17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਮੁੱਚੀ ਮਾਨਵਤਾ ਦੇ ਰਹਿਬਰ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Ad Position 21
No active advertisement
ਅਜੀਤ ਡੈਸਕ 23-10-2025

ਗੁਰਗੱਦੀ ਦਿਵਸ 'ਤੇ ਵਿਸ਼ੇਸ਼

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪਾਵਨ ਅਸਥਾਨ 'ਤੇ 4 ਅਕਤੂਬਰ, 1708 ਈ. (ਕਤਕ ਸੁਦੀ ਦੂਜ) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੁਗੋ-ਜੁਗ ਅਟੱਲ ਗੁਰਤਾਗੱਦੀ ਅਰਪਨ ਕੀਤੀ ਸੀ। ਪਹਿਲੀ ਪਾਤਿਸ਼ਾਹੀ ਤੋਂ ਚਲੀ ਆ ਰਹੀ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ, ਪਰਕਰਮਾ ਕੀਤੀਆਂ ਤੇ ਗੁਰਤਾਗੱਦੀ ਦਾ ਤਿਲਕ ਦਿੱਤਾ ਤੇ ਫਿਰ ਹੁਕਮ ਕੀਤਾ :
''ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥ।।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥
ਉਸ ਦਿਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜੁਗੋ ਜੁਗ ਅਟੱਲ 'ਗੁਰੂ' ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ, ਸੰਪਾਦਨਾ ਅਤੇ ਤਿਆਰ ਕਰਨ ਦੀ ਪ੍ਰਕ੍ਰਿਆ ਸੰਸਾਰ ਦੇ ਹੋਰ ਸਾਰੇ ਧਰਮ ਗ੍ਰੰਥਾਂ ਤੋਂ ਬਿਲਕੁਲ ਵਿਲੱਖਣ ਹੈ। ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਵਿਚ ਬਹੁਤ ਹੀ ਮਹੱਤਵਪੂਰਨ ਕਾਰਜ ਪੂਰੇ ਕੀਤੇ, ਜਿਨ੍ਹਾਂ ਵਿਚੋਂ ਮੁੱਖ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਪਹਿਲੀ ਵਾਰ ਭਾਦਰੋਂ ਸੁਦੀ ਏਕਮ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ। ਇਸ ਤੋਂ ਬਾਅਦ ਸੰਨ 1706 ਈ. ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰ ਕੇ ਇਸ ਨੂੰ ਸੰਪੂਰਨਤਾ ਬਖ਼ਸ਼ੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੱਥੇ ਮਾਨਵ ਭਾਈਚਾਰੇ, ਪ੍ਰਸਪਰ ਏਕਤਾ, ਵਿਸ਼ਵ ਸ਼ਾਂਤੀ ਤੇ ਮਾਨਵੀ ਹੱਕਾਂ ਦੀ ਖੁੱਲ੍ਹ ਕੇ ਗੱਲ ਕਰਦੀ ਹੈ, ਉਥੇ ਨਾਲ ਹੀ ਧਰਮ ਦੇ ਨਾਂਅ 'ਤੇ ਕੀਤੇ ਜਾ ਰਹੇ ਪਖੰਡਾਂ ਦਾ ਵੀ ਖੰਡਨ ਕਰਦੀ ਹੈ। ਇਹ ਅਲੌਕਿਕ ਬਾਣੀ ਸੰਸਾਰ ਦਾ ਨਾਤਾ ਪ੍ਰਭੂ ਨਾਲ ਜੋੜਦੀ ਹੈ ਤੇ ਉਸੇ ਆਧਾਰ 'ਤੇ ਇਕ ਪਰਮਾਤਮਾ ਤੇ ਇਕ ਮਾਨਵਤਾ ਦੀ ਗੱਲ ਕਰਦੀ ਹੈ। ਇਸ ਮਹਾਨ ਗ੍ਰੰਥ ਦੇ 1430 ਅੰਗ ਹਨ ਤੇ 31 ਰਾਗਾਂ ਵਿਚ ਬਾਣੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਛੇ ਸਿੱਖ ਗੁਰੂ ਸਾਹਿਬਾਨ ਅਤੇ ਤੀਹ ਸੰਤਾਂ, ਭਗਤਾਂ, ਸੂਫੀਆਂ ਤੇ ਭੱਟਾਂ ਦੀ ਬਾਣੀ ਸ਼ਾਮਿਲ ਕੀਤੀ ਗਈ ਹੈ। ਇਨ੍ਹਾਂ ਤੀਹ ਮਹਾਂਪੁਰਸ਼ਾਂ ਵਿਚ ਰਾਜੇ ਵੀ ਸਨ ਤੇ ਰੰਕ ਵੀ, ਹਿੰਦੂ, ਬ੍ਰਾਹਮਣ, ਖੱਤਰੀ ਸ਼ੂਦਰ, ਵੈਸ਼ ਵੀ ਤੇ ਮੁਸਲਮਾਨ ਫਕੀਰ, ਦਰਵੇਸ਼ ਵੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਰਫ਼ ਸਿੱਖਾਂ ਦੇ ਹੀ ਨਹੀਂ, ਸਗੋਂ ਸਾਰੀ ਮਨੁੱਖਤਾ ਦੇ ਸਰਬ ਸਾਂਝੇ ਰਹਿਨੁਮਾ ਹਨ। ਇਹ ਇਕ ਐਸਾ ਰੂਹਾਨੀ ਥਾਲ ਹੈ, ਜਿਸ ਵਿਚ ਸਤਿ, ਸੰਤੋਖ, ਅੰਮ੍ਰਿਤ ਰੂਪੀ ਨਾਮ ਦੀ ਵੀਚਾਰ ਅਤੇ ਜੀਵਨ ਪਦਵੀ ਪਾਉਣ ਦੀ ਜੁਗਤੀ ਹੈ। ਇਸ ਵਿਚ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਪਰਮਾਰਥਿਕ, ਵਿੱਦਿਅਕ ਅਤੇ ਹਰ ਇਨਸਾਨੀ ਮਸਲੇ ਦਾ ਹੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬ੍ਰਹਮ (ਅਕਾਲ ਪੁਰਖ) ਰੂਪ ਰਹਿਤ ਅਤੇ ਨਿਰਗੁਣ ਹੁੰਦਿਆਂ ਹੋਇਆਂ ਵੀ ਕਿਰਿਆਹੀਨ ਨਹੀਂ। ਉਹ ਆਪਣੀ ਰਚਨਾ ਦੇ ਕਣ-ਕਣ ਵਿਚ ਬਿਰਾਜਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮੱਧ ਕਾਲ ਦੇ ਸੰਤ ਕਾਵਿ ਦਾ ਇਕ ਅਮੁਲਾ ਖ਼ਜ਼ਾਨਾ ਹੈ, ਜਿਸ ਵਿਚ ਕਾਵਿ ਦੇ ਅਲੱਗ-ਅਲੱਗ ਸਰੂਪਾਂ ਜਿਵੇਂ ਸਵੱਈਆ, ਸਲੋਕ, ਪਉੜੀ, ਛੰਦ, ਅਸ਼ਟਪਦੀ, ਵਾਰਾਂ ਆਦਿ ਦੇ ਦਰਸ਼ਨ ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗ੍ਰਹਿਸਥ ਧਰਮ ਦੀ ਪਾਲਣਾ, ਕ੍ਰਿਤ ਕਮਾਈ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਜ਼ਾਹਰਾ ਉਪਦੇਸ਼ ਦਿੰਦੀ ਹੈ। ਮਾਨਵ ਸੇਵਾ ਲਈ ਵਖਤ ਕੱਢਣ ਅਤੇ ਹਉਮੈ, ਲੋਭ, ਮੋਹ, ਅਹੰਕਾਰ ਆਦਿ ਵਿਕਾਰਾਂ ਤੋਂ ਬਚਣ ਦੀ ਸਲਾਹ ਦਿੰਦੀ ਹੈ। ਅਸੀਂ ਇਹ ਨਿਸ਼ਚੇ ਨਾਲ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇਵਲ ਸਿੱਖਾਂ ਦੇ ਨਹੀਂ, ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਹਨ ਤੇ ਸਾਨੂੰ ਸਭ ਨੂੰ ਇਸ ਮਹਾਨ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੋਂ ਲਾਹਾ ਲੈ ਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ। ਇਸ ਸੰਬੰਧੀ ਗੁਰਪੁਰਬ ਦੂਜ ਅੱਜ 23 ਅਕਤੂਬਰ, 2025 ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ


-ਸਾਬਕਾ ਆਈ.ਏ.ਐਸ., ਮੁੱਖ ਪ੍ਰਬੰਧਕ, ਗੁਰਦੁਆਰਾ ਬੋਰਡ, ਤਖ਼ਤ ਸੱਚਖੰਡ ਸ੍ਰੀ ਹਜ਼ੂਰ, ਅਬਿਚਲਨਗਰ ਸਾਹਿਬ, ਨਾਂਦੇੜ।

Ad Position 22
No active advertisement
ਪਿਛਲੀ ਖ਼ਬਰ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ ਅਗਲੀ ਖ਼ਬਰ ਖ਼ਤਰਨਾਕ ਹੈ ਵਧਦਾ ਪ੍ਰਦੂਸ਼ਣ
Ad Position 24