17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

‘ਕੁਆਡ’ 2027 ਵਿਚ ਕਰੇਗਾ ਆਪਣਾ ਪਹਿਲਾ ਫ਼ੌਜੀ ਅਭਿਆਸ

‘ਕੁਆਡ’ 2027 ਵਿਚ ਕਰੇਗਾ ਆਪਣਾ ਪਹਿਲਾ ਫ਼ੌਜੀ ਅਭਿਆਸ

Ad Position 21
No active advertisement
ਅਜੀਤ ਡੈਸਕ 18-11-2026

ਮਨੀਲਾ, 17 ਨਵੰਬਰ (ਏਜੰਸੀ)-ਭਾਰਤ, ਅਮਰੀਕਾ, ਜਪਾਨ ਤੇ ਆਸਟ੍ਰੇਲੀਆ ਦੇ ਆਗੂਆਂ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਸਹਿਯੋਗ ਮਜ਼ਬੂਤ ਕਰਨ ਲਈ ਨਵੀਂ ਸਮੁੰਦਰੀ ਨਿਗਰਾਨੀ ਪ੍ਰਣਾਲੀ, ਫ਼ੌਜੀ ਮਸ਼ਕ, ਕੇਬਲ ਸੰਪਰਕ ਢਾਂਚੇ ਤੇ ਸਾਈਬਰ ਸੁਰੱਖਿਆ ਸੰਬੰਧੀ ਕਈ ਵੱਡੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ। ਮਨੀਲਾ ’ਚ ਹੋਏ ‘ਕੁਆਡ’ ਸਿਖਰ ਸੰਮੇਲਨ ਦੌਰਾਨ ਸਾਂਝੇ ਐਲਾਨਨਾਮੇ ’ਚ ਆਗੂਆਂ ਨੇ ਤਾਕਤ ਜਾਂ ਦਬਾਅ ਰਾਹੀਂ ਮੌਜੂਦਾ ਸਥਿਤੀ ਬਦਲਣ ਦੀਆਂ ਕਿਸੇ ਵੀ ਇਕਪਾਸੜ ਜਾਂ ਅਸਥਿਰਤਾ ਪੈਦਾ ਕਰਨ ਵਾਲੀਆਂ ਕਾਰਵਾਈਆਂ ਦਾ ਸਖ਼ਤ ਵਿਰੋਧ ਕਰਦਿਆਂ ਇਹ ਵੀ ਐਲਾਨ ਕੀਤਾ ਕਿ ‘ਕੁਆਡ’ ਵਲੋਂ ਆਪਣਾ ਪਹਿਲਾ ਫ਼ੌਜੀ ਅਭਿਆਸ 2027 ਵਿਚ ਕੀਤਾ ਜਾਵੇਗਾ। ਇਸ ਨੂੰ ਚੀਨ ਲਈ ਸਪੱਸ਼ਟ ਸੰਦੇਸ਼ ਮੰਨਿਆ ਜਾ ਰਿਹਾ ਹੈ। ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਸ਼ਾਮਿਲ ਹੋਏ। ਸਾਂਝੇ ਬਿਆਨ ’ਚ ਆਗੂਆਂ ਨੇ ਮਨਮਾਨੀਆਂ ਬਰਾਮਦ ਪਾਬੰਦੀਆਂ ਸਮੇਤ ਆਰਥਿਕ ਦਬਾਅ ਬਣਾਉਣ ਦੀਆਂ ਕਾਰਵਾਈਆਂ ’ਤੇ ਗੰਭੀਰ ਚਿੰਤਾ ਪ੍ਰਗਟਾਈ। ਆਗੂਆਂ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਸੁਰੱਖਿਅਤ ਸਮੁੰਦਰੀ ਆਵਾਜਾਈ, ਜਹਾਜ਼ਰਾਨੀ ਦੀ ਆਜ਼ਾਦੀ ਤੇ ਮਹੱਤਵਪੂਰਨ ਸਪਲਾਈ ਲੜੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਅਹਿਦ ਲਿਆ। ਇਸ ਤਹਿਤ 2027 ’ਚ ਪਹਿਲੀ ਵਾਰ ਕੁਆਡ ਦੇਸ਼ਾਂ ਦੇ ਪੀ-8 ਤੇ ਪੀ-3ਸੀ ਗਸ਼ਤੀ ਜਹਾਜ਼ ਸਾਂਝੀ ਸਮੁੰਦਰੀ ਫ਼ੌਜੀ ਮਸ਼ਕ ’ਚ ਹਿੱਸਾ ਲੈਣਗੇ। ਸੂਤਰਾਂ ਨੇ ਦੱਸਿਆ ਕਿ ‘ਐਕਸਰਸਾਈਜ਼ ਸੀ ਡਰੈਗਨ 2027’ ਦੇ ਅਗਲੇ ਸਾਲ ਮਾਰਚ ’ਚ ਹੋਣ ਦੀ ਉਮੀਦ ਹੈ, ਜੋ ਕਿ ਗੁਆਮ ਵਿਚ ਅਮਰੀਕਾ ਦੀ ਅਗਵਾਈ ਵਾਲਾ ਪਣਡੁੱਬੀ-ਰੋਕੂ ਯੁੱਧ ਅਭਿਆਸ ਹੈ। ਇਸ ਤੋਂ ਇਲਾਵਾ ਸਮੁੰਦਰੀ ਖੇਤਰ ਦੀ ਨਿਗਰਾਨੀ ਤੇ ਜਾਣਕਾਰੀ ਸਾਂਝੀ ਕਰਨ ਲਈ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਜਾਵੇਗੀ। ਕੁਆਡ ਦੇਸ਼ਾਂ ਨੇ ਭਰੋਸੇਯੋਗ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਏ.ਆਈ. ਐਕਸਲੇਟਰ ਸ਼ੁਰੂ ਕਰਨ ਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਇਸ ਦੀ ਪਹੁੰਚ ਵਧਾਉਣ ਲਈ 8.5 ਕਰੋੜ ਡਾਲਰ ਤੋਂ ਵੱਧ ਖਰਚ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸਾਈਬਰ ਹਮਲਿਆਂ ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਸਾਂਝੇ ਸਾਈਬਰ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ 2027 ਦੇ ਸ਼ੁਰੂ ’ਚ ਪਹਿਲਾ ਕੁਆਡ ਬਿਜ਼ਨਸ ਲੀਡਰਜ਼ ਫੋਰਮ ਕਰਵਾਉਣ ਦਾ ਵੀ ਐਲਾਨ ਕੀਤਾ, ਜਿਸ ’ਚ ਚਾਰਾਂ ਦੇਸ਼ਾਂ ਦੇ ਕਾਰੋਬਾਰੀ ਆਗੂ, ਸਰਕਾਰੀ ਅਧਿਕਾਰੀ ਤੇ ਨੀਤੀ ਮਾਹਿਰ ਹਿੱਸਾ ਲੈਣਗੇ। ਇਸ ਦਾ ਉਦੇਸ਼ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਮਹੱਤਵਪੂਰਨ ਖਣਿਜਾਂ ਦੀ ਸਪਲਾਈ ਲੜੀ ਨੂੰ ਸੁਰੱਖਿਅਤ ਬਣਾਉਣ ਲਈ ਵੀ ਨਵੇਂ ਸਮਝੌਤਿਆਂ ’ਤੇ ਜ਼ੋਰ ਦਿੱਤਾ ਗਿਆ।

 

ਪ੍ਰਧਾਨ ਮੰਤਰੀ ਵਲੋਂ ‘ਆਸੀਆਨ’ ਸੰਮੇਲਨ ’ਚ ਖੇਤਰੀ ਸਹਿਯੋਗ ਤੇ ਸ਼ਾਂਤੀ ਦਾ ਸੱਦਾ

 

ਮਨੀਲਾ, 17 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਖੇ ਹੋਏ 23ਵੇਂ ਭਾਰਤ-ਆਸੀਆਨ ਸਿਖਰ ਸੰਮੇਲਨ ’ਚ ਖੇਤਰੀ ਸ਼ਾਂਤੀ, ਸਥਿਰਤਾ ਤੇ ਆਰਥਿਕ ਖੁਸ਼ਹਾਲੀ ਲਈ ਮੁਕਾਬਲੇ ਦੀ ਬਜਾਏ ਸਹਿਯੋਗ ਨੂੰ ਤਰਜੀਹ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਤੇ ਆਸੀਆਨ ਦੇਸ਼ ਮਿਲ ਕੇ ਦੁਨੀਆ ਦੀ ਲਗਭਗ ਇੱਕ ਚੌਥਾਈ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ ਤੇ ਇਸ ਖੇਤਰ ਦਾ ਭਵਿੱਖ ਆਪਸੀ ਸਹਿਯੋਗ ਰਾਹੀਂ ਹੀ ਬਿਹਤਰ ਬਣਾਇਆ ਜਾ ਸਕਦਾ ਹੈ। ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਦੇ ਸੱਦੇ ’ਤੇ ਸੰਮੇਲਨ ’ਚ ਸ਼ਾਮਿਲ ਹੋਏ ਮੋਦੀ ਨੇ ਕਿਹਾ ਕਿ ਭਾਰਤ ਆਸੀਆਨ ਨਾਲ ਆਪਣੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਬਹੁਤ ਮਹੱਤਵ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਦੁਨੀਆ ਨੇ ਕਈ ਸੰਕਟਾਂ ਦਾ ਸਾਹਮਣਾ ਕੀਤਾ ਹੈ ਤੇ ਮੌਜੂਦਾ ਸਮੇਂ ’ਚ ਵਿਸ਼ਵ ਨੂੰ ਸਭ ਤੋਂ ਵੱਧ ਸ਼ਾਂਤੀ, ਸਥਿਰਤਾ ਤੇ ਭਰੋਸੇਯੋਗਤਾ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ‘ਐਕਟ ਈਸਟ’ ਨੀਤੀ ਨੇ ਆਸੀਆਨ ਦੇਸ਼ਾਂ ਨਾਲ ਸਬੰਧਾਂ ਨੂੰ ਨਵੀਂ ਦਿਸ਼ਾ ਤੇ ਗਤੀ ਦਿੱਤੀ ਹੈ। ਹੁਣ ਇਹ ਭਾਈਵਾਲੀ ਸਿਰਫ਼ ਸਾਂਝੀ ਵਿਰਾਸਤ ਤੇ ਸੱਭਿਆਚਾਰ ਤੱਕ ਸੀਮਤ ਨਹੀਂ ਰਹੀ, ਸਗੋਂ ਡਿਜੀਟਲ ਤਕਨਾਲੋਜੀ, ਰੱਖਿਆ ਤੇ ਪੁਲਾੜ ਵਰਗੇ ਆਧੁਨਿਕ ਖੇਤਰਾਂ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਸੀਆਨ ਦੀ ਏਕਤਾ ਤੇ ਖੇਤਰ ’ਚ ਇਸ ਦੀ ਕੇਂਦਰੀ ਭੂਮਿਕਾ ਪ੍ਰਤੀ ਵਚਨਬੱਧਤਾ ਭਵਿੱਖ ’ਚ ਵੀ ਕਾਇਮ ਰਹੇਗੀ।
ਸਹਿਯੋਗ ਵਧਾਉਣ ਲਈ ਕਈ ਅਹਿਮ ਪ੍ਰਸਤਾਵ
ਮੋਦੀ ਨੇ ਭਾਰਤ ਤੇ ‘ਆਸੀਆਨ’ ਦੇਸ਼ਾਂ ਵਿਚਾਲੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਲੰਬੇ ਸਮੇਂ ਦੀ ਯੋਜਨਾ ਬਣਾਉਣ ਦਾ ਪ੍ਰਸਤਾਵ ਰੱਖਿਆ। ਇਸ ’ਚ ਸਮੁੰਦਰੀ ਸੰਪਰਕ, ਵਿਗਿਆਨਕ ਖੋਜ, ਆਫ਼ਤ ਪ੍ਰਬੰਧਨ, ਤੱਟ ਰੱਖਿਅਕ ਬਲਾਂ ਵਿਚਾਲੇ ਸਹਿਯੋਗ ਤੇ ਸਮੁੰਦਰੀ ਖੇਤਰ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਵਰਗੇ ਮੁੱਦੇ ਸ਼ਾਮਿਲ ਹਨ। ਉਨ੍ਹਾਂ ਖੇਤਰ ’ਚ ਸਾਈਬਰ ਫੋਰੈਂਸਿਕ ਸਿਖਲਾਈ ਲਈ ਸਾਂਝਾ ਪ੍ਰੋਗਰਾਮ ਸ਼ੁਰੂ ਕਰਨ, ਪ੍ਰਮਾਣੂ ਊਰਜਾ ਸਬੰਧੀ ਤਕਨੀਕੀ ਸਹਿਯੋਗ, ਪੁਲਾੜ ਖੇਤਰ ’ਚ ਹੈਕਾਥਾਨ ਤੇ ਅਹਿਮ ਖਣਿਜਾਂ ਦੀ ਖੋਜ ਤੇ ਖਣਨ ’ਚ ਮਿਲ ਕੇ ਕੰਮ ਕਰਨ ਦੇ ਸੁਝਾਅ ਵੀ ਦਿੱਤੇ। ਇਸ ਤੋਂ ਇਲਾਵਾ ਆਸੀਆਨ ਦੇਸ਼ਾਂ ਦੇ ਨੌਜਵਾਨਾਂ ਲਈ ਸਿਖਰ ਸੰਮੇਲਨ, ਨੌਜਵਾਨ ਸੰਸਦ ਮੈਂਬਰਾਂ ਦੇ ਆਦਾਨ-ਪ੍ਰਦਾਨ ਤੇ ਸਟਾਰਟਅੱਪ ਹੈਕਾਥਾਨ ਕਰਵਾਉਣ ਦਾ ਪ੍ਰਸਤਾਵ ਰੱਖਿਆ।
‘ਆਸੀਆਨ’ ਦੇਸ਼ਾਂ ਦੇ ਸੈਲਾਨੀਆਂ ਲਈ ਮੁਫ਼ਤ ਈ-ਵੀਜ਼ਾ
ਮੋਦੀ ਨੇ ‘ਆਸੀਆਨ’ ਦੇਸ਼ਾਂ ਦੇ ਸੈਲਾਨੀਆਂ ਲਈ ਮੁਫ਼ਤ ਈ-ਵੀਜ਼ਾ ਦੀ ਸਹੂਲਤ ਦੇਣ ਤੇ ਨਾਲੰਦਾ ਯੂਨੀਵਰਸਿਟੀ ’ਚ ਉਨ੍ਹਾਂ ਲਈ ਵਜ਼ੀਫ਼ਿਆਂ ਦੀ ਗਿਣਤੀ ਵਧਾਉਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਵਿਚਾਲੇ ਸੰਪਰਕ ਵਧਾਉਣਾ ਭਾਰਤ-ਆਸੀਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਲ 2014 ਤੋਂ ਹੁਣ ਤੱਕ ਲੋਕਾਂ ਵਿਚਾਲੇ ਸਬੰਧ ਮਜ਼ਬੂਤ ਕਰਨ ਲਈ 100 ਤੋਂ ਵੱਧ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਲਗਭਗ 250 ਤੁਰੰਤ ਪ੍ਰਭਾਵ ਵਾਲੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਤੇ ਹੁਨਰ ਵਿਕਾਸ ਲਈ 10 ਹਜ਼ਾਰ ਤੋਂ ਵੱਧ ਵਜ਼ੀਫ਼ੇ ਦਿੱਤੇ ਗਏ ਹਨ। ਭਾਰਤ ਤੇ ਆਸੀਆਨ ਦੇ ਨੌਂ ਦੇਸ਼ਾਂ ਵਿਚਾਲੇ ਸਿੱਧੀਆਂ ਹਵਾਈ ਉਡਾਣਾਂ ਤੇ ਸੈਰ-ਸਪਾਟੇ ’ਚ ਵਾਧਾ ਵੀ ਨੇੜਲੇ ਸਬੰਧਾਂ ਦਾ ਸਬੂਤ ਹੈ।
ਥਾਈਲੈਂਡ ਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤਾਂ
ਸੰਮੇਲਨ ਤੋਂ ਇਲਾਵਾ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੂਤਿਨ ਚਰਨਵੀਰਾਕੁਲ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਨਿਵੇਸ਼, ਬੁਨਿਆਦੀ ਢਾਂਚੇ, ਨਵੀਨਤਾ, ਸੈਮੀਕੰਡਕਟਰ ਤੇ ਆਧੁਨਿਕ ਨਿਰਮਾਣ ਖੇਤਰਾਂ ’ਚ ਸਹਿਯੋਗ ਵਧਾਉਣ ਬਾਰੇ ਵਿਚਾਰ-ਵਟਾਂਦਰਾ ਹੋਇਆ। ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਸੰਪਰਕ, ਡਿਜੀਟਲ ਤਕਨਾਲੋਜੀ, ਸੱਭਿਆਚਾਰ ਤੇ ਸੈਰ-ਸਪਾਟੇ ਵਰਗੇ ਮੁੱਦੇ ਵਿਚਾਰੇ ਗਏ।

