24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਝੋਟਾ ਹੱਤਿਆ ਕਾਂਡ : ਪੰਜਾਬ ਸਰਕਾਰ ਨੇ ਐਕਸ਼ਨ ਕਮੇਟੀ ਨਾਲ ਮੰਤਰੀਆਂ ਦੇ ਪੈਨਲ ਦੀ ਮੀਟਿੰਗ ਸੰਬੰਧੀ ਨਹੀਂ ਭਰਿਆ ਹੁੰਗਾਰਾ

* ਪੋਸਟਮਾਰਟਮ ਕਰਵਾਉਣ ਦਾ ਅੜਿੱਕਾ ਬਰਕਰਾਰ * ਸੀ.ਬੀ.ਆਈ. ਵਲੋਂ ਇੱਕ ਮੈਡੀਕਲ ਹਾਲ ਦੀ ਮੁੜ ਜਾਂਚ ਮਾਨਸਾ, 24 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤੇਵਾਲੀਆ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਸੰਬੰਧੀ ਅੜਿੱਕਾ ਅਜੇ ਬਰਕਰਾਰ ਹੈ। ਪੰਜਾਬ ਸਰਕਾਰ ਵਲੋਂ ਐਕਸ਼ਨ ਕਮੇਟੀ ...

Ad Position 21
No active advertisement
ਅਜੀਤ ਡੈਸਕ 25-10-2026

ਮਾਨਸਾ, 24 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤੇਵਾਲੀਆ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਸੰਬੰਧੀ ਅੜਿੱਕਾ ਅਜੇ ਬਰਕਰਾਰ ਹੈ। ਪੰਜਾਬ ਸਰਕਾਰ ਵਲੋਂ ਐਕਸ਼ਨ ਕਮੇਟੀ ਨੂੰ ਹਾਲੇ ਤੱਕ ਅਜਿਹਾ ਕੋਈ ਸੁਨੇਹਾ ਨਹੀਂ ਮਿਲਿਆ ਕਿ ਉਨ੍ਹਾਂ ਦੀ ਮੀਟਿੰਗ ਮੰਤਰੀਆਂ ਦੇ ਪੈਨਲ ਨਾਲ ਕਰਵਾਈ ਜਾਵੇ। ਦੱਸਣਯੋਗ ਹੈ ਕਿ ਬੀਤੀ ਸ਼ਾਮ ਐਕਸ਼ਨ ਕਮੇਟੀ ਵਲੋਂ ਸਰਕਾਰ ਵਲੋਂ ਗਠਿਤ 3 ਸੀਨੀਅਰ ਆਈ.ਏ.ਐਸ. ਅਫ਼ਸਰਾਂ ਨਾਲ ਮੁੜ ਮੀਟਿੰਗ ਇਸ ਕਰਕੇ ਨਹੀਂ ਕੀਤੀ ਕਿਉਂਕਿ ਮੁੱਖ ਮੰਤਰੀ ਤੇ ਡੀ.ਜੀ.ਪੀ. ਦਾ ਅਸਤੀਫ਼ਾ ਇਸ ਕਮੇਟੀ ਦੇ ਅਧਿਕਾਰ ਹੇਠ ਨਹੀਂ ਆਉਂਦਾ, ਜਦਕਿ ਸੰਘਰਸ਼ਕਾਰੀ ਇਨ੍ਹਾਂ ਦੋਵੇਂ ਮੰਗਾਂ ’ਤੇ ਅੜੇ ਹੋਏ ਹਨ। ਉਨ੍ਹਾਂ ਮੰਗ ਉਠਾਈ ਸੀ ਕਿ ਮਸਲੇ ਦੇ ਹੱਲ ਲਈ ਪੰਜਾਬ ਮੰਤਰੀ ਮੰਡਲ ਜਾਂ ਮੰਤਰੀਆਂ ਦਾ ਪੈਨਲ ਮਾਨਸਾ ਆ ਕੇ ਕਮੇਟੀ ਨਾਲ ਮੀਟਿੰਗ ਕਰੇ ਅਤੇ ਉਪਰੋਕਤ ਦੋਵੇਂ ਮੰਗਾਂ ਮੰਨਣ ਦਾ ਐਲਾਨ ਕੀਤਾ ਜਾਵੇ। ਐਕਸ਼ਨ ਕਮੇਟੀ ਦੇ ਮੈਂਬਰ ਤੇ ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੀਟਿੰਗ ਸੰਬੰਧੀ ਉਨ੍ਹਾਂ ਨਾਲ ਨਾ ਤਾਂ ਕੋਈ ਤਾਲਮੇਲ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਲਿਖਤੀ ਸੂਚਨਾ ਪੱਤਰ ਆਦਿ ਮਿਲਿਆ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਪਰਿਵਾਰ ਤੇ ਐਕਸ਼ਨ ਕਮੇਟੀ ਦੋਵੇਂ ਮੰਗਾਂ ਦੀ ਪੂਰਤੀ ਤੋਂ ਬਾਅਦ ਹੀ ਪੋਸਟਮਾਰਟਮ ਕਰਵਾਉਣ ਲਈ ਵਿਚਾਰੇਗੀ। ਦੂਸਰੇ ਪਾਸੇ ਝੋਟੇ ਦੇ ਪਿਤਾ ਭੀਮ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਇਕ ਹੋਰ ਮੰਗ ਰੱਖੀ ਹੈ ਕਿ ਮਾਨਸਾ ਦੇ ਐਸ.ਐਸ.ਪੀ. ਦਾ ਤਬਾਦਲਾ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਝੋਟੇ ਵਲੋਂ ਸੋਸ਼ਲ ਮੀਡੀਆ ’ਤੇ ਅੱਧਾ ਘੰਟਾ ਲਾਈਵ ਹੋ ਕੇ ਪੁਲਿਸ ਨੂੰ ਘਟਨਾ ਸਥਾਨ ’ਤੇ ਪਹੁੰਚਣ ਦੀ ਵਾਰ-ਵਾਰ ਅਪੀਲ ਕੀਤੀ ਗਈ ਸੀ ਪਰ ਕੋਈ ਵੀ ਅਧਿਕਾਰੀ/ ਕਰਮਚਾਰੀ ਉਥੇ ਨਹੀਂ ਪਹੁੰਚਿਆ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਤੇ ਡੀ.ਜੀ.ਪੀ. ਦਾ ਅਸਤੀਫ਼ਾ ਇਸ ਲਈ ਮੰਗ ਰਹੇ ਹਨ ਕਿਉਂਕਿ ਝੋਟੇ ਦੀ ਹੱਤਿਆ ਉਕਤ ਦੋਵਾਂ ਮੁਖੀਆਂ ਦੇ ਇਸ਼ਾਰੇ ’ਤੇ ਹੋਈ ਹੈ। ਉੱਧਰ ਸਥਾਨਕ ਤਿੰਨ-ਕੋਨੀ ਨਜ਼ਦੀਕ ਧਰਨਾ 12ਵੇਂ ਦਿਨ ਵੀ ਜਾਰੀ ਰਿਹਾ, ਜਿਸ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਹੋਏ। ਧਰਨੇ ਨੂੰ ਉੱਘੇ ਕਿਸਾਨ ਆਗੂ ਰਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ, ਭਾਜਪਾ ਆਗੂ ਸੁਨੀਲ ਕੁਮਾਰ ਜਾਖੜ, ਸਿੱਖ ਪ੍ਰਚਾਰਕ ਰਵਿੰਦਰ ਸਿੰਘ ਜੋਨੀ ਬਾਬਾ, ਲੱਖਾ ਸਿਧਾਣਾ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਐਸ.ਪੀ. ਸਿੰਘ, ਐਨ.ਐਸ.ਯੂ.