31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

‘ਆਪ’ ਵਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

‘ਆਪ’ ਵਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Ad Position 21
No active advertisement
ਅਜੀਤ ਡੈਸਕ 01-11-2026

ਭਗਵੰਤ ਮਾਨ ਮੁੜ ਧੂਰੀ ਤੋਂ ਲੜਣਗੇ ਚੋਣ-ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਬੈਠਕ ’ਚ ਉਮੀਦਵਾਰਾਂ ਦੇ ਨਾਂਅ ’ਤੇ ਲੱਗੀ ਮੋਹਰ




ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 31 ਅਕਤੂਬਰ-ਆਮ ਆਦਮੀ ਪਾਰਟੀ ਨੇ ਦਿੱਲੀ ’ਚ ਹੋਏ ਦੋ ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਸੂਚੀ ’ਚ ਮੁੱਖ ਮੰਤਰੀ ਭਗਵੰਤ ਮਾਨ ਮੁੜ ਧੂਰੀ ਤੋਂ ਵਿਧਾਨ ਸਭਾ ਚੋਣਾਂ ਲੜਨਗੇ, ਜਦਕਿ ਜੇਲ੍ਹ ’ਚ ਬੰਦ ਸੰਜੀਵ ਅਰੋੜਾ ਨੂੰ ਵੀ ਉਮੀਦਵਾਰ ਐਲਾਨਦਿਆਂ ਲੁਧਿਆਣਾ ਪੱਛਮੀ ਤੋਂ ਟਿਕਟ ਦਿੱਤੀ ਗਈ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕੋਟਕਪੂਰਾ ਅਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਅਜਨਾਲਾ ਤੋਂ ਉਮੀਦਵਾਰ ਬਣਾਇਆ ਗਿਆ। ਆਮ ਆਦਮੀ ਪਾਰਟੀ ਵਲੋਂ ਐਲਾਨੀ ਗਈ ਸੂਚੀ ’ਚ ਮਾਲਵੇ ਲਈ 27, ਦੁਆਬੇ ਲਈ 8 ਅਤੇ ਮਾਝੇ ਲਈ 5 ਉਮੀਦਵਾਰ ਐਲਾਨੇ ਗਏ। ਹਾਲਾਂਕਿ ਸੂਚੀ ’ਚ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਨਾਂਅ ਸ਼ਾਮਿਲ ਨਾ ਹੋਣ ’ਤੇ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਜਿਨ੍ਹਾਂ ਨੂੰ ਅਕਾਲ ਤਖ਼ਤ ਵਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ, ਨੂੰ ਟਿਕਟ ਦੇਣ ’ਤੇ ਵਿਰੋਧੀ ਧਿਰਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਉਠਾਏ। 
ਸੂਚੀ ’ਚ ਜ਼ਿਆਦਾਤਰ ਮੌਜੂਦਾ ਵਿਧਾਇਕਾਂ ਨੂੰ ਟਿਕਟ
ਇਹ ਸੂਚੀ ਦਿੱਲੀ ਵਿਖੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਸ਼ੁੱਕਰਵਾਰ ਅਤੇ ਸਨਿਚਰਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਐਲਾਨੀ ਗਈ। ਸ਼ੁੱਕਰਵਾਰ ਦੀ ਮੀਟਿੰਗ ਤੋਂ ਬਾਅਦ ਮਾਨ ਨੇ ਕਿਹਾ ਸੀ ਕਿ ਕੁਝ ਉਮੀਦਵਾਰਾਂ ਦੇ ਨਾਂਅ ’ਤੇ ਅਜੇ ਚਰਚਾ ਜਾਰੀ ਹੈ, ਜਿਸ ਲਈ ਸਨਿਚਰਵਾਰ ਨੂੰ ਮੁੜ ਬੈਠਕ ਹੋਏਗੀ ਅਤੇ 12 ਵਜੇ ਤੱਕ ਸੂਚੀ ਜਾਰੀ ਕਰ ਦਿੱਤੀ ਜਾਏਗੀ। ਸਨਿਚਰਵਾਰ ਦੀ ਬੈਠਕ ’ਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਸਤੇਂਦਰ ਜੈਨ ਆਦਿ ਨੇਤਾ ਸ਼ਾਮਿਲ ਹੋਏ ਸਨ। ਮੀਟਿੰਗ ਤੋਂ ਬਾਅਦ ਸਿਸੋਦੀਆ ਨੇ ਕਿਹਾ ਕਿ ਪਾਰਟੀ 5 ਸਾਲ ਦੇ ਵਿਕਾਸ ਕਾਰਜਾਂ ਅਤੇ ਮੁੱਖ ਮੰਤਰੀ ਮਾਨ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਜਨਤਾ ’ਚ ਜਾਏਗੀ। ‘ਆਪ’ ਆਗੂਆਂ ਦੇ ਬੈਠਕ ਤੋਂ ਬਾਹਰ ਨਿਕਲਣ ਤੋਂ ਫੋਰਨ ਬਾਅਦ ਪਾਰਟੀ ਦੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸੂਚੀ ਜਨਤਕ ਕਰ ਦਿੱਤੀ ਗਈ। ਆਮ ਆਦਮੀ ਪਾਰਟੀ ਵਲੋਂ ਐਲਾਨੀ ਗਈ ਪਹਿਲੀ ਸੂਚੀ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਗਰੂਰ ਜ਼ਿਲ੍ਹੇ ਦੀ ਧੂਰੀ ਸੀਟ ਤੋਂ ਮੁੜ ਉਮੀਦਵਾਰ ਐਲਾਨਿਆ ਹੈ। ਮਾਨ ਨੇ 2022 ਤੋਂ ਇਸੇ ਸੀਟ ਤੋਂ ਚੋਣ ਲੜ ਕੇ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੂੰ ਹਰਾਇਆ ਸੀ। 2022 ’ਚ ਮਾਨ ਨੇ ਇਸ ਸੀਟ ’ਤੇ 24 ਹਜ਼ਾਰ 386 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ।
ਜੇਲ੍ਹ ’ਚ ਬੰਦ ਸੰਜੀਵ ਅਰੋੜਾ ਨੂੰ ਟਿਕਟ
ਆਮ ਆਦਮੀ ਪਾਰਟੀ ਨੇ ਪਿਛਲੇ ਸਾਢੇ 5 ਮਹੀਨਿਆਂ ਤੋਂ ਗੁਰੂਗ੍ਰਾਮ ਜੇਲ੍ਹ ’ਚ ਬੰਦ ਸੰਜੀਵ ਅਰੋੜਾ ਨੂੰ ਵੀ ਉਮੀਦਵਾਰ ਐਲਾਨਿਆ ਹੈ। ਅਰੋੜਾ ਜੂਨ 2025 ’ਚ ਇਸੇ ਸੀਟ ਤੋਂ ਜ਼ਿਮਨੀ ਚੋਣਾਂ ਜਿੱਤ ਕੇ ਮੰਤਰੀ ਬਣੇ ਸਨ। ਸੰਜੀਵ ਅਰੋੜਾ ਨੂੰ ਇਸ ਸਾਲ ਮਈ ’ਚ ਈ.ਡੀ. ਨੇ ਮਨੀ ਲਾਂਡ੍ਰਿੰਗ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਗੁਰੂਗ੍ਰਾਮ ਦੇ ਭੌਂਡਸੀ ਜੇਲ੍ਹ ’ਚ ਹਨ। ‘ਆਪ’ ਨੇ ਸੰਜੀਵ ਅਰੋੜਾ ’ਤੇ ਲਾਏ ਇਲਜ਼ਾਮਾਂ ਨੂੰ ਭਾਜਪਾ ਦਾ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਚੁੱਕਿਆ ਕਦਮ ਕਰਾਰ ਦਿੱਤਾ। ਇਸ ਤੋਂ ਇਲਾਵਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਤੋਂ, ਤਰਨ ਤਾਰਨ ਤੋਂ ਹਰਮੀਤ ਸਿੰਘ ਸੰਧੂ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕੋਟਕਪੂਰਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਮਾਨ ਅਤੇ ਕੇਜਰੀਵਾਲ ਨੇ ਉਮੀਦਵਾਰਾਂ ਨੂੰ ਦਿੱਤੀ ਵਧਾਈ
ਸੂਚੀ ਜਨਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਮਾਨ ਨੇ ਕਿਹਾ ਕਿ ਤਫਸੀਲੀ ਚਰਚਾ ਤੋਂ ਬਾਅਦ ‘ਆਪ’ ਦੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਸਾਰੇ ਆਗੂ ਆਪੋ-ਆਪਣੇ ਹਲਕਿਆਂ ਤੋਂ ਜਿੱਤ ਕੇ ਪੰਜਾਬ ਦੇ ਲੋਕਾਂ ਦੀ ਬਿਹਤਰ ਢੰਗ ਨਾਲ ਸੇਵਾ ਕਰਨਗੇ।
ਅਮਨ ਅਰੋੜਾ ਅਤੇ ਚੀਮਾ ਦਾ ਸੂਚੀ ’ਚ ਨਾਂਅ ਸ਼ਾਮਿਲ ਨਾ ਹੋਣ ’ਤੇ ਵਿਰੋਧੀਆਂ ਨੇ ਚੁੱਕੇ ਸਵਾਲ
