12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

‘ਆਪ’ ਵਲੋਂ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

‘ਆਪ’ ਵਲੋਂ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

Ad Position 21
No active advertisement
ਅਜੀਤ ਡੈਸਕ 13-11-2026

ਇਕ ਮੰਤਰੀ ਤੇ 7 ਵਿਧਾਇਕਾਂ ਦੀ ਟਿਕਟ ਕੱਟੀ

ਦੋ ਸੰਸਦ ਮੈਂਬਰਾਂ ਨੂੰ ਵੀ ਮੈਦਾਨ ’ਚ ਉਤਾਰਿਆ

ਸਾਰੇ ਉਮੀਦਵਾਰ ਜਨਤਾ ਦੀ ਆਵਾਜ਼ ਬਣ ਕੇ ‘ਰੰਗਲਾ ਪੰਜਾਬ’ ਬਣਾਉਣ ਦੇ ਸਾਡੇ ਮਿਸ਼ਨ ਨੂੰ ਕਰਨਗੇ ਮਜ਼ਬੂਤ-ਭਗਵੰਤ ਮਾਨ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 12 ਨਵੰਬਰ- ਪੰਜਾਬ ਵਿਧਾਨ ਸਭਾ ਚੋਣਾਂ ਲਈ ਸਰਗਰਮ ਹੋਈ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦੂਜੀ ਸੂਚੀ ’ਚ ਪਾਰਟੀ ਹਾਈਕਮਾਨ ਨੇ ਵੱਡਾ ਉਲਟਫੇਰ ਕਰਦਿਆਂ ਕਈ ਮੌਜੂਦਾ ਵਿਧਾਇਕਾਂ, ਸਾਬਕਾ ਮੰਤਰੀਆਂ ਅਤੇ ਅਹਿਮ ਨੇਤਾਵਾਂ ਦੀ ਟਿਕਟ ਕੱਟ ਦਿੱਤੀ ਹੈ, ਜਦਕਿ ਦੂਜੀਆਂ ਪਾਰਟੀਆਂ ਤੋਂ ‘ਆਪ’ ’ਚ ਸ਼ਾਮਿਲ ਹੋਏ ਨੇਤਾਵਾਂ ਅਤੇ ਦੋ ਸੰਸਦ ਮੈਂਬਰਾਂ ਨੂੰ ਵੀ ਦੂਜੀ ਸੂਚੀ ’ਚ ਥਾਂ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਵੀਰਵਾਰ ਨੂੰ ਤਕਰੀਬਨ ਦਿਨ ਭਰ ਚੱਲੇ ਚਰਚਾਵਾਂ ਦੇ ਦੌਰ ਤੋਂ ਬਾਅਦ ਉਮੀਦਵਾਰਾਂ ਦੇ ਨਾਂਅ ਨੂੰ ਅੰਤਿਮ ਰੂਪ ਦਿੱਤਾ ਗਿਆ। ‘ਆਪ’ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਇਹ ਬੈਠਕ ਦੁਪਹਿਰ 12 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਚੱਲੀ, ਜਿਸ ’ਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਗੋਪਾਲ ਰਾਏ ਸ਼ਾਮਿਲ ਹੋਏ। ਮੀਟਿੰਗ ਦਰਮਿਆਨ ਪੱਤਰਕਾਰਾਂ ਨਾਲ ਸੰਖੇਪ ਚਰਚਾ ਕਰਨ ਆਏ ਸ. ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਨੇ 31 ਹੋਰ ਉਮੀਦਵਾਰਾਂ ਦੇ ਨਾਂਅ ਫਾਈਨਲ ਕਰ ਲਏ ਹਨ। ਹਾਲਾਂਕਿ ਉਮੀਦਵਾਰਾਂ ਦੀ ਸੂਚੀ, ਪਹਿਲੀ ਸੂਚੀ ਵਾਂਗ, ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਹੀ ਜਾਰੀ ਕੀਤੀ ਗਈ।
