ਹਰਕਵਲਜੀਤ ਸਿੰਘ
ਚੰਡੀਗੜ੍ਹ, 29 ਨਵੰਬਰ-ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਪੰਜਾਬ ਦੇ ਕਈ ਵਿਭਾਗਾਂ ਨਾਲ ਸੰਬੰਧਿਤ ਮਾਮਲਿਆਂ ਸੰਬੰਧੀ ਜਾਂਚ ਦਾ ਕੰਮ ਕੇਂਦਰੀ ਏਜੰਸੀਆਂ ਈ.ਡੀ. ਦੇ ਸੀ.ਬੀ.ਆਈ. ਨੂੰ ਦਿੱਤੇ ਜਾਣ ਤੋਂ ਬਾਅਦ ਕੇਂਦਰੀ ਏਜੰਸੀਆਂ ਦੀ ਸਰਗਰਮੀਆਂ ਕਾਰਨ ਪੰਜਾਬ ਪ੍ਰਸ਼ਾਸਨ ਵਿਚ ਹੜਕੰਪ ਮੱਚਿਆ ਹੋਇਆ ਹੈ । ਕੇਂਦਰੀ ੲੰਜੇਸੀਆਂ ਦੀ ਜਾਂਚ ਦੇ ਘੇਰੇ ਵਿਚ ਹੁਣ ਆਈ.ਏ.ਐਸ., ਆਈ.ਪੀ.ਐਸ,ਪੀ.ਸੀ.ਐਸ. ਤੇ ਹੇਠਲੇ ਪੱਧਰ ਦੇ ਚਾਰ ਦਰਜਨ ਅਧਿਕਾਰੀ ਆ ਚੁੱਕੇ ਹਨ ਤੇ ਕੇਂਦਰੀ ੲੰਜੇਸੀਆਂ ਵਲੋਂ ਚੰਡੀਗੜ੍ਹ, ਦਿੱਲੀ ਤੇ ਜਲੰਧਰ ਦੇ ਦਫ਼ਤਰਾਂ ਵਿਚ ਰੋਜ਼ਾਨਾ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ । ਕੇਂਦਰੀ ੲੰਜੇਸੀਆਂ ਵਲੋਂ ਵੱਖ-ਵੱਖ ਵਿਭਾਗਾਂ ਤੋਂ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਜਾਂਚਾਂ ਨਾਲ ਸਬੰਧਿਤ ਜਾਣਕਾਰੀਆਂ ਤੇ ਰਿਕਾਰਡ ਵੀ ਮੰਗੇ ਜਾ ਰਹੇ ਹਨ । ਰਾਜ ਦੇ ਬਹੁਤ ਸਾਰੇ ਵਿਭਾਗਾਂ ਵਲੋਂ ਆਪਣੇ ਜਵਾਬ ਤਿਆਰ ਕਰਨ ਤੇ ਰਿਕਾਰਡ ਸਪਲਾਈ ਲਈ ਕਾਫ਼ੀ ਸਮਾਂ ਲਗਾਇਆ ਜਾ ਰਿਹਾ ਹੈ ਤੇ ਰਾਜ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਪ੍ਰਸ਼ਾਸਨ ਦਾ ਹੁਣ ਕਾਫ਼ੀ ਸਮਾਂ ਤੇ ਮਿਹਨਤ ਹੁਣ ਇਨ੍ਹਾਂ ਜਾਂਚਾਂ ਨਾਲ ਨਿਪਟਣ ਲਈ ਲੱਗ ਰਿਹਾ ਹੈ । ਸੁਪਰੀਮ ਕੋਰਟ ਵਲੋਂ ਹਾਲਾਂਕਿ ਕੇਂਦਰੀ ਏਜੰਸੀਆਂ ਨੂੰ ਫਿਲਹਾਲ ਜ਼ਬਰਦਸਤੀ ਵਾਲਾ ਜਾਂ ਦਬਾਅ ਪਾਉਣ ਵਾਲਾ ਕਦਮ ਨਾ ਚੁੱਕਣ ਦਾ ਆਦੇਸ਼ ਦਿੱਤਾ, ਜਿਸ ਕਾਰਨ ਕੇਂਦਰੀ ਏਜੰਸੀਆਂ ਵਲੋਂ ਗ੍ਰਿਫ਼ਤਾਰੀਆਂ ਕਰਨ ਜਾਂ ਹਿਰਾਸਤੀ ਪੁੱਛਗਿੱਛ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ, ਲੇਕਿਨ ਕਈ ਵਿਭਾਗਾਂ ਲਈ ਲੱਗ ਰਹੇ ਦੋਸ਼ਾਂ ਸਬੰਧੀ ਜਵਾਬ ਬਣਾਉਣੇ ਕਾਫ਼ੀ ਮੁਸ਼ਕਿਲ ਹੋ ਰਹੇ ਹਨ, ਕਿਉਂਕਿ ਰਾਜ ਸਰਕਾਰੀ ਢਾਂਚੇ ਵਿਚ ਕਿਸੇ ਨੂੰ ਅਜਿਹੀ ਕਾਰਵਾਈ ਦਾ ਅੰਦਾਜ਼ਾ ਹੀ ਨਹੀਂ ਸੀ । ਰਾਜ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਵਲੋਂ ਸਾਲਾਨਾ ਰਾਜ ਵਿਚ 70 ਤੋਂ 80 ਹਜ਼ਾਰ ਕਰੋੜ ਦੀ ਲਾਗਤ ਨਾਲ ਕੇਂਦਰੀ ਭੰਡਾਰ ਲਈ ਖ਼ਰੀਦੇ ਜਾਂਦੇ ਖਾਦ ਪਦਾਰਥਾਂ ਵਿਚਲੇ ਘਪਲਿਆਂ ਤੇ ਰੇਤ ਬਜਰੀ ਦੀ ਮਾਈਨਿੰਗ ਸਮੇਤ ਕੁੱਝ ਵਿਭਾਗਾਂ ਸਬੰਧੀ ਜਾਂਚ ਵਿਚ ਸਾਹਮਣੇ ਆ ਰਹੀਆਂ ਜਾਣਕਾਰੀਆਂ ਇਨ੍ਹਾਂ ਵਿਭਾਗਾਂ ਨਾਲ ਸਬੰਧਿਤ ਅਧਿਕਾਰੀਆਂ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀਆਂ ਹਨ । ਪ੍ਰੰਤੂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਲਈ ਮੁਸ਼ਕਿਲ ਇਹ ਹੈ ਕਿ ਚੋਣਾਂ ਤੋਂ ਪਹਿਲਾਂ 4-6 ਮਹੀਨਿਆਂ ਵਿਚ ਵਿਕਾਸ ਆਦਿ ਦੇ ਜੋ ਜ਼ਰੂਰੀ ਕੰਮ ਨੇਪਰੇ ਚੜ੍ਹ ਜਾਣੇ ਹੁੰਦੇ ਹਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਾਂਚਾਂ ਵਿਚ ਉਲਝ ਜਾਣ ਕਾਰਨ ਸਰਕਾਰੀ ਕੰਮਕਾਜ ਦੀ ਰਫ਼ਤਾਰ ਜਾਂ ਤਾਂ ਮੱਠੀ ਪੈ ਗਈ ਹੈ ਜਾਂ ਖੜੋਤ ਆ ਗਈ ਹੈ । ਪੈਦਾ ਹੋਏ ਡਰ ਤੇ ਸਹਿਮ ਦੇ ਮਾਹੌਲ ਵਿਚ ਪ੍ਰਸ਼ਾਸਨਿਕ ਅਧਿਕਾਰੀ ਫ਼ੈਸਲੇ ਲੈਣ ਤੋਂ ਡਰਨ ਲੱਗੇ ਪਏ ਹਨ ਤੇ ਚਰਚਾ ਇਹ ਵੀ ਹੈ ਕਿ ਕਈ ਅਧਿਕਾਰੀ ਫਾਈਲਾਂ ’ਤੇ ਦਸਤਖ਼ਤ ਕਰਨ ਤੋਂ ਵੀ ਡਰ ਰਹੇ ਹਨ । ਸੀ.ਬੀ.ਆਈ. ਨੂੰ ਹਾਈਕੋਰਟ ਵਲੋਂ ਜਿਨ੍ਹਾਂ ਜਾਂਚਾਂ ਦਾ ਕੰਮ ਸੌਂਪਿਆ ਗਿਆ ਹੈ ਉਨ੍ਹਾਂ ਸੰਬੰਧੀ ਅੰਤਰਿਮ ਰਿਪੋਰਟ ਦਸੰਬਰ ਦੇ ਪਹਿਲੇ ਹਫ਼ਤੇ ਹਾਈਕੋਰਟ ਵਿਚ ਸੌਂਪੀ ਜਾਣੀ ਹੈ, ਇਸ ਕਾਰਨ ਸ਼ਾਇਦ ਕੇਂਦਰੀ ਏਜੰਸੀਆਂ ਵੀ ਜਾਂਚ ਦਾ ਕੰਮ ਤੇਜ਼ੀ ਨਾਲ ਨਿਬੇੜਨ ਵਿਚ ਲੱਗੀਆਂ ਹੋਈਆਂ ਹਨ । ਮਕਾਨ ਉਸਾਰੀ ਵਿਭਾਗ ਵਲੋਂ ਮਗਰਲੇ ਸਮੇਂ ਦੌਰਾਨ ਲਏ ਗਏ ਕੁੱਝ ਵਿਵਾਦਿਤ ਫ਼ੈਸਲੇ ਜੋ ਜਾਂਚ ਦੇ ਘੇਰੇ ਵਿਚ ਨੂੰ ਵਾਪਸ ਵੀ ਲੈ ਲਿਆ ਹੈ । ਕੇਂਦਰੀ ਏਜੰਸੀਆਂ ਦੀਆਂ ਸਰਗਰਮੀਆਂ ਨੇ ਰਾਜ ਦੀ ਅਫ਼ਸਰਸ਼ਾਹੀ ਨੂੰ ਇਹ ਜ਼ਰੂਰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਫ਼ੈਸਲਿਆਂ ਤੇ ਕੀਤੇ ਜਾਣ ਵਾਲੇ ਕੰਮਾਂ ’ਤੇ ਦੁਬਾਰਾ ਨਜ਼ਰਸਾਨੀ ਵੀ ਹੋ ਸਕਦੀ ਹੈ ਅਤੇ ਪੁੱਛਗਿੱਛ ਵੀ ਹੋ ਸਕਦੀ ਹੈ ।