ਕਾਂਗਰਸ ਨੇ ‘ਆਪ’ ਵਲੋਂ ਜਾਰੀ ਪਹਿਲੀ ਸੂਚੀ ’ਚ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਨਾਂਅ ਸ਼ਾਮਿਲ ਨਾ ਹੋਣ ’ਤੇ ਸਵਾਲ ਚੁੱਕੇ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਨੇ ਪਹਿਲੀ ਸੂਚੀ ’ਚ ਸਿਰਫ਼ ਉਨ੍ਹਾਂ ਨੂੰ ਥਾਂ ਦਿੱਤੀ ਹੈ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਖਦਸ਼ਾ ਹੈ ਕਿ ਉਹ ਪਾਰਟੀ ਛੱਡ ਕੇ ਜਾ ਸਕਦੇ ਹਨ। ਬਾਜਵਾ ਨੇ ਇਹ ਵੀ ਦਾਅਵਾ ਕੀਤਾ ਕਿ ਸੂਚੀ ’ਚ ਸ਼ਾਮਿਲ ਕਈ ਨੇਤਾ ਉਨ੍ਹਾਂ (ਕਾਂਗਰਸ) ਨਾਲ ਅਤੇ ਕਈ ਨੇਤਾ ਹੋਰਨਾਂ ਪਾਰਟੀਆਂ ਨਾਲ ਸੰਪਰਕ ’ਚ ਸਨ। ਬਾਜਵਾ ਨੇ ਇਹ ਵੀ ਦਾਅਵਾ ਕੀਤਾ ਕਿ ‘ਆਪ’ ਵਲੋਂ ਜਾਰੀ ਪਹਿਲੀ ਸੂਚੀ ਦੇ ਉਮੀਦਵਾਰ ਆਖਿਰ ’ਚ ਬਦਲ ਦਿੱਤੇ ਜਾਣਗੇ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਭ ਤੋਂ ਪਹਿਲਾਂ ਸੂਚੀ ਜਾਰੀ ਕਰਨ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਪਹਿਲਾਂ ਸੂਚੀ ਜਾਰੀ ਕਰਨ ਨਾਲ ਕੋਈ ਲੰਬਾ ਚੌੜਾ ਫ਼ਰਕ ਨਹੀਂ ਪੈਂਦਾ, ਫ਼ਰਕ ਚੰਗੇ ਉਮੀਦਵਾਰ ਖੜ੍ਹੇ ਕਰਨ ਨਾਲ ਪੈਂਦਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ‘ਆਪ’ ਪੰਜਾਬ ’ਚ ਕਾਂਗਰਸ ਲਈ ਕੋਈ ਚੁਣੌਤੀ ਨਹੀਂ ਹੈ। ਇਸ ਨੇ ਹੁਣ ਚਲੇ ਜਾਣਾ ਹੈ। ਸਾਰੇ ਨੇਤਾਵਾਂ ਨੇ ਅਮਨ ਅਰੋੜਾ ਅਤੇ ਚੀਮਾ ਦੇ ਸੂਚੀ ’ਚ ਸ਼ਾਮਿਲ ਨਾ ਹੋਣ ’ਤੇ ਸਵਾਲ ਉਠਾਏ।
ਗਿਆਸਪੁਰਾ ਦੀ ਟਿਕਟ ’ਤੇ ਇਤਰਾਜ਼
ਪਾਇਲ ਸੀਟ ਤੋਂ ਉਮੀਦਵਾਰ ਐਲਾਨੇ ਗਏ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਟਿਕਟ ਦੇਣ ’ਤੇ ਵਿਰੋਧੀ ਪਾਰਟੀਆਂ ਨੇ ਤਿੱਖਾ ਇਤਰਾਜ਼ ਪ੍ਰਗਟਾਇਆ। ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਮੰਚ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧਾ ਸਵਾਲ ਹੈ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਗੰਭੀਰ ਇਲਜ਼ਾਮ ਲਗਾਏ ਸਨ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਇਹ ਮਾਮਲਾ ਅਜੇ ਵੀ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਤੁਹਾਡੀ ਪਾਰਟੀ ਨੇ ਗਿਆਸਪੁਰਾ ਨੂੰ ਚੋਣ ਟਿਕਟ ਕਿਵੇਂ ਦੇ ਦਿੱਤੀ? ਕੀ ਤੁਹਾਡੇ ਲਈ ਸਿਆਸੀ ਸੱਤਾ ਅਤੇ ਚੋਣਾਂ ਜ਼ਿਆਦਾ ਅਹਿਮ ਹਨ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਅਤੇ ਗਰਿਮਾ। ਉਨ੍ਹਾਂ ਇਹ ਵੀ ਪੁੱਛਿਆ ਕਿ ਇਸ ਫ਼ੈਸਲੇ ਰਾਹੀਂ ਤੁਸੀਂ ਸਿੱਖ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ‘ਆਪ’ ਵਲੋਂ ਜਾਰੀ ਪਹਿਲੀ 40 ਉਮੀਦਵਾਰਾਂ ਦੀ ਸੂਚੀ ਨੇ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਢਾਹ ਲਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹਾਂ ’ਚ ਬੰਦ ਨੇਤਾਵਾਂ ਨੂੰ ਟਿਕਟਾਂ ਦੇ ਕੇ ‘ਆਪ’ ਕੀ ਮਿਸਾਲ ਕਾਇਮ ਕਰਨਾ ਚਾਹੁੰਦੀ ਹੈ?

Ad Position 22
No active advertisement
ਅਗਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਤੋਂ ਪਹਿਲਾਂ ਦਿੱਲੀ ’ਚ ਉੱਚ ਪੱਧਰੀ ਬੈਠਕ
Ad Position 24