23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਾਕਿ ਸਮਾਜਿਕ ਕਾਰਕੁਨ ਨੇ ਹਾਫ਼ਿਜ਼ ਸਈਦ ਤੇ ਉਸ ਦੇ ਪੁੱਤਰ ਤਲਹਾ ਨੂੰ ਦੱਸਿਆ ‘ਠੱਗ ਮੁੱਲ੍ਹੇ ਜਿਹਾਦੀ’

ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਮਾਜਿਕ ਕਾਰਕੁਨ ਅਤੇ ਯੂ-ਟਿਊਬਰ ਨੂਰ ਉਲ ਐਨ ਉਰਫ਼ ਮਿਰਜ਼ਾ ਨੂਰੀ ਨੇ ਮੁੰਬਈ ਹਮਲਿਆਂ ਦੇ ਸਾਜਿਸ਼ਘਾੜੇ ਅਤੇ ਅੱਤਵਾਦੀ ਸਮੂਹ ਜਮਾਤ-ਉਦ-ਦਾਵਾ (ਜੇ. ਯੂ. ਡੀ.) ਦੇ ਸੰਸਥਾਪਕ ਮੌਲਾਨਾ ਹਾਫ਼ਿਜ਼ ਮੁਹੰਮਦ ਸਈਦ ਅਤੇ ਉਸ ਦੇ ਪੁੱਤਰ ਹਾਫ਼ਿਜ਼ ...

Ad Position 21
No active advertisement
ਅਜੀਤ ਡੈਸਕ 23-08-2026
ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਮਾਜਿਕ ਕਾਰਕੁਨ ਅਤੇ ਯੂ-ਟਿਊਬਰ ਨੂਰ ਉਲ ਐਨ ਉਰਫ਼ ਮਿਰਜ਼ਾ ਨੂਰੀ ਨੇ ਮੁੰਬਈ ਹਮਲਿਆਂ ਦੇ ਸਾਜਿਸ਼ਘਾੜੇ ਅਤੇ ਅੱਤਵਾਦੀ ਸਮੂਹ ਜਮਾਤ-ਉਦ-ਦਾਵਾ (ਜੇ. ਯੂ. ਡੀ.) ਦੇ ਸੰਸਥਾਪਕ ਮੌਲਾਨਾ ਹਾਫ਼ਿਜ਼ ਮੁਹੰਮਦ ਸਈਦ ਅਤੇ ਉਸ ਦੇ ਪੁੱਤਰ ਹਾਫ਼ਿਜ਼ ਤਲਹਾ ਸਈਦ (51) ਨੂੰ ‘ਠੱਗ ਮੁੱਲ੍ਹੇ ਜਿਹਾਦੀ’ ਦੱਸਦਿਆਂ ਉਨ੍ਹਾਂ ’ਤੇ ਨਿੱਜੀ ਫ਼ਾਇਦੇ ਲਈ ਅਰਬਾਂ ਰੁਪਏ ਦੇ ਫ਼ੰਡ ਇਕੱਠੇ ਕਰਨ ਦਾ ਦੋਸ਼ ਲਗਾਇਆ ਹੈ। ਮਿਰਜ਼ਾ ਨੂਰੀ ਨੇ ਕਿਹਾ ਕਿ ਇਸ ਕਥਿਤ ਜਿਹਾਦੀ ਪਿਓ-ਪੁੱਤ ਨੇ ਦੇਸ਼-ਵਿਦੇਸ਼ ‘ਚ ਰਹਿੰਦੇ ਪਾਕਿਸਤਾਨੀਆਂ ਨੂੰ ਆਜ਼ਾਦ ਕਸ਼ਮੀਰ ਦਾ ਸੁਪਨਾ ਵਿਖਾ ਕੇ ਅਰਬਾਂ ਰੁਪਏ ਇਕੱਠੇ ਕਰਕੇ ਆਪਣੀਆਂ ਨਿੱਜੀ ਜਾਇਦਾਦਾਂ ਬਣਾਈਆਂ ਹਨ। ਉਸ ਨੇ ਕਿਹਾ ਕਿ ਹਾਫ਼ਿਜ਼ ਸਈਦ ਅਤੇ ਤਲਹਾ ਸਈਦ ਪਾਕਿਸਤਾਨੀ ਜਰਨੈਲਾਂ ਦੀ ਸਰਪ੍ਰਸਤੀ ਹੇਠ ਆਪਣੀ ‘ਜਿਹਾਦੀ ਫ਼ੈਕਟਰੀ’ ‘ਚੋਂ ਹਜ਼ਾਰਾਂ ਪਾਕਿਸਤਾਨੀ ਨੌਜਵਾਨਾਂ ਨੂੰ ਗੁਮਰਾਹ ਕਰਕੇ ਅਤੇ ਹਥਿਆਰਾਂ ਦੀ ਸਿਖਲਾਈ ਦੇ ਕੇ ਭਾਰਤੀ ਕਸ਼ਮੀਰ ‘ਚ ਘੁਸਪੈਠ ਕਰਵਾ ਚੁੱਕੇ ਹਨ, ਜਿਨ੍ਹਾਂ ‘ਚੋਂ ਸੈਂਕੜੇ ਭਾਰਤੀ ਸੁਰੱਖਿਆ ਬਲਾਂ ਵਲੋਂ ਕੀਤੀ ਗੋਲੀਬਾਰੀ ’ਚ ਮਾਰੇ ਗਏ, ਜਦਕਿ ਬਾਕੀ ‘ਜਿਹਾਦੀ’ ਭਾਰਤੀ ਜੇਲ੍ਹਾਂ ‘ਚ ਬੰਦ ਹਨ। ਮਿਰਜ਼ਾ ਨੂਰੀ ਨੇ ਇਹ ਵੀ ਕਿਹਾ ਕਿ ਭਾਰਤੀ ਕਸ਼ਮੀਰ ਨੂੰ ਮਕਬੂਜ਼ਾ ਕਸ਼ਮੀਰ ਦੱਸਦੇ ਆ ਰਹੇ ਉਕਤ ਪਿਓ-ਪੁੱਤਰ ਨੇ ਪਾਕਿਸਤਾਨੀ ਜਰਨੈਲਾਂ ਨਾਲ ਮਿਲ ਕੇ ਪਾਕਿਸਤਾਨੀ ਕਸ਼ਮੀਰ ਨੂੰ ਵੀ ਮਕਬੂਜ਼ਾ ਕਸ਼ਮੀਰ ਬਣਾ ਦਿੱਤਾ ਹੈ, ਜਿਸ ‘ਤੇ ਹੁਣ ਪੂਰੀ ਤਰ੍ਹਾਂ ਨਾਲ ਫ਼ੌਜ ਦਾ ਕਬਜ਼ਾ ਹੈ। ਉਥੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਕਸ਼ਮੀਰੀਆਂ ਨੂੰ ਰੋਜ਼ਾਨਾ ਫ਼ੌਜ ਵਲੋਂ ਅਗਵਾ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਕਸ਼ਮੀਰ ਦੇ ਕਥਿਤ ਖ਼ੈਰਖਵਾਹ ਹਾਫ਼ਿਜ਼ ਸਈਦ ਅਤੇ ਤਲਹਾ ਸਈਦ ਵਲੋਂ ਕਸ਼ਮੀਰੀਆਂ ਦੇ ਹੱਕ ਬਾਰੇ ਅਜੇ ਤੱਕ ਇਕ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਦੂਜੇ ਪਾਸੇ, ਅੱਤਵਾਦੀ ਸਮੂਹ ਜਮਾਤ-ਉਦ-ਦਾਵਾ ਵਲੋਂ ਬਿਆਨ ਜਾਰੀ ਕਰਕੇ ਨੂਰ ਉਲ ਐਨ ਉਰਫ਼ ਮਿਰਜ਼ਾ ਨੂਰੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਵੀਡੀਓ ਬਿਆਨਾਂ ’ਚ ਇਹ ਵੀ ਧਮਕੀ ਦਿੱਤੀ ਜਾ ਰਹੀ ਹੈ ਕਿ ਮਿਰਜ਼ਾ ਨੂਰੀ ਸਾਊਦੀ ਅਰਬ ’ਚ ਹੋਵੇ ਜਾਂ ਮਲੇਸ਼ੀਆ ’ਚ ਉਸ ਨੂੰ ਹਰ ਹਾਲ ’ਚ ਨਿਸ਼ਾਨਾ ਬਣਾਇਆ ਜਾਵੇਗਾ। ‘ਅਜੀਤ’ ਵਲੋਂ ਇਸ ਬਾਰੇ ’ਚ ਪਾਕਿਸਤਾਨੀ ਮੀਡੀਆ ਦੀ ਮਾਰਫ਼ਤ ਤਲਹਾ ਸਈਦ ਨਾਲ ਗੱਲਬਾਤ ਕਰਨ ’ਤੇ ਉਸ ਨੇ ਦਾਅਵਾ ਕੀਤਾ ਕਿ ਹਾਫ਼ਿਜ਼ ਸਈਦ ਨੇ ਸਾਲ 1973 ਤੋਂ 1989 ਤਕ ਲਾਹੌਰ ਦੀ ਯੂ. ਈ. ਟੀ. (ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ) ’ਚ ਬਤੌਰ ਪ੍ਰੋਫੈਸਰ ਸੇਵਾਵਾਂ ਦਿੱਤੀਆਂ ਅਤੇ ਉਹ ਖ਼ੁਦ ਵੀ ਪੇਸ਼ੇ ਵਜੋਂ ਅਧਿਆਪਕ ਹੈ। ਮੌਜੂਦਾ ਸਮੇਂ ਉਸ ਦੀ ਰਿਹਾਇਸ਼ ਲਾਹੌਰ ਦੀ ਜੌਹਰ ਟਾਊਨ ਆਬਾਦੀ ਦੀ ਬੀ. ਓ. ਆਰ. ਸੁਸਾਇਟੀ ’ਚ ਹੈ। ਉਸ ਨੇ ਕਿਹਾ ਕਿ ਉਹ ਅਤੇ ਉਸ ਦੇ ਪਿਤਾ ਆਪਣੀਆਂ ਤਨਖਾਹਾਂ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਰਹੇ ਹਨ। ਹਾਲਾਂਕਿ, ਉਸ ਦੀ ਅਰਬਾਂ ਰੁਪਈਆਂ ਦੀ ਜਾਇਦਾਦ ਬਾਰੇ ਪੁੱਛੇ ਜਾਣ ’ਤੇ ਉਸ ਨੇ ਇਹ ਕਹਿ ਕੇ ਹੋਰ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਸਾਰੀ ਜਾਇਦਾਦ ‘ਜਮਾਤ’ ਲਈ ਬਣਾਈ ਗਈ ਹੈ।
ਰੋਪੜ ਦੇ ਪਿੰਡ ਅਹਿਮਦਪੁਰ ਦਾ ਰਹਿਣ ਵਾਲਾ ਹਾਫ਼ਿਜ਼ ਸਈਦ ਦਾ ਪਰਿਵਾਰ
 ਅੱਤਵਾਦੀ ਹਾਫ਼ਿਜ਼ ਸਈਦ ਦਾ ਦਾਦਾ ਹਾਫ਼ਿਜ਼ ਅਬਦੁੱਲਾ ਅਤੇ ਨਾਨਾ ਮੌਲਾਨਾ ਨੂਰ ਮੁਹੰਮਦ ਦੇਸ਼ ਦੀ ਵੰਡ ਤੋਂ ਪਹਿਲਾਂ ਭਾਰਤੀ ਪੰਜਾਬ ਦੇ ਰੋਪੜ ਸ਼ਹਿਰ ਦੇ ਪਿੰਡ ਅਹਿਮਦਪੁਰ ’ਚ ਰਹਿੰਦੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਸਰਗੋਧਾ ਦੇ ਪਿੰਡ 126 ਜਨੂਬੀ ’ਚ ਰਹਿਣਾ ਸ਼ੁਰੂ ਕੀਤਾ। ਜਵਾਨ ਹੋਣ ’ਤੇ ਹਾਫ਼ਿਜ਼ ਸਈਦ ਬਹਾਵਲਪੁਰ ਚਲਾ ਗਿਆ ਅਤੇ ਲੰਬਾ ਸਮਾਂ ਆਪਣੇ ਸਾਲੇ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਦੇ ਘਰ ਰਿਹਾ। 75 ਸਾਲਾਂ ਹਾਫ਼ਿਜ਼ ਸਈਦ ਦੇ ਤਿੰਨ ਵਿਆਹਾਂ ’ਚੋਂ ਉਸ ਦੀ ਤੀਜੀ ਪਤਨੀ ਤੋਂ ਸਭ ਤੋਂ ਛੋਟਾ ਬੇਟਾ ਅਬਦੁੱਲਾ ਹਾਫ਼ਿਜ਼ ਸਿਰਫ਼ 8 ਸਾਲ ਦਾ ਹੈ, ਜੋ ਲਾਹੌਰ ਦੇ ਜੌਹਰ ਟਾਊਨ ਸਥਿਤ ਅੰਗਰੇਜ਼ੀ ਮਾਧਿਅਮ ਸਕੂਲ ’ਚ ਪੜ੍ਹਾਈ ਕਰ ਰਿਹਾ ਹੈ। ਵੱਡੇ ਪੁੱਤਰ ਤਲਹਾ ਸਈਦ ਕੋਲ ਇਸ ਵੇਲੇ ਨਿੱਜੀ ਅੰਗ-ਰੱਖਿਅਕਾਂ ਸਮੇਤ 65 ਸੁਰੱਖਿਆ ਕਰਮਚਾਰੀ ਹਨ। ਉਸ ਨੇ ਦਾਅਵਾ ਕੀਤਾ ਕਿ ਭਾਰਤੀ ਖ਼ੁਫ਼ੀਆ ਏਜੰਸੀ ਕਦੇ ਵੀ ਉਸ ਨੂੰ ਨਿਸ਼ਾਨਾ ਬਣਾ ਸਕਦੀ ਹੈ, ਇਸ ਲਈ ਉਹ ਸੁਰੱਖਿਆ ਹੋਰ ਵਧਾ ਰਿਹਾ ਹੈ। 
Ad Position 22
No active advertisement
ਪਿਛਲੀ ਖ਼ਬਰ 'ਕਤੀਲ' ਸ਼ਿਫ਼ਾਈ (24 ਦਸੰਬਰ 1919 ਤੋਂ 11 ਜੁਲਾਈ 2001 ਤੱਕ) ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •
Ad Position 24