਲ ਭਰ ਜਾਂਦਾ ਹੈ । ਉਨ੍ਹਾਂ ਕਿਹਾ ਕਿ ਸੋਭਾ ਸਿੰਘ ਦੀ 125ਵੀਂ ਜੈਯੰਤੀ ਮੌਕੇ ਉਨ੍ਹਾਂ ਦੇ ਸਨਮਾਨ ਵਿਚ ਇੱਕ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ ਹੈ । ਇਸ ਕਦਮ ਨਾਲ ਸਮੁੱਚੇ ਸਿੱਖ ਭਾਈਚਾਰੇ ਵਿਚ ਬਹੁਤ ਖ਼ੁਸ਼ੀ ਦੀ ਲਹਿਰ ਹੈ । ਪ੍ਰਧਾਨ ਮੰਤਰੀ ਨੇ ‘ਸੰਚਾਰ ਸਾਥੀ’ ਪਲੇਟਫ਼ਾਰਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਨੇ 5,000 ਕਰੋੜ ਰੁਪਏ ਤੋਂ ਵੱਧ ਦੇ ਸੰਭਾਵੀ ਸਾਈਬਰ ਧੋਖਾਧੜੀ ਦੇ ਨੁਕਸਾਨ ਨੂੰ ਰੋਕਣ ਵਿਚ ਮਦਦ ਕੀਤੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਗੁੰਮ ਜਾਂ ਚੋਰੀ ਹੋਏ ਮੋਬਾਈਲ ਲੱਭਣ ਅਤੇ ਸ਼ੱਕੀ ਫ਼ਰਜ਼ੀ ਕਾਲਾਂ ਦੀ ਰਿਪੋਰਟ ਕਰਨ ਲਈ ਸੰਚਾਰ ਸਾਥੀ ਐਪ ਦੀ ਵਰਤੋਂ ਕਰਨ ਦੀ ਅਪੀਲ ਕੀਤੀ । ਉਨ੍ਹਾਂ ਨੇ ਡਿਜੀਟਲ ਸਾਖਰਤਾ ਤੇ ਤਕਨਾਲੋਜੀ ਦੇ ਸਹੀ ਇਸਤੇਮਾਲ ਬਾਰੇ ਵੀ ਚਰਚਾ ਕੀਤੀ । ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਕਿ 23 ਭਾਸ਼ਾਵਾਂ ਵਿਚ ਉਪਲਬਧ ਇਹ ਪਲੇਟਫ਼ਾਰਮ ਬੈਂਕਾਂ, ਪੇਮੈਂਟ ਐਪਸ, ਟੈਲੀਕਾਮ ਕੰਪਨੀਆਂ ਤੇ ਪੁਲਿਸ ਸਮੇਤ 1,600 ਤੋਂ ਵੱਧ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ । ਇਸ ਪਹਿਲਕਦਮੀ ਨੇ 5,000 ਕਰੋੜ ਰੁਪਏ ਤੋਂ ਵੱਧ ਦੀ ਸੰਭਾਵੀ ਸਾਈਬਰ ਧੋਖਾਧੜੀ ਨੂੰ ਰੋਕਣ ਵਿਚ ਮਦਦ ਕੀਤੀ ਹੈ। ਉਨ੍ਹਾਂ ਨੇ ਸਰਕਾਰੀ ਮੁਲਾਜ਼ਮਾਂ ਲਈ ਬਣਾਏ ਗਏ ਮਿਸ਼ਨ ਕਰਮਯੋਗੀ ਪਲੇਟਫ਼ਾਰਮ ਦਾ ਜ਼ਿਕਰ ਕੀਤਾ, ਜਿੱਥੇ 17 ਭਾਰਤੀ ਭਾਸ਼ਾਵਾਂ ਵਿਚ 7,000 ਤੋਂ ਵੱਧ ਕੋਰਸ ਉਪਲਬਧ ਹਨ । ਲੱਖਾਂ ਮੁਲਾਜ਼ਮ ਇਥੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਭਾਰਤੀ ਸੈਨਤ ਭਾਸ਼ਾ ਵਰਗੇ ਨਵੇਂ ਹੁਨਰ ਸਿੱਖ ਰਹੇ ਹਨ, ਜਿਸ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ । ਮੋਦੀ ਨੇ ਖ਼ੁਸ਼ੀ ਜ਼ਾਹਰ ਕੀਤੀ ਕਿ ਪਟਨਾ ਸਥਿਤ ਬਿਹਾਰ ਮਿਊਜ਼ੀਅਮ ਨੂੰ ਦੁਨੀਆ ਦੇ 100 ਬਿਹਤਰੀਨ ਅਜਾਇਬ ਘਰਾਂ ਦੀ ਸੂਚੀ ਵਿਚ 9ਵਾਂ ਸਥਾਨ ਤੇ ਏਸ਼ੀਆ ਵਿਚ ਪਹਿਲਾ ਸਥਾਨ ਮਿਲਿਆ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਗੁਜਰਾਤ ਦੇ ਵਡਨਗਰ ਸਥਿਤ ਪੁਰਾਤੱਤਵ ਅਜਾਇਬ ਘਰ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਨੇ ਸਥਾਨਕ ਉੱਦਮੀਆਂ ਦੀ ਸ਼ਲਾਘਾ ਕਰਦਿਆਂ ਊਠਣੀ ਦੇ ਦੁੱਧ ਤੋਂ ਬਣੇ ਉਤਪਾਦਾਂ ਅਤੇ ਦੇਸ਼ ਵਿਚੋਂ ਚਾਕਲੇਟ ਦੀ ਵਧ ਰਹੀ ਬਰਾਮਦ (ਐਕਸਪੋਰਟ) ਬਾਰੇ ਗੱਲ ਕੀਤੀ ।ਪ੍ਰੋਗਰਾਮ ਦੇ ਅੰਤ ਵਿਚ ਉਨ੍ਹਾਂ ਨੇ ਮੌਸਮ ਦਾ ਹਵਾਲਾ ਦਿੰਦਿਆਂ ‘ਫਿੱਟ ਇੰਡੀਆ’ ਅਤੇ ‘ਸੰਡੇਜ਼ ਆਨ ਸਾਈਕਲ’ ਵਰਗੀਆਂ ਮੁਹਿੰਮਾਂ ਨਾਲ ਜੁੜਨ ਤੇ ਰੋਜ਼ਾਨਾ ਕਸਰਤ ਕਰਨ ਦਾ ਸੁਨੇਹਾ ਦਿੱਤਾ ।
ਜੇਕਰ ਸੁਪਨੇ ਪੂਰੇ ਕਰਨੇ ਹਨ ਤਾਂ ਨਸ਼ਿਆਂ ਦਾ ਕਰੋ ਮੁਕੰਮਲ ਤਿਆਗ ਪ੍ਰਧਾਨ ਮੰਤਰੀ ਵਲੋਂ ਨੌਜਵਾਨਾਂ ਨੂੰ ਨਸੀਹਤ
ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 140ਵੇਂ ਐਪੀਸੋਡ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਸਾਈਬਰ ਸੁਰੱਖਿਆ, ਸਰਕਾਰੀ ਮੁਲਾਜ਼ਮਾਂ ਦੀ ਸਿਖਲਾਈ, ਭਾਰਤੀ ਅਜਾਇਬ ਘਰ, ਚਿੱਤਰਕਾਰ ਸੋਭਾ ਸਿੰਘ ਅਤੇ ਫਿਟਨੈੱਸ ਸਮੇਤ ਕਈ ਅਹਿਮ ਵਿਸ਼ਿਆਂ ’ਤੇ ਚਰਚਾ ਕੀਤੀ । ਮੋਦੀ ਨੇ ਆਪਣੇ ਸੰਬੋਧਨ ਦੌਰਾਨ ਨਸ਼ਿਆਂ...
ਅਜੀਤ ਡੈਸਕ
30-11-2026