27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਿੰਨੀ ਕਹਾਣੀਆਂ

Ad Position 21
No active advertisement
ਅਜੀਤ ਡੈਸਕ 21-09-2025

ਹੜ੍ਹ
ਮਨਦੀਪ ਕਹਿੰਦਾ, 'ਤਾਇਆ ਚਲ, ਚੱਲੀਏ ਉੱਪਰਲੇ ਖੇਤ ਵੇਖ ਕੇ ਆਈਏ। ਹੜ੍ਹ ਦਾ ਪਾਣੀ ਉੱਥੇ ਕੁਝ ਸਾਫ਼ ਸੀ ਤੇ ਹੁਣ ਥੋੜ੍ਹਾ ਘੱਟ ਵੀ ਗਿਆ ਹੈ। ਆਪਾਂ ਹਜੇ ਝੋਨੇ ਵਿਚ ਖਾਦ ਵੀ ਨਹੀਂ ਪਾਈ ਸੀ, ਕੀ ਪਤਾ ਉੱਪਰਲੇ ਤਿੰਨ ਕਿੱਲੇ ਬਚ ਹੀ ਜਾਣ।'
ਮਨਦੀਪ ਦੀ ਇਹ ਗੱਲ ਸੁਣ ਕੇ ਤਾਏ ਬਹਾਦਰ ਸਿੰਘ ਦੇ ਮਨ 'ਚ ਇਕ ਆਸ ਗੋਤੇ ਖਾਣ ਲਗਦੀ ਹੈ ਤੇ ਉਸ ਦੀ ਉਤਸੁਕਤਾ ਹੋਰ ਵੀ ਵੱਧ ਜਾਂਦੀ ਹੈ। ਜਦੋਂ ਉਹ ਖੇਤ ਦੇ ਨੇੜੇ ਪਹੁੰਚੇ, ਤਾਂ ਦੂਰੋਂ ਹੀ ਝੋਨੇ ਦੀਆਂ ਉੱਪਰੋਂ ਦਿੱਖ ਰਹੀਆਂ ਹਰੀਆਂ ਕਰੂੰਬਲਾਂ ਵੇਖ ਕੇ ਉਸ ਦੇ ਅੰਦਰ ਕਾਹਲੀ ਪੈ ਗਈ ਅਤੇ ਉਹ ਝੱਟ ਖੇਤ ਵਿਚ ਵੜ ਗਿਆ।
ਝੋਨੇ ਦੇ ਬੂਟੇ ਨੂੰ ਹੱਥ ਪਾਉਂਦਿਆਂ ਹੀ ਉਸ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਉਸ ਦੇ ਮਨ ਵਿਚ ਧੀ ਦੇ ਵਿਆਹ, ਪੁੱਤ ਦੇ ਕੈਨੇਡਾ ਜਾਣ ਦੇ ਸੁਪਨੇ ਅਤੇ ਟਰੈਕਟਰ ਦੇ ਚੁੱਕੇ ਕਰਜ਼ੇ ਦੀ ਫ਼ਿਲਮ ਇਕ ਪਲ ਵਿਚ ਅੱਖਾਂ ਅੱਗੇ ਘੁੰਮ ਗਈ।
...ਅਤੇ ਅਚਾਨਕ ਕਦੋਂ ਹਲਕੇ ਜਿਹੇ ਝਟਕੇ ਨਾਲ ਹੜ੍ਹ ਦੇ ਪਾਣੀ ਵਿਚ ਗਲਿਆਂ ਝੋਨੇ ਦਾ ਬੂਟਾ ਉਸ ਦੇ ਹੱਥ ਵਿਚ ਆ ਗਿਆ, ਉਹ ਉਸ ਨੂੰ ਪਤਾ ਹੀ ਨਹੀਂ ਲੱਗਿਆ। ਗਲਿਆ ਬੂਟਾ ਵੇਖ ਕੇ ਤਾਇਆ ਪਾਣੀ ਵਿਚ ਗੋਡਿਆਂ ਭਾਰ ਬਹਿ ਗਿਆ।
ਬਾਹਰ ਵੱਟ 'ਤੇ ਖੜ੍ਹਾ ਭਤੀਜਾ ਚਿੰਤਤ ਹੋ ਕੇ ਪੁੱਛਦਾ ਹੈ-'ਕੀ ਹੋਇਆ ਤਾਇਆ?'
ਅੱਗੋਂ ਬਹਾਦਰ ਸਿੰਘ ਮਰੀ-ਜਿਹੀ ਆਵਾਜ਼ 'ਚ ਕਹਿੰਦਾ ਹੈ-'ਉਹੀ ਹੋਇਆ ਜਿਹਦਾ ਡਰ ਸੀ।'

-ਸਟਾਫ਼ ਰਿਪੋਰਟਰ, ਉਪ-ਦਫ਼ਤਰ, ਪਟਿਆਲਾ
ਮੋਬਾਈਲ : 99880-97647

Ad Position 22
No active advertisement
ਪਿਛਲੀ ਖ਼ਬਰ ਕਰਾਰੀ ਚਪੇੜ ਅਗਲੀ ਖ਼ਬਰ ਖਾਲੀ ਥਾਲੀਆਂ ਦੀ ਗੂੰਜ
Ad Position 24