ਸਿਰਫ਼ 2 ਮੌਜੂਦਾ ਵਿਧਾਇਕਾਂ ਨੂੰ ਦਿੱਤੀ ਟਿਕਟ
‘ਆਪ’ ਵਲੋਂ ਜਾਰੀ 31 ਸੀਟਾਂ ’ਚੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੇ 10 ’ਤੇ ਜਿੱਤ ਹਾਸਿਲ ਕੀਤੀ ਸੀ, ਉਨ੍ਹਾਂ ’ਚੋਂ ਸਿਰਫ਼ 2 ਮੌਜੂਦਾ ਵਿਧਾਇਕਾਂ ਨੂੰ ਹੀ ਦੁਬਾਰਾ ਟਿਕਟ ਦਿੱਤੀ ਗਈ ਹੈ। ਇਨ੍ਹਾਂ ’ਚ ਬੱਲੂਆਣਾ ਤੋਂ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਜਗਰਾਉਂ ਤੋਂ ਸਰਵਜੀਤ ਕੌਰ ਮਾਣੂੰਕੇ ਸ਼ਾਮਿਲ ਹਨ।
ਜਿਨ੍ਹਾਂ ਅਹਿਮ ਚਿਹਰਿਆਂ ਦੀ ਟਿਕਟ ਕੱਟੀ ਗਈ ਉਨ੍ਹਾਂ ’ਚ ਖਰੜ ਤੋਂ ਵਿਧਾਇਕਾ ਅਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਤਰਨ ਤਾਰਨ ਜ਼ਿਲ੍ਹੇ ਦੀ ਪੱਟੀ ਵਿਧਾਨ ਸਭਾ ਸੀਟ ਤੋਂ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਂਅ ਸ਼ਾਮਿਲ ਹਨ। ਹਾਲਾਂਕਿ ਮਾਨ ਅਤੇ ਭੁੱਲਰ ਪਹਿਲਾਂ ਹੀ ਟਿਕਟ ਨਾ ਮਿਲਣ ਦਾ ਸੰਕੇਤ ਦੇ ਚੁੱਕੇ ਹਨ। ਜਿਥੇ ਅਨਮੋਲ ਗਗਨ ਮਾਨ ਨੇ ਕਿਹਾ  ਸੀ ਕਿ ਉਹ ਹੁਣ ਚੋਣਾਂ ਨਹੀਂ ਲੜਨਾ ਚਾਹੁੰਦੇ। ਉਥੇ ਭੁੱਲਰ ਨੇ ਵੀ ਪਹਿਲਾਂ ਸਪੱਸ਼ਟ ਕਰ ਦਿੱਤਾ ਸੀ ਕਿ ਜੇਲ੍ਹ ’ਚੋਂ ਉਹ ਚੋਣ ਨਹੀਂ ਲੜਨਾ ਚਾਹੁੰਦੇ। ਇਥੇ ਦਿਲਚਸਪ ਗੱਲ ਇਹ ਹੈ ਕਿ ‘ਆਪ’ ਵਲੋਂ ਜਾਰੀ ਪਹਿਲੀ ਸੂਚੀ ’ਚ ਜੇਲ੍ਹ ’ਚ ਬੰਦ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਟਿਕਟ ਦਿੱਤੀ ਗਈ ਸੀ। ‘ਆਪ’ ਵਲੋਂ ਐਲਾਨੇ ਗਏ 31 ਨਾਵਾਂ ’ਚ 11 ਹਲਕਾ ਇੰਚਾਰਜਾਂ ਨੂੰ ਵੀ ਉਮੀਦਵਾਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ‘ਆਪ’ ਵਲੋਂ ਸੂਚੀਆਂ ਐਲਾਨਣ ਤੋਂ ਪਹਿਲਾਂ ਜ਼ਮੀਨੀ ਪੱਧਰ ’ਤੇ ਸਰਵੇਖਣ ਕਰਵਾਇਆ ਗਿਆ ਸੀ ਅਤੇ ਕਈ ਹਲਕਿਆਂ ’ਚ ਹਲਕਾ ਇੰਚਾਰਜਾਂ ਦੀ ਨਿਯੁਕਤੀ ਵੀ ਕੀਤੀ ਗਈ ਸੀ। ਇਹ ਨਿਯੁਕਤੀਆਂ ਲੋਕਾਂ ਦੀ ਰਾਏ ਦੇ ਆਧਾਰ ’ਤੇ ਕੀਤੀਆਂ ਗਈਆਂ ਸਨ। ਉਸ ਵੇਲੇ ਤੋਂ ਹੀ ਪਾਰਟੀ ’ਚ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਹਲਕਾ ਇੰਚਾਰਜਾਂ ਦੇ ਨਾਵਾਂ ’ਤੇ ਉਮੀਦਵਾਰ ਵਜੋਂ ਵਿਚਾਰ ਕੀਤਾ ਜਾ ਸਕਦਾ ਹੈ। ਵੀਰਵਾਰ ਨੂੰ ਜਾਰੀ ਹੋਈ ਸੂਚੀ ’ਚ ਹਲਕਾ ਇੰਚਾਰਜਾਂ ’ਚੋਂ ਜਸਵੀਰ ਸਿੰਘ ਗੜ੍ਹੀ ਨੂੰ ਚਮਕੌਰ ਸਾਹਿਬ ਤੋਂ, ਪਰਮਿੰਦਰ ਸਿੰਘ ਗੋਲਡੀ ਨੂੰ ਖਰੜ ਤੋਂ, ਨਿਤਿਨ ਕੋਹਲੀ ਨੂੰ ਜਲੰਧਰ ਕੇਂਦਰੀ ਤੋਂ, ਵਨੀਤ ਧੀਰ ਨੂੰ ਜਲੰਧਰ ਉੱਤਰੀ ਤੋਂ, ਦੀਪਕ ਬਾਲੀ ਨੂੰ ਜਲੰਧਰ ਕੈਂਟ ਤੋਂ, ਪਵਨ ਕੁਮਾਰ ਟੀਨੂ ਨੂੰ ਆਦਮਪੁਰ ਤੋਂ, ਹਰਜੋਤ ਕੌਰ ਲੋਹਟੀਆ ਨੂੰ ਫਿਲੌਰ ਤੋਂ, ਬਲਬੀਰ ਸਿੰਘ ਪਾਲਾ ਜਲਾਲਪੁਰ ਨੂੰ ਸ਼ਾਹਕੋਟ ਤੋਂ, ਸਰਬਜੋਤ ਸਿੰਘ ਸਾਬੀ ਨੂੰ ਮੁਕੇਰੀਆਂ ਤੋਂ,  ਰੌਬੀ ਕੰਗ  ਨੂੰ ਨਵਾਂਸ਼ਹਿਰ ਤੋਂ ਅਤੇ ਜਸਕੰਵਰ ਸਿੰਘ ਗਿੱਲ ਉਰਫ ਜੱਸਾ ਪੱਟੀ ਨੂੰ ਪੱਟੀ ਤੋਂ ਉਮੀਦਵਾਰ ਐਲਾਨਿਆ ਹੈ।
8 ਵਿਧਾਇਕਾਂ ਦੀ ਕੱਟੀ ਟਿਕਟ
ਪਾਰਟੀ ਵਲੋਂ ਜਿਨ੍ਹਾਂ 8 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਉਨ੍ਹਾਂ ’ਚੋਂ ਸਭ ਤੋਂ ਅਹਿਮ ਨਾਂਅ ਡਾ. ਚਰਨਜੀਤ ਸਿੰਘ ਚੰਨੀ ਦਾ ਹੈ, ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ।
ਇਸ ਤੋਂ ਇਲਾਵਾ ਬਠਿੰਡਾ ਦਿਹਾਤੀ ਸੀਟ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਟਿਕਟ ਕੱਟ ਦਿੱਤੀ। ਹਰਿਆਣਾ ਦੇ ਆਈ.ਏ.ਐਸ. ਅਧਿਕਾਰੀ ਅਮਨੀਤ ਪੀ. ਕੁਮਾਰ ਦੇ ਭਰਾ ਅਮਿਤ ਰਤਨ ’ਤੇ ਪੰਜਾਬ ’ਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੈ। ਸ਼ੁਤਰਾਣਾ ਤੋਂ ਕੁਲਵੰਤ ਸਿੰਘ ਬਾਜ਼ੀਗਰ ਦਾ ਟਿਕਟ ਵੀ ਕੱਟਿਆ ਗਿਆ ਹੈ।