ਆਈ. ਦੇ ਸੂਬਾ ਪ੍ਰਧਾਨ ਇਸ਼ਰਪ੍ਰੀਤ ਸਿੰਘ ਸਿੱਧੂ, ਬਿਕਰਮ ਸਿੰਘ ਮੋਫਰ, ਕਿਸਾਨ ਆਗੂ ਸਰੂਪ ਸਿੰਘ ਰਾਮਾ, ਰੁਪਿੰਦਰ ਸਿੰਘ ਡੋਹਕ, ਜਸਕਰਨ ਸਿੰਘ ਬੁੜਾਗੁਜ਼ਰ, ਗੁਰਜੀਤ ਸਿੰਘ ਲੰਬੀ ਢਾਬ, ਬਹੁਜਨ ਸਮਾਜ ਪਾਰਟੀ ਦੇ ਸੂਬਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਮੁੱਦਾ ਬਹੁਤ ਵੱਡਾ ਹੈ ਅਤੇ ਝੋਟੇ ਨੇ ਕੁਰਬਾਨੀ ਦੇ ਕੇ ਲੋਕਾਈ ਨੂੰ ਹਲੂਣਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਅਤੇ ਝੋਟਾ ਪਰਿਵਾਰ ਨੂੰ ਇਨਸਾਫ਼ ਦੇਣ ਲਈ ਤੁਰੰਤ ਅੱਗੇ ਆਵੇ।  


ਸੀ.ਬੀ.ਆਈ. ਵਲੋਂ ਮੈਡੀਕਲ ਸਟੋਰਾਂ ਦੀ ਛਾਣਬੀਣ
ਇਸੇ ਦੌਰਾਨ ਸੀ.ਬੀ.ਆਈ. ਵਲੋਂ ਸੀਲ ਕੀਤੀਆਂ ਗਈਆਂ ਦੁਕਾਨਾਂ ਤੋਂ ਇਲਾਵਾ ਸ਼ਹਿਰ ਦੇ ਇਕ ਵੱਡੇ ਮਾਨਸਾ ਮੈਡੀਕਲ ਹਾਲ ’ਤੇ ਪਹੁੰਚ ਕੇ ਮੁੜ ਪੜਤਾਲ ਕੀਤੀ ਗਈ। ਅਧਿਕਾਰੀਆਂ ਨੇ ਦੁਕਾਨ ਮਾਲਕ ਤੋਂ ਪੁੱਛ-ਗਿੱਛ ਕਰਕੇ ਰਿਕਾਰਡ ਵੀ ਵਾਚਿਆ। ਜਾਂਚ ਟੀਮ ਇਹ ਜਾਨਣ ’ਚ ਜੁਟੀ ਹੋਈ ਹੈ ਕਿ ਹੱਤਿਆ ਕਾਂਡ ਦੀ ਤਾਰ ਇਸ ਮੈਡੀਕਲ ਹਾਲ ਤੇ ਡਰੱਗ ਇੰਸਪੈਕਟਰ ਨਾਲ ਕਿਸ ਤਰ੍ਹਾਂ ਜੁੜੀ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਥੋਕ ਦਵਾਈ ਵਿਕੇਰਤਾਵਾਂ ਤੋਂ ਵੀ 3 ਸਾਲ ਤੋਂ ਅਸ਼ਵਨੀ ਕੁਮਾਰ ਨੂੰ ਵੇਚੀਆਂ ਗਈਆਂ ਦਵਾਈਆਂ ਦੇ ਬਿੱਲ ਮੰਗੇ ਹਨ ਤਾਂ ਕਿ ਜਾਂਚ ਦੀਆਂ ਕੜੀਆਂ ਮਿਲਾਈਆਂ ਜਾ ਸਕਣ। ਕੇਂਦਰੀ ਏਜੰਸੀ ਦੀ ਇਸ ਕਾਰਵਾਈ ਨਾਲ ਕੈਮਿਸਟਾਂ ’ਚ ਸਹਿਮ ਪਾਇਆ ਜਾ ਰਿਹਾ ਹੈ ਅਤੇ ਉਹ ਇਤਰਾਜ਼ਯੋਗ ਜਾਂ ਬਿਨਾਂ ਬਿੱਲ ਤੋਂ ਰੱਖੀਆਂ ਦਵਾਈਆਂ ਥੋਕ ਵਿਕੇਰਤਾਵਾਂ ਨੂੰ ਵਾਪਸ ਕਰਕੇ ਬਿੱਲ ਬੁੱਕਾਂ ’ਚ ਸੁਧਾਰ ਕਰਨ ’ਚ ਲੱਗੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਰੈਲੀ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਚਾਹੁੰਦੇ ਹਨ ਰਾਹੁਲ-ਭਾਜਪਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਪੰਜਾਬ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ-ਕੇਜਰੀਵਾਲ
Ad Position 24