26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਾਕਿ-ਅਫ਼ਗਾਨ ਸਰਹੱਦ ’ਤੇ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਵਧਿਆ ਤਣਾਅ ਪਾਕਿਸਤਾਨੀ ਫ਼ੌਜ ਦੀ ਕਾਰਵਾਈ ’ਚ ਕਈ ਤਾਲਿਬਾਨ ਹਲਾਕ

ਸੁਰਿੰਦਰ ਕੋਛੜ ਅੰਮ੍ਰਿਤਸਰ, 25 ਸਤੰਬਰ-ਪਾਕਿਸਤਾਨ-ਅਫ਼ਗਾਨ ਸਰਹੱਦ ’ਤੇ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਤਣਾਅ ਬੇਹੱਦ ਵਧ ਗਿਆ ਹੈ। ਇਸ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਫੌਜ ਪੂਰੀ ਤਰ੍ਹਾਂ ਚੌਕਸ ਹੈ। ਪਾਕਿ ਦਾ ..

Ad Position 21
No active advertisement
ਅਜੀਤ ਡੈਸਕ 26-09-2026

ਸੁਰਿੰਦਰ ਕੋਛੜ
ਅੰਮ੍ਰਿਤਸਰ, 25 ਸਤੰਬਰ-ਪਾਕਿਸਤਾਨ-ਅਫ਼ਗਾਨ ਸਰਹੱਦ ’ਤੇ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਤਣਾਅ ਬੇਹੱਦ ਵਧ ਗਿਆ ਹੈ। ਇਸ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਫੌਜ ਪੂਰੀ ਤਰ੍ਹਾਂ ਚੌਕਸ ਹੈ। ਪਾਕਿ ਦਾ ਦਾਅਵਾ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਤੋਂ ਹੋਣ ਵਾਲੀ ਕਿਸੇ ਵੀ ਹਮਲਾਵਰ ਕਾਰਵਾਈ ਜਾਂ ਘੁਸਪੈਠ ਦੀ ਕੋਸ਼ਿਸ਼ ਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਜਵਾਬ ਦਿੱਤਾ ਜਾਵੇਗਾ। ਇਸ ਦੌਰਾਨ ਪਾਕਿ-ਅਫ਼ਗਾਨਿਸਤਾਨ ਸਰਹੱਦ ਦੇ ਚਮਨ ਸੈਕਟਰ ’ਚ ਅਫ਼ਗਾਨ ਤਾਲਿਬਾਨ ਵਲੋਂ ਕੀਤੀ ਗਈ ਗੋਲੀਬਾਰੀ ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਪਾਕਿਸਤਾਨੀ ਫੌਜ ਨੇ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪਾਕਿ ਸੁਰੱਖਿਆ ਅਧਿਕਾਰੀਆਂ ਮੁਤਾਬਿਕ ਅਫ਼ਗਾਨ ਵਾਲੇ ਪਾਸਿਓਂ ਹੋਈ ਗੋਲੀਬਾਰੀ ਦਾ ਪਾਕਿਸਤਾਨੀ ਸੈਨਿਕਾਂ ਨੇ ਤੁਰੰਤ ਅਤੇ ਕਰਾਰਾ ਜਵਾਬ ਦਿੱਤਾ। ਪਾਕਿਸਤਾਨੀ ਫੌਜ ਨੇ ਕਵਾਡਕਾਪਟਰਾਂ ਅਤੇ ਮੋਰਟਾਰਾਂ ਦੀ ਵਰਤੋਂ ਕਰਦਿਆਂ ਅਫ਼ਗਾਨ ਤਾਲਿਬਾਨ ਦੀਆਂ ਚੌਕੀਆਂ ’ਤੇ ਸਟੀਕ ਨਿਸ਼ਾਨਾ ਸਾਧਿਆ। ਇਸ ਜਵਾਬੀ ਕਾਰਵਾਈ ’ਚ ਕਈ ਅਫ਼ਗਾਨ ਤਾਲਿਬਾਨ ਮੈਂਬਰ ਮਾਰੇ ਗਏ ਤੇ ਸਰਹੱਦ ਪਾਰ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਪੂਰੀ ਤਰ੍ਹਾਂ ਅਸਫ਼ਲ ਕਰ ਦਿੱਤੀ ਗਈ। ਪਾਕਿ ਦਾ ਦਾਅਵਾ ਹੈ ਕਿ ਇਸ ਤੋਂ ਪਹਿਲਾਂ ਗੁਲਿਸਤਾਨ ਸੈਕਟਰ ’ਚ ਵੀ ਅਫ਼ਗਾਨ ਤਾਲਿਬਾਨ ਦੀ ਅਜਿਹੀ ਹੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਤੇ ਇਸ ਦੌਰਾਨ ਕਈ ਅਫ਼ਗਾਨ ਤਾਲਿਬਾਨ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਪਾਕਿ ਨੇ ਅਫ਼ਗਾਨਿਸਤਾਨ ਦੀ ਧਰਤੀ ’ਤੇ ਮੌਜੂਦ ਅੱਤਵਾਦੀ ਪਨਾਹਗਾਹਾਂ ਤੇ ਉਨ੍ਹਾਂ ਦੇ ਮਦਦਗਾਰ ਨੈੱਟਵਰਕਾਂ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪਾਕਿ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਕਿ ਅਫ਼ਗਾਨ ਸਰਜ਼ਮੀਨ ਤੋਂ ਕੰਮ ਕਰ ਰਹੇ ਅੱਤਵਾਦੀ ਸਮੂਹਾਂ ਦੇ ਨੈੱਟਵਰਕਾਂ ਨੂੰ ਖ਼ਤਮ ਕਰਨ ਤੇ ਉਨ੍ਹਾਂ ਵਿਰੁੱਧ ਭਰੋਸੇਯੋਗ ਤੇ ਠੋਸ ਕਾਰਵਾਈ ਕਰਨ ਦੀ ਬਜਾਏ, ਅਫ਼ਗਾਨ ਤਾਲਿਬਾਨ ਪ੍ਰਸ਼ਾਸਨ ਨੇ ਦੁਸ਼ਮਣੀ ਭਰੇ ਡਰੋਨ ਆਪ੍ਰੇਸ਼ਨਾਂ ਰਾਹੀਂ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਕਿ ਅਫ਼ਗਾਨਿਸਤਾਨ ਦੀ ਧਰਤੀ ਤੋਂ ਸ਼ੁਰੂ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਨੂੰ ਨਾ ਤਾਂ ਸਵੀਕਾਰ ਕਰੇਗਾ ਤੇ ਨਾ ਹੀ ਬਰਦਾਸ਼ਤ ਕਰੇਗਾ, ਭਾਵੇਂ ਉਹ ਅੱਤਵਾਦੀ ਸਮੂਹਾਂ ਵਲੋਂ ਕੀਤੇ ਜਾਣ ਜਾਂ ਖ਼ੁਦ ਅਫ਼ਗਾਨ ਤਾਲਿਬਾਨ ਸ਼ਾਸਨ ਵਲੋਂ ਕੀਤੇ ਜਾਣ। ਦੂਜੇ ਪਾਸੇ, ਅਫ਼ਗਾਨ ਮੀਡਿਆ ਤੋਂ ਮਿਲੀ ਜਾਣਕਾਰੀ ਅਨੁਸਾਰ ਕੰਧਾਰ ਸੂਬੇ ਦੇ ਰੇਗਿਸਤਾਨ, ਸ਼ੋਰਾਬਾਕ ਤੇ ਸਪਿਨ ਬੋਲਦਕ ਜ਼ਿਲ੍ਹਿਆਂ ’ਚ ਡੂਰੰਡ ਲਾਈਨ ਨੇੜੇ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਆਪਣੀਆਂ ਕਈ ਚੌਕੀਆਂ ਖ਼ਾਲੀ ਕਰ ਦਿੱਤੀਆਂ ਹਨ ਤੇ ਫੌਜ ਉਸ ਇਲਾਕੇ ‘ਚੋਂ ਪਿੱਛੇ ਹਟ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਸਪਿਨ ਬੋਲਡਕ ਦੇ ਸਰੋ ਸਾਨੋ ਖੇਤਰ ’ਚ ਅਫ਼ਗਾਨ ਬਲਾਂ ਤੇ ਪਾਕਿਸਤਾਨੀ ਫੌਜ ਵਿਚਾਲੇ ਭਾਰੀ ਝੜਪ ਹੋਈ। ਇਸ ਦੌਰਾਨ ਚਾਰ ਪਾਕਿਸਤਾਨੀ ਸੈਨਿਕ ਮਾਰੇ ਗਏ ਤੇ ਉਨ੍ਹਾਂ ਦੀ ਇਕ ਚੌਕੀ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਗਈ। ਇਸ ਦੌਰਾਨ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਾਬੁਲ ਸਥਿਤ ਪਾਕਿਸਤਾਨੀ ਦੂਤਾਵਾਸ ਦੇ ਚਾਰਜ ਡੀ’ਅਫੇਅਰਜ਼ ਨੂੰ ਤਲਬ ਕਰਕੇ ਕੰਧਾਰ, ਪਕਤੀਆ ਤੇ ਖੋਸਤ ਸੂਬਿਆਂ ’ਚ ਪਾਕਿਸਤਾਨੀ ਹਵਾਈ ਹਮਲਿਆਂ ਅਤੇ ਹਵਾਈ ਖੇਤਰ ਦੀ ਉਲੰਘਣਾ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਅਫ਼ਗਾਨ ਮੰਤਰਾਲੇ ਨੇ ਪਾਕਿ ਵਲੋਂ ਰਾਤ ਵੇਲੇ ਕੀਤੇ ਗਏ ਇਨ੍ਹਾਂ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਅਫ਼ਗਾਨਿਸਤਾਨ ਦੀ ਕੌਮੀ ਪ੍ਰਭੂਸੱਤਾ ਤੇ ਅਖੰਡਤਾ ਦੀ ਸਿੱਧੀ ਉਲੰਘਣਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਹਮਲੇ ਇਸਲਾਮੀ ਮਾਨਤਾਵਾਂ, ਕੌਮਾਂਤਰੀ ਨਿਯਮਾਂ, ਮਨੁੱਖੀ ਕਦਰਾਂ-ਕੀਮਤਾਂ ਅਤੇ ਚੰਗੇ ਗੁਆਂਢੀ ਸਬੰਧਾਂ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹਨ। ਅਫ਼ਗਾਨ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਉਨ੍ਹਾਂ ਦਾਅਵਿਆਂ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ ਜਿਨ੍ਹਾਂ ’ਚ ਪਾਕਿ ਅੰਦਰ ਵਾਪਰੀਆਂ ਹਾਲੀਆ ਸੁਰੱਖਿਆ ਘਟਨਾਵਾਂ ਲਈ ਅਫ਼ਗਾਨਿਸਤਾਨ ਦੀ ਧਰਤੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਮੰਤਰਾਲੇ ਨੇ ਕਿਹਾ ਕਿ ਆਪਣੀ ਫੌਜੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਅਜਿਹੇ ਝੂਠੇ ਦੋਸ਼ ਲਗਾਉਣਾ ਅਸਲ ਤੱਥਾਂ ਨੂੰ ਤੋੜਨ-ਮਰੋੜਨ, ਲੋਕਾਂ ਨੂੰ ਗੁਮਰਾਹ ਕਰਨ ਤੇ ਪਾਕਿ ਦੀਆਂ ਆਪਣੀਆਂ ਅੰਦਰੂਨੀ ਨਾਕਾਮੀਆਂ ਨੂੰ ਛੁਪਾਉਣ ਦੀ ਸਾਜ਼ਿਸ਼ ਹੈ। 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦਫ਼ਤਰ ’ਤੇ ਗ੍ਰਨੇਡ ਹਮਲਾ ਮਾਮਲਾ ਐਨ.ਆਈ.ਏ. ਦੇ ਹਵਾਲੇ * ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਜਾਂਚ ਸੰਭਾਲੀ *... ਅਗਲੀ ਖ਼ਬਰ ਬ੍ਰਿਜ ਭੂਸ਼ਣ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਮਹਿਲਾ ਪਹਿਲਵਾਨਾਂ ਵਲੋਂ ਚੁਣੌਤੀ
Ad Position 24