ਦੂਜੀਆਂ ਪਾਰਟੀਆਂ ਤੋਂ ਆਏ ਨੇਤਾਵਾਂ ਨੂੰ ਮਿਲਿਆ ਮੌਕਾ
‘ਆਪ’ ਦੀ ਇਸ ਸੂਚੀ ’ਚ ਦੂਜੀਆਂ ਪਾਰਟੀਆਂ ’ਚੋਂ ਆਏ ਨੇਤਾਵਾਂ ਨੂੰ ਵੀ ਉਮੀਦਵਾਰ ਐਲਾਨਿਆ ਗਿਆ ਹੈ। ਅਕਾਲੀ ਦਲ ਛੱਡ ਕੇ ‘ਆਪ’ ’ਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਨੂੰ ਆਦਮਪੁਰ ਤੋਂ ਟਿਕਟ ਦਿੱਤੀ ਗਈ ਹੈ। ਭਾਜਪਾ ਛੱਡ ਕੇ ਆਏ ਸਵਰਨ ਸਲਾਰੀਆ ਨੂੰ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਚਮਕੌਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਦੋ ਸੰਸਦ ਮੈਂਬਰਾਂ ਦਾ ਮੁੜ ਤੋਂ ਸੂਬਾਈ ਸਿਆਸਤ ਵੱਲ ਮੋੜਾ
‘ਆਪ’ ਵਲੋਂ ਜਾਰੀ ਦੂਜੀ ਸੂਚੀ ’ਚ ਦੋ ਸੰਸਦ ਮੈਂਬਰਾਂ ਦੇ ਨਾਂਅ ਵੀ ਸ਼ਾਮਿਲ ਹੈ। ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਜੋ ਲੋਕ ਸਭਾ ’ਚ ‘ਆਪ’ ਦੇ ਨੇਤਾ ਵੀ ਹਨ, ਨੂੰ ਬਰਨਾਲਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮੀਤ ਹੇਅਰ 2022 ’ਚ ਵੀ ਪੰਜਾਬ ਦੀ ਬਰਨਾਲਾ ਸੀਟ ਤੋਂ ਵਿਧਾਇਕ ਅਤੇ ਫਿਰ ਮੰਤਰੀ ਰਹਿ ਚੁੱਕੇ ਹਨ। ਹਾਲਾਂਕਿ 2024 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਸੰਗਰੂਰ ਸੀਟ ‘ਆਪ’ ਲਈ ਵੱਕਾਰ ਦਾ ਵਿਸ਼ਾ ਸੀ, ਕਿਉਂਕਿ ਇਸ ਸੀਟ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸੰਸਦ ਮੈਂਬਰ ਸਨ। ਉਸ ਵੇਲੇ ਵੀ ਪਾਰਟੀ ਨੇ ਮੀਤ ਹੇਅਰ ’ਤੇ ਭਰੋਸਾ ਪ੍ਰਗਟਾਇਆ ਸੀ। ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਖ਼ਾਲੀ ਹੋਈ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਨੇ ਜਿੱਤ ਹਾਸਿਲ ਕੀਤੀ ਸੀ। ਮੀਤ ਹੇਅਰ ਤੋਂ ਇਲਾਵਾ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਵੀ ਫਗਵਾੜਾ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਛੱਡ ਕੇ ‘ਆਪ’ ’ਚ ਆਏ ਚੱਬੇਵਾਲ ਆਪਣੇ ਬੇਟੇ ਨੂੰ ਟਿਕਟ ਦਿਵਾਉਣ ਦੇ ਚਾਹਵਾਨ ਸਨ।

