ਰਾਜਪੁਰਾ, 12 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਅਨਾਜ ਮੰਡੀ ਵਿਚ ਐਤਕੀਂ ਝੋਨੇ ਦੀ ਬੰਪਰ ਫਸਲ ਦੀ ਆਮਦ ਦਰਜ ਕੀਤੀ ਗਈ ਹੈ, ਪਰ ਮੰਡੀ ਵਿਚ ਖਰੀਦ ਦੇ ਰਿਕਾਰਡ ਟੁੱਟ ਗਏ ਹਨ । ਹੁਣ ਤੱਕ ਮੰਡੀ ਦੇ ਫੜ੍ਹਾਂ ’ਤੇ ਖੁੱਲ੍ਹੇ ਆਸਮਾਨ ਹੇਠ 1,16,500 ਕਵਿੰਟਲ ਦੇ ਕਰੀਬ ਝੋਨਾ ਆਪਣੀ ਲਿਫਟਿੰਗ ਦੀ ਉਡੀਕ ਕਰ ਰਿਹਾ ਹੈ । ਮੰਡੀ ਵਿਚ ਫਸਲ ਦੀ ਕਛੂਆ ਚਾਲ ਚੁਕਾਈ ਤੇ ਮੱਠੀ ਰਫਤਾਰ ਨੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ । ਜਾਣਕਾਰੀ ਮੁਤਾਬਕ ਰਾਜਪੁਰਾ ਅਨਾਜ ਮੰਡੀ ਏਸ਼ੀਆਂ ਦੀਆਂ ਸਭ ਤੋਂ ਵੱਡੀ ਮੰਡੀਆਂ ਵਿਚ ਸ਼ਾਮਿਲ ਹੈ । ਇਸ ਲਈ ਇਸ ਮੰਡੀ ਵਿਚ ਸਭ ਤੋਂ ਪਹਿਲਾਂ ਫਸਲਾਂ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ, ਭਾਵੇਂ ਕਿ ਐਤਕੀਂ ਮੰਡੀ ਵਿਚ ਹੁਣ ਤੱਕ 16,11000 ਕਵਿੰਟਲ ਝੋਨੇ ਦੀ ਖਰੀਦ ਕੀਤੀ ਗਈ ਹੈ, ਪਰ 1,16,500 ਕੁਵਿੰਟਲ ਝੋਨਾ ਆਪਣੀ ਲਿਫਟਿੰਗ ਦੀ ਉਡੀਕ ਕਰ ਰਿਹਾ ਹੈ । ਇਹ ਗੱਲ ਕਿਤੇ ਨਾ ਕਿੱਤੇ ਟਰਾਂਸਪੋਰਟ ਪ੍ਰਬੰਧ ਦੇ ਫਲਾਪ ਹੋਣ ਦੀ ਨਿਸ਼ਾਨਦੇਹੀ ਵੀ ਕਰਦੀ ਹੈ । ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਕਿਤੇ ਬਾਰਿਸ਼ ਪੈ ਗਈ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਡੀ ਦੇ ਲੇਖਾਕਾਰ ਜੁਝਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀ ਆਉਣ ਦਿਤੀ ਜਾਵੇਗੀ।