18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜਥੇਦਾਰ ਜੀਵਨ ਸਿੰੰਘ ਉਮਰਾ ਨੰਗਲ ਨੂੰ ਯਾਦ ਕਰਦਿਆਂ...

Ad Position 21
No active advertisement
ਅਜੀਤ ਡੈਸਕ 07-11-2025

ਪੰਜਾਬ ਜਦੋਂ ਕਾਲੇ ਦੌਰ ਵਿਚੋਂ ਗੁਜ਼ਰ ਰਿਹਾ ਸੀ ਅਤੇ ਦਹਿਸ਼ਤ ਦਾ ਪੂਰਾ ਜ਼ੋਰ ਸੀ, ਤਾਂ ਉਸ ਸਮੇਂ ਬਜ਼ੁਰਗ ਅਕਾਲੀ ਨੇਤਾ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਹੀ ਅਜਿਹੇ ਆਗੂ ਸਨ, ਜਿਨ੍ਹਾਂ ਨੇ ਉਸ ਸਮੇਂ ਦੇਸ਼ ਦੀ ਏਕਤਾ- ਅਖੰਡਤਾ ਦੀ ਰਾਖੀ ਲਈ ਦ੍ਰਿੜ੍ਹਤਾ ਨਾਲ ਸੰਘਰਸ਼ ਕੀਤਾ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ਦੇ ਵਿਕਾਸਸ਼ੀਲ ਕਿਸਾਨ ਪਰਿਵਾਰ ਵਿਚ ਜਥੇਦਾਰ ਉਮਰਾ ਨੰਗਲ ਦਾ ਜਨਮ 1 ਅਕਤੂਬਰ, 1914 ਨੂੰ ਪਿਤਾ ਸ. ਬਸੰਤ ਸਿੰਘ ਦੇ ਗ੍ਰਹਿ ਵਿਖੇ ਹੋਇਆ। ਉਹ 1938 ਨੂੰ ਪਿੰਡ ਉਮਰਾ ਨੰਗਲ (ਨਜ਼ਦੀਕ ਬਾਬਾ ਬਕਾਲਾ ਸਾਹਿਬ) ਵਿਖੇ ਆਣ ਵਸੇ। ਇਥੇ ਪਿੰਡ ਦੇ ਨੰਬਰਦਾਰ ਅਤੇ ਫਿਰ ਸਰਪੰਚ ਬਣੇ। ਅਕਾਲੀ ਦਲ ਦੇ ਸੀਨੀਅਰ ਨੇਤਾ ਸਵਰਗੀ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਨਾ ਸਦਕਾ ਜਥੇਦਾਰ ਉਮਰਾ ਨੰਗਲ 1950 ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ ਅਤੇ 1955 ਵਿਚ ਉਨ੍ਹਾਂ ਨੂੰ ਪਾਰਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਟਿਕਟ ਦਿੱਤੀ ਗਈ ਅਤੇ ਉਹ ਚੋਣਾਂ ਜਿੱਤ ਗਏ। ਇਸ ਤੋਂ ਬਾਅਦ 1960, 1965 ਅਤੇ 1979 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਿੱਤ ਕੇ ਕਾਰਜਕਾਰੀ ਮੈਂਬਰ, ਫਿਰ ਜਨਰਲ ਸਕੱਤਰ ਅਤੇ ਫਿਰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ 'ਤੇ ਬਿਰਾਜਮਾਨ ਰਹੇ। ਜਥੇਦਾਰ ਉਮਰਾ ਨੰਗਲ ਲਗਭਗ ਸਾਰੇ ਅਕਾਲੀ ਮੋਰਚਿਆਂ ਅਤੇ ਐਮਰਜੈਂਸੀ ਦੌਰਾਨ ਕਈ ਵਾਰ ਜੇਲ੍ਹ ਵੀ ਗਏ। ਉਹ 1960 ਵਿਚ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਣੇ ਅਤੇ ਜਸਟਿਸ ਗੁਰਨਾਮ ਸਿੰਘ ਦੇ ਮੰਤਰੀ ਮੰਡਲ ਵਿਚ ਬਤੌਰ ਮਾਲ ਮੰਤਰੀ ਬਣੇ। 1977 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਬਿਆਸ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਜਥੇਦਾਰ ਉਮਰਾ ਨੰਗਲ, ਉਸ ਵੇਲੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੰਤਰੀ ਮੰਡਲ ਵਿਚ ਮਾਲ ਅਤੇ ਮੁੜ ਵਸੇਬਾ ਮੰਤਰੀ ਬਣੇ। 1980 ਵਿਚ ਇਸੇ ਹਲਕੇ ਤੋਂ ਸ. ਗੁਰਦਿਆਲ ਸਿੰਘ ਢਿੱਲੋਂ (ਸਪੀਕਰ ਲੋਕ ਸਭਾ) ਨੂੰ ਹਰਾ ਕੇ ਵਿਧਾਇਕ ਚੁਣੇ ਗਏ। ਪੰਜਾਬ ਵਿਚ ਜਦੋਂ ਮਾਹੌਲ ਖ਼ਰਾਬ ਹੋਇਆ ਤਾਂ ਉਹ ਸ਼ਾਂਤੀ ਤੇ ਸਦਭਾਵਨਾ ਲਈ ਖੜ੍ਹੇ ਹੋਏ। ਦੇਸ਼ ਵਿੱਚ ਅਮਨ-ਸ਼ਾਂਤੀ ਲਈ ਕਈ ਪੈਦਲ ਯਾਤਰਾਵਾਂ ਕੀਤੀਆਂ, ਜੋ ਅੰਤਿਮ ਸਾਹਾਂ ਤੱਕ ਜਾਰੀ ਰੱਖੀਆਂ। ਅੱਤਵਾਦ ਦਾ ਵਿਰੋਧ ਕਰਨ ਕਾਰਨ ਉਨ੍ਹਾਂ 'ਤੇ ਕਈ ਹਮਲੇ ਵੀ ਹੋਏ ਪਰ ਉਹ ਖ਼ੁਸ਼ਕਿਸਮਤੀ ਨਾਲ ਵਾਲ-ਵਾਲ ਬਚ ਗਏ। ਅਖੀਰ ਉਨ੍ਹਾਂ ਦੇ ਬੇਟੇ ਸੁਖਦੇਵ ਸਿੰਘ ਉਮਰਾ ਨੰਗਲ ਨੂੰ 8 ਮਈ 1987 ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਗਿਆ। ਆਪਣੇ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਵੀ ਉਹ ਲੜਖੜਾਏ ਨਹੀਂ। ਜਥੇਦਾਰ ਉਮਰਾ ਨੰਗਲ ਦੇ ਕੌਮੀ ਏਕਤਾ, ਫਿਰਕੂ ਸਦਭਾਵਨਾ ਅਤੇ ਸ਼ਾਂਤੀ ਲਈ ਕੀਤੇ ਯਤਨਾਂ ਕਰਕੇ ਭਾਰਤ ਸਰਕਾਰ ਨੇ 1991 ਵਿਚ ਉਨ੍ਹਾਂ ਨੂੰ 'ਪਦਮ ਭੂਸ਼ਣ' ਅਤੇ 1996 ਵਿੱਚ 'ਨੈਸ਼ਨਲ ਐਮਿਟੀ ਐਵਾਰਡ' ਨਾਲ ਸਨਮਾਨਿਤ ਕੀਤਾ। ਜਥੇਦਾਰ ਉਮਰਾ ਨੰਗਲ 7 ਨਵੰਬਰ, 1998 ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ । ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਸਾਬਕਾ ਮਾਲ ਮੰਤਰੀ ਪੰਜਾਬ ਦੀ ਸਾਲਾਨਾ ਬਰਸੀ ਅਤੇ ਮਾਤਾ ਸੰਪੂਰਨ ਕੌਰ, ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਅਤੇ ਜਸਵੰਤ ਸਿੰਘ ਉਮਰਾ ਨੰਗਲ, ਇੰਦਰਰਾਜ ਸਿੰਘ ਉਮਰਾ ਨੰਗਲ ਜੋ ਕਿ ਬੀਤੇੇ ਸਮੇਂ ਦੌਰਾਨ ਵੱਖ-ਵੱਖ ਸਮੇਂ 'ਤੇ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿਚ ਉਮਰਾ ਨੰਗਲ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 7 ਨਵੰਬਰ, ਸ਼ੁੱਕਰਵਾਰ ਨੂੰ ਪਿੰਡ ਉਮਰਾ ਨੰਗਲ ਸ਼ੈਲਰ 'ਤੇ (ਨਜ਼ਦੀਕ ਬਾਬਾ ਬਕਾਲਾ ਸਾਹਿਬ) ਵਿਖੇ ਪੈਣਗੇ । ਇਹ ਜਾਣਕਾਰੀ ਦਿੰਦਿਆਂ ਜਥੇਦਾਰ ਉਮਰਾ ਨੰਗਲ ਦੇ ਸਪੁੱਤਰ ਸ. ਅਵਤਾਰ ਸਿੰਘ ਉਮਰਾ ਨੰਗਲ ਸਾ. ਚੀਫ਼ ਇੰਜੀਨੀਅਰ ਅਤੇ ਪੋਤਰੇ ਸ. ਪਰਮਰਾਜ ਸਿੰਘ ਉਮਰਾ ਨੰਗਲ ਆਈ.ਜੀ. ਪੰਜਾਬ ਪੁਲਿਸ ਨੇ ਦੱਸਿਆ ਹੈ ਕਿ ਸਵੇਰੇ ਭੋਗ ਉਪਰੰਤ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ। ਉਪਰੰਤ ਵੱਖ-ਵੱਖ ਸਿਆਸੀ ਆਗੂ ਸ਼ਰਧਾਂਜਲੀਆਂ ਭੇਟ ਕਰਨਗੇ।

-ਪ੍ਰਤੀਨਿਧ ਬਾਬਾ ਬਕਾਲਾ ਸਾਹਿਬ,
ਮੋਬਾ: 98157-69164

Ad Position 22
No active advertisement
ਪਿਛਲੀ ਖ਼ਬਰ ਪਟਨਾ ਸਾਹਿਬ ਨੂੰ ਜਾਣ ਵਾਲੀਆਂ ਟ੍ਰੇਨਾਂ 'ਚ ਵਾਧਾ ਕਰਨ ਲਈ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪਿਆ <br/> ਅਗਲੀ ਖ਼ਬਰ ਸਕੂਲਾਂ 'ਚ ਅਕਾਦਮਿਕ ਮਾਹੌਲ ਲਈ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਜ਼ਰੂਰੀ
Ad Position 24