ਪੰਜਾਬੀ ਅਦਾਕਾਰਾ ਸੋਨੀਆ ਮਾਨ ਨੂੰ ਬਣਾਇਆ ਉਮੀਦਵਾਰ
‘ਆਪ’ ਨੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੂੰ ਅੰਮ੍ਰਿਤਸਰ ਦੀ ਰਾਜਾਸਾਂਸੀ ਸੀਟ ਤੋਂ ਉਮੀਦਵਾਰ ਬਣਾਇਆ ਹੈ। ਕਿਸਾਨ ਨੇਤਾ ਬਲਦੇਵ ਸਿੰਘ ਮਾਨ ਦੀ ਬੇਟੀ ਸੋਨੀਆ 23 ਫਰਵਰੀ 2025 ਨੂੰ ‘ਆਪ’ ’ਚ ਸ਼ਾਮਿਲ ਹੋਈ ਸੀ।
ਸੋਨੀਆ ਮਾਨ ਤੋਂ ਇਲਾਵਾ ‘ਆਪ’ ਨੇ ਸੂਚੀ ’ਚ 4 ਹੋਰ ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ। ਜਿਸ ’ਚ ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ, ਜਗਰਾਉਂ ਤੋਂ ਸਰਵਜੀਤ ਕੌਰ ਮਾਣੂੰਕੇ, ਅਬੋਹਰ ਤੋਂ ਡਾ. ਸੁਹਾਨੀ ਡੋਡਾ ਅਤੇ ਫਿਲੌਰ ਤੋਂ ਹਰਜੋਤ ਕੌਰ ਲੋਹਟੀਆ ਸ਼ਾਮਿਲ ਹਨ। ਪਹਿਲੀ ਸੂਚੀ ’ਚ 4 ਔਰਤਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜਿਸ ਮੁਤਾਬਿਕ ਹੁਣ ਤੱਕ ‘ਆਪ’ ਵਲੋਂ ਐਲਾਨੇ ਗਏ ਕੁੱਲ 71 ਨਾਵਾਂ ’ਚੋਂ 9 ਔਰਤ ਉਮੀਦਵਾਰਾਂ ਦੇ ਨਾਂਅ ਸ਼ਾਮਿਲ ਹਨ।
ਦੂਜੀ ਸੂਚੀ ਤੋਂ ਬਾਅਦ ਸਿਆਸੀ ਉਥਲ-ਪੁਥਲ ਦੀ ਸੰਭਾਵਨਾ
‘ਆਪ’ ਵਲੋਂ ਜਾਰੀ ਸੂਚੀ ’ਚ 8 ਮੌਜੂਦਾ ਵਿਧਾਇਕਾਂ ਦਾ ਨਾਂਅ ਲਿਸਟ ’ਚ ਸ਼ਾਮਿਲ ਨਾ ਹੋਣ ਕਾਰਨ ਪੰਜਾਬ ’ਚ ਵੱਡੀ ਸਿਆਸੀ ਉਥਲ-ਪੁਥਲ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ‘ਆਪ’ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ 3 ਵਿਧਾਇਕਾਂ ਨੇ 3 ਦਿਨ ਦੇ ਅੰਦਰ ਹੀ ਪਾਰਟੀ ਛੱਡ ਦਿੱਤੀ ਸੀ। ਇਨ੍ਹਾਂ ’ਚ ਪਟਿਆਲਾ ਜ਼ਿਲ੍ਹੇ ਦੀ ਸਮਾਣਾ ਸੀਟ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਸਨੌਰ ਵਿਧਾਨ ਸਭਾ ਤੋਂ ਹਰਮੀਤ ਸਿੰਘ ਪਠਾਣਮਾਜਰਾ ਅਤੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਸ਼ਾਮਿਲ ਸਨ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਰੇ ਉਮੀਦਵਾਰਾਂ ਨੂੰ ਵਧਾਈ 