 

 

ਟਰੰਪ ਨੇ ਮੋਦੀ ਨੂੰ ਦੱਸਿਆ ਮਹਾਨ ਆਗੂ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ‘ਮਹਾਨ ਆਗੂ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਦੁਨੀਆ ਭਰ ’ਚ ਬਹੁਤ ਸਨਮਾਨ ਕੀਤਾ ਜਾਂਦਾ ਹੈ ਤੇ ਉਹ ਉਨ੍ਹਾਂ ਦੇ ਦੋਸਤ ਹਨ। ਮਨੀਲਾ ’ਚ ‘ਕੁਆਡ’ ਆਗੂਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਚਾਰਾਂ ਦੇਸ਼ਾਂ ਦੀ ਸਾਂਝੀ ਤਾਕਤ ਇਕ ਆਜ਼ਾਦ, ਖੁੱਲ੍ਹੇ, ਸਥਿਰ ਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ 2017 ’ਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਕੁਆਡ ਨੂੰ ਮੁੜ ਸਰਗਰਮ ਕੀਤਾ ਸੀ ਤੇ ਉਦੋਂ ਤੋਂ ਚਾਰਾਂ ਦੇਸ਼ਾਂ ਵਿਚਾਲੇ ਸਹਿਯੋਗ ਤੇ ਦੋਸਤੀ ਹੋਰ ਮਜ਼ਬੂਤ ਹੋਈ ਹੈ।
ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਸਾਂਝੀਆਂ ਚੁਣੌਤੀਆਂ ਹੱਲ ਕਰਦਾ ਹੈ ਕੁਆਡ-ਮੋਦੀ
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਕੁਆਡ’ ਨੂੰ ਇਕ ਉਸਾਰੂ ਤੇ ਭਰੋਸੇਯੋਗ ਭਾਈਵਾਲੀ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਸਾਂਝੀਆਂ ਚੁਣੌਤੀਆਂ ਦੇ ਭਰੋਸੇਯੋਗ ਹੱਲ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸਮੁੰਦਰੀ ਸੁਰੱਖਿਆ, ਭਰੋਸੇਯੋਗ ਸਪਲਾਈ ਲੜੀਆਂ, ਨਵੀਆਂ ਤਕਨਾਲੋਜੀਆਂ ਤੇ ਆਫ਼ਤ ਪ੍ਰਬੰਧਨ ਵਰਗੇ ਖੇਤਰਾਂ ’ਚ ਕੁਆਡ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। 

Ad Position 22
No active advertisement
ਪਿਛਲੀ ਖ਼ਬਰ ਆਰੀਆ ਵਲੋਂ 16 ਰੋਜ਼ਾ ‘ਸਮਰਸਤਾ ਸੰਕਲਪ ਯਾਤਰਾ’ ਦਾ ਵਿਸਥਾਰਤ ਰੋਜ਼ਾਨਾ ਪ੍ਰੋਗਰਾਮ ਜਾਰੀ ਅਗਲੀ ਖ਼ਬਰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਿੱਖ ਭਾਈਚਾਰੇ ਨੇ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਈ-ਮੋਦੀ
Ad Position 24