ਪੀ.ਏ.ਸੀ. ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ । ਉਨ੍ਹਾਂ ‘ਐਕਸ’ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ । ਪਾਰਟੀ ਵਲੋਂ ਐਲਾਨੇ ਗਏ ਸਾਰੇ ਉਮੀਦਵਾਰਾਂ ਨੂੰ ਹਾਰਦਿਕ ਵਧਾਈ । ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਆਪਣੇ-ਆਪਣੇ ਹਲਕਿਆਂ ਵਿਚ ਜਨਤਾ ਦੀ ਸੱਚੀ ਆਵਾਜ਼ ਬਣੋਗੇ ਤੇ ‘ਰੰਗਲਾ ਪੰਜਾਬ’ ਬਣਾਉਣ ਦੇ ਸਾਡੇ ਮਿਸ਼ਨ ਨੂੰ ਹੋਰ ਮਜ਼ਬੂਤ ਕਰੋਗੇ । ਆਮ ਆਦਮੀ ਪਾਰਟੀ ਜਨਤਾ ਦੀ ਆਪਣੀ ਪਾਰਟੀ ਹੈ ਤੇ ਲੋਕਾਂ ਦਾ ਪਿਆਰ ਤੇ ਭਰੋਸਾ ਹੀ ਸਾਡੀ ਅਸਲ ਤਾਕਤ ਹੈ। ਆਓ, ਅਸੀਂ ਸਾਰੇ ਮਿਲ ਕੇ ਇਕ ਨਵਾਂ ਇਤਿਹਾਸ ਰਚੀਏ।
ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ-ਸਿਸੋਦੀਆ 
‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ‘ਐਕਸ’ ’ਤੇ ਪੋਸਟ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਅੱਜ ਐਲਾਨੇ ਗਏ ਸਾਰੇ 31 ਉਮੀਦਵਾਰਾਂ ਨੂੰ ਹਾਰਦਿਕ ਵਧਾਈ ਤੇ ਸ਼ੁਭਕਾਮਨਾਵਾਂ। ਅਰਵਿੰਦ ਕੇਜਰੀਵਾਲ ਦੀ ਅਗਵਾਈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਹ ਚੋਣ ਸਿਰਫ਼ ਸੱਤਾ ਦੀ ਨਹੀਂ, ਸਗੋਂ ਪੰਜਾਬ ਦੇ ਭਵਿੱਖ, ਜਨਤਾ ਦੀਆਂ ਉਮੀਦਾਂ, ਨੌਜਵਾਨਾਂ ਦੇ ਰੁਜ਼ਗਾਰ, ਕਿਸਾਨਾਂ ਦੇ ਸਨਮਾਨ ਅਤੇ ਸੂਬੇ ਦੇ ਵਿਕਾਸ ਨਾਲ ਜੁੜੇ ਸਵਾਲਾਂ ਦੀ ਚੋਣ ਹੈ । ਪੰਜਾਬ ਦੀ ਜਨਤਾ ਦੇ ਭਰੋਸੇ ’ਤੇ ਖਰਾ ਉਤਰਨਾ ਤੇ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

Ad Position 22
No active advertisement
ਅਗਲੀ ਖ਼ਬਰ 20 ਲੱਖ ਮੀਟ੍ਰਿਕ ਟਨ ਵਾਧੂ ਝੋਨੇ ਦੀ ਖ਼ਰੀਦ ਦਾ ਸਵਾਲ, ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ
Ad Position 24